ਅੰਮ੍ਰਿਤਸਰ, 26 ਦਸੰਬਰ (ਜਗਦੀਪ ਸਿੰਘ ਸੱਗੂ) – ਸ਼ੋਮਣੀ ਗੁ.ਪ੍ਰ. ਕਮੇਟੀ ਦੇ ਸੇਵਾਮੁਕਤ ਕਰਮਚਾਰੀਆਂ / ਅਧਿਕਾਰੀਆਂ ਦੀ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ (ਰਜਿ.) ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਹਾਕਿਆਂ ਤੋਂ ਪੰਜਾਬ ਅਤੇ ਦੂਜੇ ਸੂਬਿਆਂ ਵਿੱਚ ਵਿੱਦਿਆ ਵੰਡ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਮਾਣਮੱਤੀਆਂ ਵਿੱਦਿਅਕ ਸੰਸਥਾਵਾਂ ਨੂੰ ਬਚਾਉਣ ਲਈ ਆਪਣਾ ਯੋਗਦਾਨ ਪਾ ਕੇ ਚੰਗੀ ਸਮਾਜ ਉਸਾਰੀ ਲਈ ਅੱਗੇ ਆਉਣ ।
ਐਸੋਸੀਏਸ਼ਨ ਦੇ ਪ੍ਰਧਾਨ ਤੇ ਸ਼ੋਮਣੀ ਕਮੇਟੀ ਦੇ ਸੇਵਾਮੁਕਤ ਸਿੱਖਿਆ ਸਕੱਤਰ ਜੋਗਿੰਦਰ ਸਿੰਘ ਅਦਲੀਵਾਲ ਨੇ ਕਿਹਾ ਹੈ ਕਿ ਐਜੂਕੇਸ਼ਨ ਦਾ ਪਾਸਾਰ ਕਰਨਾ ਬਿਨਾ ਸ਼ੱਕ ਸੂਬਾਈ ਸਰਕਾਰਾਂ ਦੀ ਜਿੰਮੇਵਾਰੀ ਹੈ।ਇਸ ਦੇ ਬਾਵਜ਼ੂਦ ਸ਼੍ਰੋਮਣੀ ਕਮੇਟੀ ਦਰਜ਼ਨਾਂ ਵਿੱਦਿਅਕ ਅਦਾਰੇ ਨਿਰੋਲ ਆਪਣੇ ਵਸੀਲਿਆਂ ਨਾਲ ਚਲਾ ਰਹੀ ਹੈ।ਜਿੰਨਾ ਵਿਚੋਂ ਬਹੁਤ ਸਾਰੇ ਸਕੂਲ, ਕਾਲਜ ਨਿਰੋਲ ਲੜਕੀਆਂ ਲਈ ਹਨ।
ਉਹਨਾਂ ਕਿਹਾ ਕਿ ਸੂਬਾ ਸਰਕਾਰ ਨੂੰ ਇਸ ਕਾਰਜ਼ ਲਈ ਸ਼੍ਰੋਮਣੀ ਕਮੇਟੀ ਦੀ ਮਦਦ ਕਰਨੀ ਚਾਹੀਦੀ ਹੈ, ਪਰ ਮਦਦ ਕਰਨੀ ਤਾਂ ਇੱਕ ਪਾਸੇ ਕਈ ਸਰਕਾਰੀ ਵਿੱਦਿਅਕ ਅਦਾਰੇ ਵੀ ਸਰਕਰ ਵਲੋਂ ਸ਼੍ਰੋਮਣੀ ਕਮੇਟੀ ਦੇ ਪੱਲੇ ਪਾਏ ਹੋਏ ਹਨ ਤੇ ਜਿਹੜੇ ਅਦਾਰੇ 95% ਗ੍ਰਾਂਟ-ਇਨ-ਏਡ ਸਕੀਮ ਅਧੀਨ ਚੱਲਦੇ ਹਨ।