Tuesday, October 3, 2023

ਜਗ ਜਣਨੀ ਮਾਂ

ਜਗ ਜਣਨੀ ਮਾਂ ਨੂੰ ਸਾਰੇ ਗੁਰੂਆਂ ਪੀਰਾਂ ਨੇ ਹਮੇਸ਼ਾਂ ਸਤਿਕਾਰ ਦੇਣ ਦੀ ਗੱਲ ਕਹੀ ਹੈ।ਇੱਕ ਮਾਂ ਹੀ ਹੈ, ਜਿਸਦਾ ਦੇਣਾ ਕੋਈ ਨਹੀਂ ਦੇ ਸਕਦਾ।ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ, ਪਰ ਮਾਂ ਦਾ ਕਰਜ਼ਾ ਕਦੇ ਨਹੀਂ ਉਤਾਰ ਸਕਦੇ। ਮਮਤਾ ਨਿਰਸਵਾਰਥ ਹੁੰਦੀ ਹੈ।ਸਾਰਾ ਦਿਨ ਕੰਮ ਕਰਕੇ ਘਰ ਪਰਤਦਿਆਂ ਬਾਕੀ ਸਭ ਵਾਰੀ ਵਾਰੀ ਆਪਣੇ ਦੁੱਖ ਤੇ ਲੋੜਾਂ ਦੱਸਦੇ ਹਨ, ਪਰ ਮਾਂ ਆਪਣੇ ਪੁੱਤਰ ਨੂੰ ਸਭ ਤੋਂ ਪਹਿਲਾਂ ਸਿਰ ‘ਤੇ ਹੱਥ ਫੇਰ ਕੇ ਪੁੱਛਦੀ ਹੈ, ‘ਕੁੱਝ ਖਾ ਲਿਆ ਸੀ?’ ਇਸੇ ਕਰਕੇ ਮਾਂ ਅੱਗੇ ਹਮੇਸ਼ਾਂ ਸਿਰ ਝੁਕਦਾ ਰਹੇਗਾ।
ਮਾਂ ਆਪਣੇ ਬੱਚੇ ਨੂੰ 9 ਮਹੀਨੇ ਪੇਟ ਵਿੱਚ ਪਾਲ ਕੇ ਜਨਮ ਦਿੰਦੀ ਹੈ, ਪਾਲਣ ਪੋਸ਼ਣ ਕਰਦੀ ਹੈ।ਆਪ ਗਿੱਲੀ ਥਾਂ ਤੇ ਪੈ ਕੇ ਬੱਚਿਆਂ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ।ਮਾਂ ਦੇ ਪੈਰਾਂ ਹੇਠ ਜੰਨਤ ਦੱਸੀ ਗਈ ਹੈ।ਇਸ ਦਾ ਮਤਲਬ ਹੈ ਕਿ ਜਿਹੜੇ ਮਾਂ ਦੀ ਕਦਰ ਕਰਦੇ ਹਨ, ਜਿਨ੍ਹਾਂ ਦਾ ਸੀਸ ਮਾਂ ਦੇ ਕਦਮਾਂ ਵਿੱਚ ਝੁਕਦਾ ਹੈ।ਉਨ੍ਹਾਂ ਨੇ ਜੰਨਤ ਪ੍ਰਾਪਤ ਕਰ ਲਈ ਹੈ ਅਤੇ ਜਿਹੜੇ ਮਾਂ ਦੀ ਬੇਕਦਰੀ ਕਰਦੇ ਹਨ, ਭਾਵ ਘਰ ਵਿੱਚ ਮਾਂ ਦਾ ਸਤਿਕਾਰ ਹੀ ਨਹੀਂ ਕਰਦੇ ਅਤੇ ਖੁਦ ਧਾਰਮਿਕ ਸਥਾਨਾਂ ‘ਤੇ ਜਾ ਕੇ ਸੇਵਾ ਕਰਨ ਦਾ ਵਿਖਾਵਾ ਕਰਦੇ ਹਨ।