Monday, September 16, 2024

ਮੁਹੱਬਤ

ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ,
ਕਿਸੇ ਦੇ ਮਨ `ਚ ਜੋ ਬੈਠਾ ਮੈਂ ਓਹੋ ਡਰ ਨਹੀਂ ਹਾਂ।
ਜ਼ਰੂਰਤ ਹੈ ਮੇਰੀ ਸਭ ਨੂੰ ਖ਼ੁਦਾ ਵੀ ਜਾਣਦਾ ਹੈ
ਉਜਾੜੇ ਵਿੱਚ ਬੇਲੋੜਾ ਕੋਈ ਖੰਡਰ ਨਹੀਂ ਹਾਂ।
ਕਿਸੇ ਦੀਵਾਰ ਦਾ ਹਿੱਸਾ ਮੈਂ ਬਣ ਕੇ ਕੰਮ ਹਾਂ ਆਇਆ
ਸਜ਼ਾਵਟ ਵਾਸਤੇ ਰੱਖਿਆ ਕੋਈ ਪੱਥਰ ਨਹੀਂ ਹਾਂ।
ਮੇਰਾ ਪ੍ਰਭਾਵ ਕੀ ਪੈਣਾ ਪਤਾ ਮੈਨੂੰ ਵੀ ਇਸ ਦਾ
ਬਿਨਾਂ ਸੋਚੇ ਜੋ ਦੇ ਦਿੱਤਾ ਉਹੋ ਉਤਰ ਨਹੀਂ ਹਾਂ।
ਮੈਂ ਸਭ ਦੀ ਪਹੁੰਚ ਦੇ ਅੰਦਰ ਨਹੀਂ ਹਾਂ ਦੂਰ ਹਰਗਿਜ਼
ਕਿਸੇ ਦਾ ਹੱਥ ਨਾ ਅੱਪੜੇ ਮੈਂ ਉਹ ਅੰਬਰ ਨਹੀਂ ਹਾਂ।
ਮੇਰੇ ਤੋਂ ਆਸ ਹੈ ਸਭ ਨੂੰ ਮੈਂ ਉਪਜਾਊ ਹਾਂ ਧਰਤੀ
ਕਿ ਜਿਸ ‘ਤੇ ਉਪਜਦਾ ਕੁੱਝ ਵੀ ਮੈਂ ਉਹ ਬੰਜ਼ਰ ਨਹੀਂ ਹਾਂ।
ਦਿਲਾਂ ਨੂੰ ਜੋੜਦਾ ਹਾਂ ਮੈਂ ਤੇ ਨਫ਼ਰਤ ਨੂੰ ਮਿਟਾਉਂਦਾ
ਜੋ ਮਤਲਬ ਹੀ ਬਦਲ ਦੇਵੇ ਮੈਂ ਉਹ ਅੱਖਰ ਨਹੀਂ ਹਾਂ।
ਸਵਾਗਤ ਹਰ ਕੋਈ ਕਰਦਾ ਮਿਲਾਂ ਮੈਂ ਜਿਸ ਕਿਸੇ ਨੂੰ
ਕਿ ਜਿਸ ਤੋਂ ਹਰ ਕੋਈ ਨੱਸੇ ਮੈਂ ਮਾੜਾ ਕਰ ਨਹੀਂ ਹਾਂ।
ਹੈ ਸਭ ਦਾ ਖ਼ੂਨ ਵਧ ਜਾਂਦਾ ਜਦੋਂ ਮੈਂ ਗੱਲ ਹਾਂ ਕਰਦਾ
ਜੋ ਪੀਂਦਾ ਖ਼ੂਨ ਜਨਤਾ ਦਾ ਮੈਂ ਉਹ ਨਸ਼ਤਰ ਨਹੀਂ ਹਾਂ।2008202204

ਹਰਦੀਪ ਬਿਰਦੀ
ਮੋ – 9041600900

Check Also

ਖ਼ਾਲਸਾ ਕਾਲਜ ਵੁਮੈਨ ਨੇ ਸਵੱਛ ਭਾਰਤ ਮਿਸ਼ਨ ’ਚ ਪ੍ਰਾਪਤ ਕੀਤਾ ਦੂਜਾ ਸਥਾਨ

ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵੁਮੈਨ ਨੇ ਨਗਰ ਨਿਗਮ ਅਧੀਨ ਚੱਲ …