‘ਸੰਕੇਤਕ ਭਾਸ਼ਾ’ ਰਾਹੀਂ ਬੱਚਿਆਂ ਨੂੰ ਦਿੱਤੀ ਜਾਵੇਗੀ ਸਿੱਖਿਆ – ਡਾ. ਮਹਿਲ ਸਿੰਘ
ਅੰਮ੍ਰਿਤਸਰ, 15 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਲੋਂ ਭਗਤ ਪੂਰਨ ਸਿੰਘ ਡੈਫ ਸਕੂਲ ਦੇ ਗੂੰਗੇ ਅਤੇ ਬੋਲੇ ਵਿਦਿਆਰਥੀਆਂ ਨੂੰ ਜੀਵਨ ’ਚ ਯੋਗ ਬਣਾਉਣ ਲਈ ਵਿਸ਼ੇਸ਼ ਉਚੇਰੀ ਸਿੱਖਿਆ ਦੇਣ ਵਾਸਤੇ ਸ਼ੈਸਨ 2022-23 ਦੌਰਾਨ ਕੰਪਿਊਟਰ ਸਾਇੰਸ ਵਿਭਾਗ ਦੀ ਵਿਸ਼ੇਸ਼ ਮਦਦ ਨਾਲ 11 ਵਿਦਿਆਰਥੀਆਂ ਨੂੰ ਡੀ.ਸੀ.ਏ (ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ) ਦਾ ਕੋਰਸ ਕਰਵਾਉਣ ਲਈ ਦਾਖਲ ਕੀਤਾ ਗਿਆ ਹੈ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਸਮਾਜ ਸੇਵਾ ਦੇ ਮਿਸ਼ਨ ਨਾਲ ਇਨ੍ਹਾਂ ਵਿਦਿਆਰਥੀਆਂ ਦਾ ਡਿਪਲੋਮਾ ਇਨ ਕੰਪਿਊਟਰ ਸਾਇੰਸ ਕੋਰਸ ’ਚ ਪਹਿਲੀ ਵਾਰ ਦਾਖਲਾ ਕਰਕੇ ਇਨ੍ਹਾਂ ਬੱਚਿਆਂ ਲਈ ਉਚ ਸਿੱਖਿਆ ਦਾ ਉਪਰਾਲਾ ਕੀਤਾ ਗਿਆ।ਇਸ ਵਿਸ਼ੇਸ਼ ਮਿਸ਼ਨ ਨੂੰ ਸਫਲ ਬਣਾਉਣ ਵਾਸਤੇ ਕਾਲਜ ਦੇ ਕੰਪਿਊਟਰ ਵਿਭਾਗ ਦੇ ਟੀਚਰ ਅਤੇ ਭਗਤ ਪੂਰਨ ਸਿੰਘ ਡੈਫ ਸਕੂਲ ਦੇ ਸਪੈਸ਼ਲ ਐਜ਼ੂਕੇਟਰ (ਕੰਪਿਊਟਰ ਅਧਿਆਪਕਾਂ) ਦੁਆਰਾ ਭਾਰਤੀ ਸੰਕੇਤਕ ਭਾਸ਼ਾ ਰਾਹੀਂ ਬੱਚਿਆ ਨੂੰ ਕੰਪਿਊਟਰ ਦੀ ਵਿਸ਼ੇਸ਼ ਸਿੱਖਿਆ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਲਾਸਾਂ ’ਚ ਮਲਟੀਮੀਡੀਆ ਪ੍ਰੋਜੈਕਟਰ ਦੀ ਵਰਤੋਂ ਨਾਲ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰੋਕਟੀਕਲ ਸਿੱਖਿਆ ਵੀ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਹਰਭਜਨ ਸਿੰਘ ਅਤੇ ਕੰਪਿਊਟਰ ਵਿਭਾਗ ਦੇ ਅਧਿਆਪਕਾਂ ਦੀ ਮਿਹਨਤ ਸਦਕਾ ਇਹ ਉਪਰਾਲਾ ਸਫਲ ਹੋ ਰਿਹਾ ਹੈ।