ਉਹਨਾਂ ਵਿੱਚ ਖਾਲੀ ਹੋਈਆਂ ਪੋਸਟਾਂ ਵੀ ਸਰਕਾਰ ਭਰਨ ਤੋਂ ਇਨਕਾਰੀ ਹੈ, ਫਲਸਰੂਪ ਉਹਨਾਂ ਦੀ ਤਨਖਾਹ ਵੀ ਸ਼ਮੇਣੀ ਕਮੇਟੀ ਨੂੰ ਦੇਣੀ ਪੈਂਦੀ ਹੈ। ਸਰਕਾਰ ਖਜ਼ਾਨਾ ਖਾਲੀ ਕਹਿ ਕੇ ਪੱਲਾ ਝਾੜ ਲੈਂਦੀ ਹੈ।ਹੋਰ ਤਾਂ ਹੋਰ ਸ਼੍ਰੋਮਣੀ ਕਮੇਟੀ ਦੇ ਸਿੱਖਿਆ ਸਕੱਤਰ ਦੀ ਮੰਨੀਏ ਤਾਂ ਐਸ.ਸੀ ਸਕਾਲਰਸ਼ਿਪ ਦੇ ਬਣਦੇ ਲਗਪਗ 50 ਕਰੋੜ ਰੁਪਏ ਵੀ ਪੰਜਾਬ ਸਰਕਾਰ ਨਹੀਂ ਦੇ ਰਹੀ ।
ਉਹਨਾਂ ਕਿਹਾ ਕਿ ਸ਼਼੍ਰੋਮਣੀ ਕਮੇਟੀ ਦੇ ਵਿਦਿਅਕ ਅਦਾਰਿਆਂ ਵਿੱਚ ਬੇਲੋੜੀ ਸਿਆਸੀ ਦਖਲ ਅੰਦਾਜ਼ੀ ਵੀ ਮੰਦਭਾਗੀ ਹੈ, ਜੋ ਅਦਾਰਿਆਂ ਵਿੱਚ ਲੋੜ ਤੋਂ ਵੱਧ ਅਤੇ ਅੰਡਰ ਕੁਆਲੀਫਾਈਡ ਸਟਾਫ਼ ਦੀ ਭਰਤੀ ਬਹੁਤ ਹੱਦ ਤੱਕ ਇਸ ਦਾ ਕਾਰਨ ਬਣਦੀ।ਜਿਸ ‘ਤੇ ਸ਼਼੍ਰੋਮਣੀ ਕਮੇਟੀ ਪ੍ਰਧਾਨ ਨੂੰ ਆਪਣਾ ਸਟੈਂਡ ਸਖ਼ਤ ਕਰਨਾ ਚਾਹੀਦਾ ਹੈ ।
ਇੱਕ ਪਾਸੇ ਕਰੋਨਾ ਦੀ ਮਹਾਮਾਰੀ ਕਾਰਨ ਸੰਗਤ ਦੀ ਗੁਰਧਾਮਾ ਵਿੱਚ ਨਾ ਮਾਤਰ ਆਮਦ ਕਾਰਨ ਸ਼਼੍ਰੋਮਣੀ ਕਮੇਟੀ ਦੀ ਆਮਦਨ ਵਿੱਚ ਕਾਫ਼ੀ ਗਿਰਾਵਟ ਆਈ ਹੈ ਅਤੇ ਦੂਜੇ ਪਾਸੇ ਵਿਦਿਆਰਥੀਆਂ ਦੀ ਰੁਚੀ ਬਾਹਰਲੇ ਮੁਲਕਾਂ ‘ਚ ਜਾਣਾ ਵਧਣ ਕਾਰਨ ਵਿਦਿਆਰਥੀਆਂ ਦੀ ਗਿਣਤੀ ਵੀ ਬਹੁਤ ਘਟੀ ਹੈ।ਪਰ ਸਾਲਾਨਾ ਤਰੱਕੀਆਂ ਅਤੇ ਸਮੇਂ ਸਮੇਂ ਡੀ.ਏ ਦੀਆਂ ਕਿਸ਼ਤਾਂ ਕਾਰਨ ਸਟਾਫ਼ ਦੀਆਂ ਤਨਖਾਹਾਂ ਵਿੱਚ ਵਾਧਾ ਹੋਇਆ ਹੈ।