Thursday, November 21, 2024

ਬਾਲ ਕਲਾਕਾਰ ਪੁਰਸਕਾਰ ਲਈ ਬਾਲ ਕਵੀ ਦਰਬਾਰਾਂ ਦੀ ਲੜੀ ਸ਼ੁਰੂ

ਗੁਰਮੁਖੀ ਦੇ ਵਾਰਿਸ ਸਾਹਿਤ ਸਭਾ (ਰਜਿ) ਨੇ ਬਾਲ ਕਲਾਕਾਰ ਪੁਰਸਕਾਰ ਕੀਤਾ ਆਰੰਭ

ਅੰਮ੍ਰਿਤਸਰ, 10 ਜੂਨ (ਦੀਪ ਦਵਿੰਦਰ ਸਿੰਘ) – ਗੁਰਮੁਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਅਤੇ ਵੈਲਫੇਅਰ ਸੁਸਾਇਟੀ (ਰਜਿ.) ਪੰਜਾਬ ਦੁਆਰਾ ਸਭਾ ਦੇ ਚੇਅਰਮੈਨ ਗੁਰਵੇਲ ਕੋਹਲਵੀ ਦੀ ਯੋਗ ਅਗਵਾਈ ਵਿੱਚ ਬਾਲ ਕਲਾਕਾਰ ਪੁਰਸਕਾਰ ਆਰੰਭ ਕੀਤਾ ਗਿਆ ਹੈ।ਜਿਸ ਵਿੱਚ ਕਲਾ ਦੇ ਹਰੇਕ ਖੇਤਰ ‘ਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ 5 ਤੋਂ 12 ਸਾਲ ਤੱਕ ਦੇ ਬੱਚਿਆਂ ਦੀ ਚੋਣ ਕੀਤੀ ਜਾਵੇਗੀ।ਗੁਰਮੁਖੀ ਦੇ ਵਾਰਿਸ ਸਭਾ ਦੇ ਚੇਅਰਮੈਨ ਨੇ ਦੱਸਿਆ ਕਿ ਬਾਲ ਕਲਾਕਾਰ ਪੁਰਸਕਾਰ ਦੀ ਚੋਣ ਲਈ ਬਾਲ ਕਵੀ ਦਰਬਾਰਾਂ ਦੀ ਲੜੀ ਆਰੰਭ ਕਰ ਦਿੱਤੀ ਗਈ ਹੈ।ਜਿਸ ਵਿੱਚ ਬੱਚਿਆਂ ਦੇ ਕਵਿਤਾ ਉਚਾਰਨ, ਕਵਿਤਾ ਲੇਖਨ, ਗਾਇਨ ਕਲਾ, ਵਾਦਨ ਕਲਾ (ਪ੍ਰਕਾਸ਼ਨ ਤੇ ਨਾਨ ਪ੍ਰਕਸ਼ਨ), ਮਿਮਿਕਰੀ, ਮੋਨੋ-ਐਕਟਿੰਗ, ਭਾਸ਼ਨ ਕਲਾ ਨਾਚ ਕਲਾ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਲੜੀ ਤਹਿਤ ਪਹਿਲਾ ਆਨਲਾਈਨ ਬਾਲ ਕਵੀ ਦਰਬਾਰ 8 ਜੂਨ 2023 ਨੂੰ ਆਯੋਜਿਤ ਕੀਤਾ ਗਿਆ।ਦੂਜਾ ਬਾਲ ਕਵੀ ਦਰਬਾਰ 13 ਜੂਨ ਨੂੰ, ਤੀਜਾ 17 ਜੂਨ ਨੂੰ ਅਤੇ ਸਨਮਾਨ ਸਮਾਰੋਹ 25 ਜੂਨ 2023 ਨੂੰ ਹੋਵੇਗਾ।ਜਿਸ ਵਿੱਚ ਚੁਣੇ ਹੋਏ 51 ਬਾਲ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
8 ਜੂਨ 2023 ਨੂੰ ਹੋਏ ਪਹਿਲੇ ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ਬੱਚਿਆਂ ਦੇ ਬਿਹਤਰੀਨ ਪ੍ਰਦਰਸ਼ਨ ਤੋਂ ਬਾਅਦ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਕਮਲਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਬੱਚੇ ਸਾਡਾ ਭਵਿੱਖ ਹਨ ਤੇ ਭਵਿੱਖ ਨੂੰ ਉਜਲਾ ਕਰਨ ਲਈ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੌਕੇ ਦੇਣਾ ਸਾਡਾ ਫ਼ਰਜ਼ ਹੈ, ਜਿਸ ਲਈ ਕੋਹਾਲਵੀ ਵਧਾਈ ਦੇ ਪਾਤਰ ਹਨ।