ਉਨ੍ਹਾਂ ਨੂੰ ਕਦੇ ਸੁਖ ਨਹੀਂ ਮਿਲ ਸਕਦਾ।ਇਹ ਉਹ ਮਾਂ ਹੈ, ਜਿਸਨੇ ਖੁਦ ਲੱਖਾਂ ਤਸੀਹੇ ਝੱਲ ਕੇ ਆਪਣੇ ਬੱਚਿਆਂ ਨੂੰ ਪਾਲਿਆ ਹੈ ਅਤੇ ਖੁਦ ਖਾਲੀ ਪੇਟ ਰਹਿ ਕੇ, ਰੁੱਖੀ ਮਿੱਸੀ ਖਾ ਕੇ ਬੱਚਿਆਂ ਦਾ ਪੇਟ ਭਰਿਆ ਹੈ।ਆਪਣੀਆਂ ਉਮੀਦ ਭਰੀਆਂ ਅੱਖਾਂ ਵਿੱਚ ਕਿੰਨੇ ਹੀ ਸੁਪਨੇ ਸਜਾ ਕੇ ਰੱਖੇ ਹੁੰਦੇ ਹਨ।
ਮਾਂ-ਬਾਪ ਹਨ ਕਿ ਉਨ੍ਹਾਂ ਦੇ ਬੱਚੇ ਇਹ ਬਣਨਗੇ, ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਆਹ ਸੁਖ ਦੇਣਗੇ ਅਤੇ ਜੇ ਲੱਖਾਂ ਤਸੀਹੇ ਝੱਲ ਕੇ ਅਤੇ ਢਿੱਡ ਬੰਨ੍ਹ-ਬੰਨ੍ਹ ਕੇ ਜੋੜੀ ਅਤੇ ਖਰਾ ਸੋਨਾ ਸਮਝ ਕੇ ਹਿੱਕ ਨਾਲ ਲਗਾ ਕੇ ਰੱਖੀ ਔਲਾਦ ਮਾਂ-ਪਿਓ ਦੀ ਸੇਵਾ ਨਾ ਕਰੇ, ਨਿਕੰਮੀ ਨਿਕਲ ਜਾਵੇ ਤਾਂ ਉਸ ਮਨ ‘ਤੇ ਕੀ ਬੀਤਦੀ ਹੋਵੇਗੀ?
ਅੱਜ ਦਾ ਇਨਸਾਨ ਮਤਲਬੀ ਬਣਦਾ ਜਾ ਰਿਹਾ ਹੈ।ਜ਼ਰਾ ਦਿਲ ‘ਤੇ ਹੱਥ ਰੱਖ ਕੇ ਸੋਚ ਕੇ ਵੇਖੋ ਅੱਜ ਸਮਾਜ ਸਵਾਰਥਪੁਣੇ ਦੇ ਅਜਿਹੇ ਦੌਰ ‘ਚੋਂ ਲੰਘ ਰਿਹਾ ਹੈ, ਜਿਥੇ ਇਨਸਾਨ ਰਿਸ਼ਤਿਆਂ ਨੂੰ ਲੀਰੋ-ਲੀਰ ਕਰਕੇ ਰਾਖ ਕਰਨ ਲਈ ਮਿੰਟ ਨਹੀਂ ਲਾਉਂਦਾ।ਸਮਾਜ ਵਿੱਚ ਕਿੰਨੀਆਂ ਮਾਵਾਂ ਆਪਣੀ ਔਲਾਦ ਦੀ ਬੇਕਦਰੀ ਦਾ ਸ਼ਿਕਾਰ ਹੋਈਆਂ ਬਿਰਧ ਆਸ਼ਰਮਾਂ ਵਿੱਚ ਦਿਨ ਕੱਟ ਰਹੀਆਂ ਹਨ।ਸਾਨੂੰ ਬਜ਼ੁਰਗ ਮਾਂ ਬਾਪ ਨੂੰ ਬਿਰਧ ਆਸ਼ਰਮਾਂ ‘ਚ ਭੇਜਣ ਦੀ ਬਜ਼ਾਇ ਉਨ੍ਹਾਂ ਦੀ ਖੁਦ ਸੇਵਾ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਤੋਂ ਅਸ਼ੀਰਵਾਦ ਪ੍ਰਾਪਤ ਕਰ ਸਕੀਏ।