ਇਸ ਤੋਂ ਇਲਾਵਾ ਸਟਾਫ਼ ਦੀ ਰਿਟਾਇਰਮੈਂਟ ਉਪ੍ਰੰਤ ਪ੍ਰੋਵੀਡੈਂਟ ਫੰਡ ਦਾ ਮੈਨੇਜਮੈਂਟ ਦਾ 50% ਹਿੱਸਾ, ਗਰੈਚੁਇਟੀ, ਲੀਵ ਐਨਕੈਸ਼ਮੈਂਟ ਦੀ ਅਦਾਇਗੀ ਦਾ ਕਰੋੜਾਂ ਰੁਪਏ ਦਾ ਬੋਝ ਹੋਣ ਕਰਕੇ ਆਰਥਿਕ ਸੰਤੁਲਨ ਬਹੁਤ ਜਿਆਦਾ ਵਿਗੜ ਗਿਆ ਹੈ, ਜੋ ਸੰਗਤ ਦੇ ਸਹਿਯੋਗ ਤੋਂ ਬਿਨਾਂ ਸੁਧਰਨਾ ਅਸੰਭਵ ਲੱਗ ਰਿਹਾ ਹੈ।ਉਹਨਾ ਕਿਹਾ ਕਿ ਵੱਡੀ ਗਿਣਤੀ ‘ਚ ਸੰਗਤ ਨਹੀਂ ਜਾਣਦੀ ਕਿ ਸ਼੍ਰੋਮਣੀ ਕਮੇਟੀ ਦੀ ਆਪਣੀ ਕੋਈ ਆਮਦਨ ਨਹੀਂ ਹੁੰਦੀ।ਇਹ ਜੋ ਲਗਭਗ 12 ਅਰਬ ਰੁਪਏ ਦਾ ਬਜ਼ਟ ਸ਼ੋਮਣੀ ਕਮੇਟੀ ਪਾਸ ਕਰਦੀ ਹੈ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਸਮੂਹ ਗੁਰਦੁਆਰਾ ਸਾਹਿਬਾਨ ਦਾ ਕੁੱਲ ਬਜ਼ਟ ਹੁੰਦਾ ਹੈ, ਜਿਸ ਵਿੱਚੋਂ ਸਿੱਖ ਗੁਰਦੁਆਰਾ ਐਕਟ 1925 ਅਨੁਸਾਰ ਵਿੱਦਿਆ ਫੰਡ ਕੇਵਲ 2% ਹੀ ਲੈ ਸਕਦੀ ਹੈ।
ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ ਦੇ ਸਮੁੱਚੇ ਮੈਂਬਰ ਸਾਹਿਬਾਨ ਅਤੇ ਸ਼਼੍ਰੋਮਣੀ ਕਮੇਟੀ ਤੋਂ ਰਿਟਾਇਰ ਹੋ ਚੁੱਕੇ ਸਕੱਤਰ ਸਾਹਿਬਾਨ ਕੁਲਵੰਤ ਸਿੰਘ ਰੰਧਾਵਾ, ਰਘਬੀਰ ਸਿੰਘ ਰਾਜਾਸਾਂਸੀ, ਰੂਪ ਸਿੰਘ, ਦਲਮੇਘ ਸਿੰਘ ਖਟੜਾ, ਦਿਲਜੀਤ ਸਿੰਘ ਬੇਦੀ, ਸਤਬੀਰ ਸਿੰਘ ਧਾਮੀ, ਤਰਲੋਚਨ ਸਿੰਘ, ਬਲਵਿੰਦਰ ਸਿੰਘ ਜੌੜਾ ਸਿੰਘਾ, ਰਣਜੀਤ ਸਿੰਘ ਸਮੇਤ ਹੋਰਨਾਂ ਵਲੋਂ ਸਾਂਝੇ ਤੌਰ ‘ਤੇ ਸਿੱਖ ਸੰਗਤਾਂ, ਖਾਸ ਕਰਕੇ ਵਿਦੇਸ਼ਾਂ ਵੱਸਦੇ ਧਨਾਢ ਸਿੱਖਾਂ ਅਤੇ ਵਿੱਦਿਅਕ ਕਾਰਜ਼ਾਂ ਲਈ ਬਣੀਆਂ ਸੰਸਥਾਵਾਂ ਨੂੰ ਸ਼਼੍ਰੋਮਣੀ ਕਮੇਟੀ ਦੇ ਵਿੱਦਿਆ ਫੰਡ ਵਿੱਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ।