Wednesday, January 8, 2025

ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਖ਼ਸੀਅਤ ਅਤੇ ਆਚਰਣ

ਸ. ਜੱਸਾ ਸਿੰਘ ਰਾਮਗੜ੍ਹੀਆ ਮਹਾਂਬਲੀ ਨੂੰ ਰਾਜਨੀਤਕ ਸੂਝ ਅਤੇ ਨਿਰਮਲ ਬੁੱਧੀ ਉਹਦੇ ਜੀਵਨ ਘੋਲ ’ਚੋਂ ਹੀ ਪ੍ਰਾਪਤ ਹੋਈ।ਅਜਿੱਤ ਹੌਂਸਲੇ ਅਤੇ ਸਿਰੜੀ ਸੁਭਾਅ ਦਾ ਦ੍ਰਿੜ ਇਰਾਦਾ ਅਤੇ ਪ੍ਰਬਲ ਸਰੀਰਕ ਸ਼ਕਤੀ, ਅਪਾਰ ਦਲੇਰੀ, ਰੌਸ਼ਨ ਦਿਮਾਗ ਦਾ ਮਾਲਕ ਸੀ।ਉਹ ਇੱਕ ਚਤੁਰ ਨੀਤੀਵਾਨ, ਸਿਆਣਾ ਜਰਨੈਲ ਤੇ ਵਧੀਆ ਪ੍ਰਬੰਧਕ ਸੀ।ਇਸ ਅਦੁੱਤੀ ਯੋਧੇ ਦਾ ਲੰਬਾ ਕੱਦ ਤੇ ਤਗੜੇ ਜੁੱਸੇ ਵਾਲਾ ਪ੍ਰਭਾਵਸ਼ਾਲੀ ਪੁਰਖ ਸੀ।ਆਪਣੇ ਚੌੜੇ ਮੱਥੇ ਤੇ ਰੌਸ਼ਨ ਅੱਖਾਂ ਨਾਲ ਉਸ ਦੀ ਸੂਰਤ ਬੜੀ ਸੁੰਦਰ ਤੇ ਦਿਲ-ਖਿੱਚਵੀਂ ਲੱਗਦੀ ਸੀ।ਉਸ ਦੀ ਚੌੜੀ ਛਾਤੀ ਅੰਦਰ ਇੱਕ ਫੌਲਾਦੀ ਦਿਲ ਧੜਕਦਾ ਸੀ।ਅਪਾਰ ਸਰੀਰਕ ਬਲ ਤੇ ਇਹ ਸਾਰਾ ਕੁੱਝ ਉਸ ਦੇ ਮਿਹਨਤੀ ਤੇ ਕਦੇ ਵੀ ਹਾਰ ਨਾ ਮੰਨਣ ਵਾਲੇ ਸੁਭਾਅ ਸਦਕਾ ਹੋ ਸਕਿਆ।
ਅਹਿਮਦ ਸ਼ਾਹ ਅਬਦਾਲੀ ਦੇ ਭਾਰਤ ‘ਤੇ ਕੀਤੇ ਸੱਤਵੇਂ ਹਮਲੇ ਸਮੇਂ ਜ਼ੰਗਨਾਮਾ ਕਿਤਾਬ ਦਾ ਕਰਤਾ ਕਾਜ਼ੀ ਨੂਰ ਮੁਹੰਮਦ ਸੀ।1764 ਈ: ਵਿੱਚ ਲਿਖੀ ਆਪਣੀ ਕਿਤਾਬ ਵਿੱਚ ਅਬਦਾਲੀ ਦੀ ਸਿੱਖਾਂ ਨਾਲ ਜ਼ੰਗ ਸਮੇਂ ਉਸ ਨੇ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਅੱਖੀਂ ਵੇਖੀ ਤਾਕਤ ਅਤੇ ਦਲੇਰੀ ਦੀ ਉਸਤਤ ਇਹਨਾਂ ਸ਼ਬਦਾਂ ਨਾਲ ਕੀਤੀ ਹੈ :

ਦਗਰ ਜੱਸਾ ਸਿੰਘ ਠੋਕਾ ਬਦਸ਼ ਹਮਹਿਨਾਂ ਕਿ ਸ਼ੇਰਾ ਬਦਾ ਸਰਾ ਬਤਾਬ ਦਤਵਾਂ