ਅੱਜ ਦਾ ਦਿਨ ਸੰਸਾਰ ਦੀਆਂ ਸਾਰੀਆਂ ਮਾਵਾਂ ਨੂੰ ਸਮਰਪਿਤ ਹੈ।ਇਸ ਲਈ ਜੇ ਕੋਈ ਜਾਣੇ-ਅਣਜਾਣੇ ਆਪਣੇ ਮਾਂ-ਬਾਪ ਨੂੰ ਆਪਣੇ ਤੋਂ ਦੂਰ ਕਰੀ ਬੈਠਾ ਹੈ ਤਾਂ ਸਭ ਕੁੱਝ ਭੁੱਲ ਕੇ ਮਾਂ ਦੇ ਚਰਨਾਂ ਵਿੱਚ ਜਾ ਡਿੱਗੋ।ਮਾਂ ਦੀ ਮਮਤਾ ਐਨੀ ਕੋਮਲ ਹੁੰਦੀ ਹੈ ਕਿ ਇੱਕ ਪਲ ਵਿੱਚ ਤੁਹਾਨੂੰ ਮਾਂ ਨੇ ਆਪਣੀ ਹਿੱਕ ਨਾਲ ਲਗਾ ਲੈਣਾ ਹੈ।ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਆਪਣੀ ਜਨਮ ਦੇਣ ਵਾਲੀ ਮਾਂ ਦੇ ਨਾਲ- ਨਾਲ, ਸਮਾਜ ਵਿੱਚ ਮਾਂ ਸਮਾਨ ਬਜ਼ੁਰਗ ਔਰਤਾਂ ਦਾ ਵੀ ਅਸੀਂ ਹਮੇਸ਼ਾ ਮਾਂ ਵਾਂਗ ਹੀ ਸਤਿਕਾਰ ਕਰੀਏ ਤਾਂ ਜੋ ਸਾਡਾ ਸਮਾਜ ਸਵਰਗ ਦਾ ਨਕਸ਼ਾ ਬਣ ਸਕੇ ਅਤੇ ਨੋਜਵਾਨ ਪੀੜ੍ਹੀ ਨੂੰ ਲਿਆਕਤ ਤੇ ਸਿਆਣਪ ਆ ਸਕੇ।ਇੱਕ ਗੱਲ ਹਮੇਸ਼ਾਂ ਯਾਦ ਰੱਖੋ ‘ਮਾਂ ਦੇ ਚਰਨਾਂ ਤੋਂ ਵੱਡਾ ਕੋਈ ਤੀਰਥ ਤੇ ਇਸ਼ਨਾਨ ਨਹੀਂ ਇਸ ਲਈ ਹਮੇਸ਼ਾਂ ਸਰਵਨ ਪੁੱਤਰ ਬਣਨ ਦੀ ਕੋਸ਼ਿਸ਼ ਕਰੋ, ਜਿਸ ਦੀ ਸ਼ੁਰੂਆਤ ਅੱਜ ਤੋਂ ਹੀ ਕੀਤੀ ਜਾਣੀ ਚਾਹੀਦੀ ਹੈ।1405202304

ਰਾਜਿੰਦਰ ਰਾਣੀ
ਪਿੰਡ ਗੰਢੂਆਂ, ਜਿਲ੍ਹਾ ਸੰਗਰੂਰ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …