ਗੱਲ ਨਵੀਂ ਸਭ ਕਰਿਓ ਆਇਆ ਸਾਲ ਨਵਾਂ ਹੈ।
ਬੱਦਲ ਬਣ ਕੇ ਵਰ੍ਹਿਓ ਆਇਆ ਸਾਲ ਨਵਾਂ ਹੈ।
ਓਸੇ ਥਾਂ `ਤੇ ਮਹਿਕਾਂ ਉੱਠਣ ਲਾ ਦੇਣਾ ਬਸ
ਜਿਥੇ ਵੀ ਪੱਬ ਧਰਿਓ ਆਇਆ ਸਾਲ ਨਵਾਂ ਹੈ।
ਪੁੰਨ ਦੇ ਕਰਿਓ ਕੰਮ ਤੇ ਜਿੱਤ ਨਾਲ਼ ਯਾਰੀ ਲਾਇਓ
ਨਾ ਪਾਪਾਂ ਤੋਂ ਹਰਿਓ ਆਇਆ ਸਾਲ ਨਵਾਂ ਹੈ।
ਜ਼ੁਲਮਾਂ ਨੂੰ ਲਾ ਰੋਕਾ ਕਰਿਓ ਕੁੱਲ ਸਫਾਇਆ
ਜ਼ੁਲਮੀ ਤੋਂ ਨਾ ਡਰਿਓ ਆਇਆ ਸਾਲ ਨਵਾਂ ਹੈ।
ਚਲਦੇ ਰਹਿਣਾ ਰਾਹਾਂ ਤੇ ਨਾ ਭਟਕੀ ਜਾਇਓ
ਮੰਜ਼ਿਲ ਨੂੰ ਸਰ ਕਰਿਓ ਆਇਆ ਸਾਲ ਨਵਾਂ ਹੈ।
ਨੇਕ ਇਰਾਦੇ ਰੱਖਿਓ ਸਭ ਹੀ ਪਰਬਤ ਵਰਗੇ
ਮਿੱਟੀ ਬਣ ਨਾ ਖਰਿਓ ਆਇਆ ਸਾਲ ਨਵਾਂ ਹੈ।
ਗੁੱਸਾ ਗਿਲ੍ਹਾ ਮਿਟਾ ਕੇ ਖ਼ੂਬ ਮੁਹੱਬਤ ਵੰਡਿਓ
ਨਾ ਨਫ਼ਰਤ ਤੋਂ ਡਰਿਓ ਆਇਆ ਸਾਲ ਨਵਾਂ ਹੈ।
ਜੇਕਰ ਕਿਧਰੇ ਪੈਂਦਾ ਘਾਟਾ ਪਿਆਰ ਵਧਾਇਆ
ਐਸਾ ਘਾਟਾ ਜਰਿਓ ਆਇਆ ਸਾਲ ਨਵਾਂ ਹੈ।
ਹੱਕ ਕਿਸੇ ਦਾ ਨਾ ਰੱਖਿਓ ਨਾ ਅਪਣਾ ਛੱਡਿਓ
ਮਿਹਨਤ ਸੰਗ ਘਰ ਭਰਿਓ ਆਇਆ ਸਾਲ ਨਵਾਂ ਹੈ।
ਨਫ਼ਰਤ ਵਾਲ਼ੇ ਪੱਥਰ ਬਣ ਕੇ ਡੁੱਬ ਨਾ ਜਾਇਓ
ਫ਼ੁੱਲਾਂ ਵਾਂਗੂੰ ਤਰਿਓ ਆਇਆ ਸਾਲ ਨਵਾਂ ਹੈ।3112202203
ਹਰਦੀਪ ਬਿਰਦੀ
ਮੋ – 9041600900