ਅਰਥਾਤ :- ਉਹ (ਸ. ਜੱਸਾ ਸਿੰਘ ਕਲਾਲ) ਦੇ ਨਾਲ ਇੱਕ ਸ. ਜੱਸਾ ਸਿੰਘ ਠੋਕਾ (ਤਰਖਾਣ) ਵੀ ਸੀ, ਜੋ ਉਹਨਾਂ ਕੁੱਤਿਆਂ (ਸਿੱਖਾਂ) ਦੇ ਵਿਚਕਾਰ ਬਿਫਰੇ ਹੋਏ ਸ਼ੇਰ ਵਾਂਗ ਸੀ।ਕਾਜ਼ੀ ਨੂਰ ਮੁਹੰਮਦ ਨੂੰ ਸਿੱਖਾਂ ਨਾਲ ਬਹੁਤ ਨਫਰਤ ਸੀ ਇਸ ਲਈ ਜਿਥੇ ਵੀ ਉਹ ਸਿੱਖ ਸ਼ਬਦ ਦੀ ਵਰਤੋਂ ਕਰਦਾ ਹੈ, ਉਹ ਉਹਨਾਂ ਨੂੰ ਕੁੱਤੇ (ਸਗ) ਹੀ ਲਿਖਦਾ ਹੈ।ਨਾ ਚਾਹੁੰਦਾ ਹੋਇਆ ਵੀ ਉਹ ਕਈ ਥਾਈਂ ਸਿੱਖਾਂ ਦੀ ਅਤੇ ਖਾਸ ਕਰਕੇ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਨਿਡਰਤਾ, ਬੀਰਤਾ, ਦਲੇਰੀ ਅਤੇ ਉਚੇ ਆਚਰਣ ਦੀ ਤਰੀਫ ਕਰਨੋਂ ਨਹੀਂ ਰਹਿ ਸਕਿਆ।ਇਤਿਹਾਸ ਵਿੱਚ ਕਿੰਨੇ ਸੂਰਮੇ ਹੋਏ ਹਨ, ਜਿਨ੍ਹਾਂ ਦੀ ਵੈਰੀ ਨੇ ਵੀ ਉਸਤਤ ਕੀਤੀ ਹੈ।ਇਹ ਵਡਿਆਈ ਸਿਰਫ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਹੀ ਹਿੱਸੇ ਆਈ।ਅਬਦਾਲੀ ਵਿਰੁੱਧ ਉਹ ਕਈ ਚਿਰ ਇਕੱਲਾ ਹੀ ਜ਼ੰਗ ਲੜਦਾ ਰਿਹਾ।ਇਸ ਦੀ ਦ੍ਰਿੜਤਾ ਤੇ ਹਠ ਵੀ ਕਮਾਲ ਦਾ ਸੀ।ਸਖਤ ਔਕੜਾਂ ਤੇ ਮੁਸ਼ਕਲਾਂ ਵਿੱਚ ਵੀ ਹੌਂਸਲਾ ਨਹੀਂ ਸੀ ਹਾਰਦਾ।ਆਪਣੇ ਸਾਰੇ ਇਲਾਕੇ ਖੁੱਸ ਜਾਣ ‘ਤੇ ਵੀ ਉਸ ਨੇ ਦਿਲ ਨਹੀਂ ਛੱਡਿਆ ਤੇ ਦੂਰ-ਦੁਰਾਡੀਆਂ, ਅਣਜਾਣੀਆਂ ਥਾਵਾਂ ‘ਤੇ ਵੱਡੀਆਂ ਸ਼ਕਤੀਆਂ ਦੇ ਟਾਕਰੇ ਵਿੱਚ ਮੱਲਾਂ ਮਾਰਦਾ ਰਿਹਾ।ਉਸਨੇ ਵਧੇਰੇ ਉਤਸ਼ਾਹ ਨਾਲ ਯਤਨ ਕੀਤਾ ਤੇ ਆਪਣੇ ਖੁੱਸੇ ਲਗਭਗ ਸਾਰੇ ਇਲਾਕਿਆਂ ਨੂੰ ਵਾਪਸ ਲੈਣ ਵਿੱਚ ਸਫਲ ਹੋ ਗਿਆ।
ਦੁੱਖ ਵਿੱਚ ਸੁਖਮਨੀ ਸਾਹਿਬ ਵਾਲੀ ਗੁਰਬਾਣੀ ਦੀ ਤੁੱਕ ਨੂੰ ਉਸ ਨੇ ਆਪਣਾ ਜੀਵਨ ਆਦਰਸ਼ ਹੀ ਬਣਾਇਆ ਸੀ।ਆਮ ਧਾਰਨਾ ਹੈ ਕਿ ਹੇਠ ਲਿਖਿਆ ਕਬਿੱਤ ਉਹਨਾਂ ਨੇ ਆਪ ਹੀ ਰਚਿਆ ਤੇ ਉਸ ਨੂੰ ਆਪ ਅਕਸਰ ਪੜ੍ਹਿਆ ਕਰਦੇ ਸਨ ।

ਕਬਹੁ ਕਬਹੁ ਬਾਣ ਹਾਥ ਬਾਣ ਤੇ ਨਗਾਰੇ ਸਾਥ। ਕਬਹੂ ਤੋਂ ਪਾਇ ਪਿਆਦੇ ਬੋਝ ਸੀਸ ਸਹੀਏ।