ਸਭਾ ਦੀ ਪ੍ਰਧਾਨ ਕੁਲਵਿੰਦਰ ਕੋਮਲ ਨੇ ਦੁਬਈ ਤੋ ਲਾਈਵ ਹੋ ਕੇ ਕਿਹਾ ਕਿ ਅੱਜ ਦੇ ਤਕਨੀਕੀ ਦੌਰ ਵਿੱਚ ਬੱਚੇ ਆਪਣੀ ਵਿਰਾਸਤ ਅਤੇ ਕਲਾ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।ਚੇਅਰਮੈਨ ਕੋਹਾਲਵੀ ਨੇ ਕਿਹਾ ਕਿ ਅਸੀਂ ਬਾਲ ਸਾਹਿਤ ਸਿਰਜਣ ਵਿੱਚ ਪੱਛਮੀ ਮੁਲਕਾਂ ਤੋਂ ਬਹੁਤ ਜਿਆਦਾ ਪੱਛੜੇ ਹਾਂ।ਅਜੋਕੇ ਸਾਹਿਤਕਾਰ ਆਪੋ ਆਪਣੇ ਰੋਣੇ-ਧੋਣੇ ਵਿੱਚ ਮਸ਼ਰੂਫ਼ ਹਨ।ਬੱਚਿਆਂ ਦੇ ਹਾਣ ਦਾ ਸਾਹਿਤ ਸਿਰਜਣ ਵੱਲ ਕੋਈ ਵੀ ਉਚੇਚ ਨਹੀਂ ਕਰ ਰਿਹਾ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਸਿਖਾਉਣ ਦੇ ਨਾਲ ਨਾਲ ਵੱਡਿਆਂ ਨੂੰ ਬੱਚਿਆਂ ਤੋਂ ਸਿੱਖਣਾ ਵੀ ਚਾਹੀਦਾ ਹੈ।ਬੱਚੇ ਸਾਨੂੰ ਮਾਸੂਮੀਅਤ, ਰਿਸ਼ਤਿਆਂ ਦੀ ਪਵਿੱਤਰਤਾ, ਵੈਰ ਰਹਿਤ ਅਤੇ ਈਰਖਾ ਰਹਿਤ ਭਾਵਨਾ ਸਿਖਾਉਂਦੇ ਹਨ।ਸੰਸਥਾ ਦੇ ਜਨਰਲ ਸਕੱਤਰ ਡਾ. ਪੂਰਨਿਮਾ ਰਾਏ ਨੇ ਜ਼ੂਮ ਐਪ ਸੰਭਾਲਿਆ।ਸੀਨੀ. ਮੀਤ ਪ੍ਰਧਾਨ ਡਾ. ਆਤਮਾ ਸਿੰਘ ਗਿੱਲ ਨੇ ਜੱਜ ਦੀ ਭੂਮਿਕਾ ਨਿਭਾਈ, ਪ੍ਰਬੰਧਕੀ ਸਕੱਤਰ ਜਸਵਿੰਦਰ ਕੌਰ ਜੱਸੀ ਨੇ ਮੰਚ ਸੰਚਾਲਨ ਕੀਤਾ, ਮੀਡੀਆ ਕੋਆਰਡੀਨੇਟਰ ਜਸਵਿੰਦਰ ਜੱਸੀ ਬਟਾਲਾ ਨੇ ਪ੍ਰੋਗਰਾਮ ਯੂ.ਟਿਊਬ ‘ਤੇ ਲਾਈਵ ਕੀਤਾ।ਸਭਾ ਸਕੱਤਰ ਰੁਪਿੰਦਰ ਕੌਰ ਸੰਧੂ ਨੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਗੁਰਵੇਲ ਕੋਹਲਵੀ ਦੀ ਮਿਹਨਤ ਤੇ ਲਗਨ ਨੂੰ ਸਲਾਮ ਕਿਹਾ।
ਯਾਦ ਰਹੇ ਕਿ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੁਆਰਾ ਹੁਣ ਤੱਕ 100 ਕਵੀ ਦਰਬਾਰ ਅਤੇ ਹਫ਼ਤਾਵਾਰੀ ਸਾਹਿਤਕ ਮੈਗਜ਼਼ੀਨ ਦੇ 69 ਅੰਕ ਸਫਲਤਾਪੂਰਵਕ ਜਾਰੀ ਕੀਤੇ ਜਾ ਚੁੱਕੇ ਹਨ।25 ਜੂਨ 2023 ਨੂੰ ਸਨਮਾਨ ਸਮਾਰੋਹ ਦੌਰਾਨ ਸੰਸਥਾ ਦਾ 101ਵਾਂ ਕਵੀ ਦਰਬਾਰ ਅਤੇ ਸਾਹਿਤਕ ਮੈਗਜ਼ੀਨ ਦਾ 70ਵਾਂ ਅੰਕ ਜਾਰੀ ਕੀਤਾ ਜਾਵੇਗਾ।
ਅੰਤ ‘ਚ ਚੇਅਰਮੈਨ ਕੋਹਾਲ਼ਵੀ ਨੇ ਪੂਰੀ ਟੀਮ ਅਤੇ ਸ਼ਾਮਲ ਸਭ ਬੱਚਿਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਸਭ ਦਾ ਸ਼ੁਕਰਾਨਾ ਕੀਤਾ।

 

Check Also

ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …