Monday, October 2, 2023

ਦੋਹੇ

ਹੋਣ ਪਰਿੰਦੇ ਸੋਚ ਦੇ, ਪੌਣਾਂ `ਤੇ ਅਸਵਾਰ।
ਅੱਖ ਦੇ ਫੋਰ `ਚ ਘੁੰਮਦੇ, ਸੱਤ ਸਮੁੰਦਰ ਪਾਰ।
ਗੱਭਰੂ ਦੇਸ਼ ਪੰਜਾਬ ਦੇ, ਤੁਰੇ ਵਿਦੇਸ਼ਾਂ ਵੱਲ।
ਪਿੱਛੋਂ ਧਰਤੀ ਮਾਂ ਸਹੇ, ਸੀਨੇ ਪੈਂਦੇ ਸੱਲ।
ਟੁੱਟੀ ਹੱਡੀ ਜੁੜਨ ਦੇ, ਹੁੰਦੇ ਨੇ ਇਮਕਾਨ।
ਲਾਉਂਦੀ ਫੱਟ ਅਸਾਧ ਹੈ, ਫਿਸਲੇ ਜਦੋਂ ਜ਼ੁਬਾਨ।
ਪੂਜਾ ਕਰਦਾ ਕਿਰਤ ਦੀ, ਕਾਮਾ ਤੇ ਕਿਰਸਾਨ।
ਛਾਲਾ ਉਸਦੇ ਹੱਥ ਦਾ, ਤਮਗਾ ਤੇ ਸਨਮਾਨ।
ਮੰਨੀਏ ਗੱਲ ਜ਼ਮੀਰ ਦੀ, ਧੁਰ ਦਰਗਾਹੀ `ਵਾਜ਼।
ਬੋਝ ਰਹੇ ਨਾ ਰੂਹ `ਤੇ, ਖੁਦ `ਤੇ ਹੋਵੇ ਨਾਜ਼।
ਸਭ ਕੁੱਝ ਹਾਸਲ ਕਰ ਲਿਆ, ਪਰ ਨਾਂ ਮਿਟਦੀ ਭੁੱਖ।
ਵਧਦੀ ਜਾਵੇ ਭਟਕਣਾ, ਚਾਹੁੰਦਾ ਕੀ ਹੈ ਮਨੁੱਖ।
ਉੱਚੀ ਨੀਵੀਂ ਜਾਤ ਨਾ, ਸਭ ਥਾਂ ਵੱਸੇ ਆਪ।
ਖ਼ਲਕਤ ਪਰਜਾ ਰੱਬ ਦੀ, ਸਭ ਦਾ ਇੱਕੋ ਬਾਪ।
ਸਾਡੀ ਨਸਲ-ਕੁਸ਼ੀ ਲਈ, ਹਾਕਮ ਲਾਵੇ ਜ਼ੋਰ।
ਪਰ ਤਿੜ੍ਹ ਵਾਲ਼ੇ ਘਾਹ ਅਸੀਂ, ਕੱਟਿਆਂ ਫਲ਼ਦੇ ਹੋਰ।
ਸਾਡੀ ਉਸ ਤੋਂ ਨਾਬਰੀ, ਜੋ ਕਰਦਾ ਮਜ਼ਬੂਰ।
ਮਾਨਵਤਾ ਨੂੰ ਮਾਰਨਾ, ਕਿੱਥੋਂ ਦਾ ਦਸਤੂਰ।
ਚੰਨ ਤੋਂ ਪਰ੍ਹੇ ਵੀ ਜਾਣ ਦੀ, ਲਈ ਤਿਆਰੀ ਖਿੱਚ।
ਐਪਰ ਆਦਮ ਜਾਤ ਦਾ, ਮੋਹ ਨਾ ਆਪਸ ਵਿੱਚ।1006202301

ਸਤਿੰਦਰ ਸਿੰਘ ਓਠੀ
ਮੋ – 99882 21227

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਵਲੋਂ ‘1 ਅਕਤੂਬਰ ਇੱਕ ਸਾਥ ਇੱਕ ਘੰਟਾ ਸਵੱਛਤਾ ਲਈ ਕੀਤਾ ਗਿਆ ਸ਼੍ਰਮਦਾਨ’

ਅੰਮ੍ਰਿਤਸਰ, 2 ਅਕਤੂਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾੜ ਦੀ ਅਗਵਾਈ ਹੇਠ ਜਿਲ੍ਹਾ ਅੰਮ੍ਰਿਤਸਰ …