ਕਬਹੁ ਕਬਹੁ ਮੇਵੇ ਔ ਮਿਠਿਆਈ ਕੀ ਨਾ ਰੁਚੀ ਹੋਤ। ਕਬਹੁ ਤੇ ਏਕ ਮੁਠੀ ਨਾਜ ਕੀ ਨਾ ਲਹੀਏ।
ਕਬਹੂ ਨਿਜ ਦੁਆਰ ਪਰ ਭਿਖਾਰੀਅਨ ਕੀ ਭੀੜ ਹੋਤ। ਕਬਹੁ ਤੇ ਪਰ ਦੁਆਰ ਆਪ ਜਾਇ ਬਹੀਏਞ।
ਛੋਡੀਏ ਨਾ ਹਿੰਮਤ ਵਿਸਾਰੀਏ ਨਾ ਹਰੀ ਨਾਮ।ਜਾਹੁ ਬਿਧ ਰਾਮ ਰਾਖੇ ਤਾਂਹੁ ਬਿਧ ਰਹੀਏ

ਕਿੰਨਾ ਭਰੋਸਾ ਹੈ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਵਿੱਚ ਤੇ ਇਸ ਵਿਸ਼ਵਾਸ਼ ਨੂੰ ਉਦੋਂ ਫ਼ਲ ਲੱਗਾ ਜਦੋਂ ਇਕ ਵਾਰੀ ਜ਼ੰਗੀ ਮੁਹਿੰਮ ਸਮੇਂ ਰਾਮਗੜ੍ਹੀਏ ਸਰਦਾਰ ਪਾਸੋਂ ਸਾਰੀ ਮਾਇਆ ਖਤਮ ਹੋ ਗਈ ਤਾਂ ਉਸਨੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕੁੱਝ ਚਿਰ ਬਾਅਦ ਇਕ ਸਿਪਾਹੀ ਖੂਹ ਤੋਂ ਪਾਣੀ ਲੈਣ ਗਿਆ ਤਾਂ ਉਸਦਾ ਡੋਲ ਖੂਹ ਵਿੱਚ ਡਿੱਗ ਪਿਆ।ਡੋਲ ਖੂਹ ਵਿੱਚੋਂ ਕੱਢਣ ਲਈ ਜਦੋਂ ਉਹ ਪਾਣੀ ਵਿੱਚ ਉਤਰਿਆ ਤਾਂ ਖੂਹ ਵਿੱਚ ਉਸ ਨੂੰ ਕੁੱਝ ਬਰਤਨ ਪਏ ਲੱਗੇ ਤਾਂ ਉਹ ਖੂਹ ਵਿੱਚੋਂ ਬਾਹਰ ਆ ਗਿਆ ਤੇ ਰਾਮਗੜ੍ਹੀਏ ਸਰਦਾਰ ਨੂੰ ਦੱਸਿਆ ਤਾਂ ਉਹਨਾਂ ਬਰਤਨਾਂ ਨੂੰ ਖੂਹ ਵਿੱਚੋਂ ਕੱਢਿਆ ਤਾਂ ਉਹਨਾਂ ਵਿਚੋਂ ਮੋਹਰਾਂ ਨਿਕਲੀਆਂ ਤਾਂ ਰਾਮਗੜ੍ਹੀਏ ਸਰਦਾਰ ਨੇ ਵਾਹਿਗੁਰੂ ਦਾ ਧਨਵਾਦ ਕੀਤਾ ਤੇ ਸਾਰੀ ਮਾਇਆ ਆਪਣੇ ਸਿਪਾਹੀਆਂ ਵਿੱਚ ਵੰਡ ਦਿੱਤੀ।
ਦਲੇਰੀ, ਬਹਾਦਰੀ, ਹਿੰਮਤ ਤੇ ਨਿਡਰਤਾ ਤੋਂ ਛੁੱਟ ਸ. ਜੱਸਾ ਸਿੰਘ ਵਿੱਚ ਇਕ ਸਿਆਣੇ ਜਰਨੈਲ ਵਾਲੇ ਸਾਰੇ ਗੁਣ ਮੌਜ਼ੂਦ ਸਨ।ਉਹ ਜ਼ੰਗੀ ਦ੍ਰਿਸ਼ਟੀਕੋਣ ਤੋਂ ਫੌਜੀ ਮਹੱਤਵ ਦੀਆਂ ਸਕੀਮਾਂ ਘੜਨ ਤੇ ਉਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਮਹਿਮੂਦ ਵਾਂਗ ਨਿਪੁੰਨ ਸੀ।ਆਪਣੇ ਇਲਾਕੇ ਮੁੜ ਵਾਪਸ ਲੈਣ ਵੇਲੇ 1784 ਈ: ਵਿੱਚ ਉਸ ਨੇ ਜੈ ਸਿੰਘ ਕਨ੍ਹਈਏ ਦੇ ਵਿਰੁੱਧ ਹਮਲੇ ਦੀ ਜੋ ਯੋਜਨਾ ਬਣਾਈ, ਉਹ ਇੱਕ ਤਜ਼ੱਰਬੇਕਾਰ ਜਰਨੈਲ ਦਾ ਹੀ ਕੰਮ ਹੋ ਸਕਦਾ ਸੀ।ਪੂਰਨ ਸੋਚ ਵਿਚਾਰ ਨਾਲ ਬਣਾਈ ਵਿਉਂਤ ਦੇ ਸਦਕੇ ਹੀ ਉਹ ਕਨ੍ਹਈਏ ਸਰਦਾਰ ‘ਤੇ ਜਿੱਤ ਪ੍ਰਾਪਤ ਕਰਕੇ ਆਪਣੇ ਇਲਾਕੇ ਵਾਪਸ ਲੈ ਸਕਿਆ ਤੇ ਮੁੜ ਪਹਾੜੀ ਰਾਜਿਆਂ ਉਤੇ ਆਪਣਾ ਅਧਿਕਾਰ ਜਮਾਂ ਸਕਿਆ ਸੀ।ਉਹ ਇਕ ਮਹਾਨ ਨੀਤੀਵਾਨ ਸੀ।ਅਠਾਰਵੀਂ ਸਦੀ ਦੇ ਬਿਖੜੇ ਦਿਨਾਂ ਵਿੱਚ ਵਿਸ਼ਾਲ ਇਲਾਕਿਆਂ ‘ਤੇ ਕਬਜ਼ਾ ਕਰ ਲੈਣਾ ਕੋਈ ਛੋਟਾ ਜਿਹਾ ਕੰਮ ਨਹੀਂ ਸੀ।ਉਹ ਆਪਣੀ ਦ੍ਰਿੜਤਾ ਅਤੇ ਸਫਲ ਨੀਤੀ ਦੇ ਸਦਕੇ ਹੀ ਸਭ ਬਲਵਾਨ ਸਿੱਖ ਮਿਸਲਾਂ ਦੇ ਗਠਜੋੜ ਦਾ ਟਾਕਰਾ ਕਰਦਾ ਰਿਹਾ।ਅਠਾਰਵੀਂ ਸਦੀ ਵਿੱਚ ਬਲਵਾਨ ਮੁਗਲ ਹਕੂਮਤ ਤੇ ਪਠਾਣ ਹਮਲਾਵਰਾਂ ‘ਤੇ ਸਿੱਖਾਂ ਨੇ ਜੋ ਸ਼ਾਨਦਾਰ ਜਿੱਤਾਂ ਪ੍ਰਾਪਤ ਕੀਤੀਆਂ।ਉਹਨਾਂ ਜਿੱਤਾਂ ਵਿੱਚ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਸਿਆਣਪ ਤੇ ਰਾਜਨੀਤਕ ਸੂਝ-ਬੂਝ ਦਾ ਵਿਸ਼ੇਸ਼ ਹਿੱਸਾ ਹੈ।
ਸ. ਜੱਸਾ ਸਿੰਘ ਰਾਮਗੜ੍ਹੀਆ ਨੇ ਸਭ ਸਿੱਖ ਸਰਦਾਰਾਂ ਤੋਂ ਪਹਿਲਾਂ ਪਹਾੜੀ ਰਿਆਸਤਾਂ ਵਿੱਚ ਸਿੱਖ ਰਾਜ ਦੀ ਨੀਂਹ ਰੱਖੀ ਅਤੇ ਦੂਸਰੇ ਸਿੱਖ ਸਰਦਾਰਾਂ ਨੂੰ ਪਹਾੜੀ ਇਲਾਕਿਆਂ ਦਾ ਰਾਹ ਦਿਖਾਇਆ।ਰਾਮਗੜ੍ਹੀਏ ਸਰਦਾਰ ਨੇ ਫੌਜੀ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਥਾਵਾਂ ‘ਤੇ ਕਿਲ੍ਹੇ ਉਸਾਰਣ ਦੀ ਨੀਤੀ ਨੂੰ ਬੜੇ ਵੱਡੇ ਪੈਮਾਨੇ ‘ਤੇ ਵਰਤੋਂ ਵਿੱਚ ਲਿਆਂਦਾ। ਇਕ ਸਾਊ ਮਨੁੱਖ ਤੇ ਸ. ਜੱਸਾ ਸਿੰਘ ਰਾਮਗੜ੍ਹੀਏ ਦੀ ਮਹਾਨਤਾ ਵੀ ਬਹੁਤ ਹੈ।ਆਪਣੇ ਵਿਰੋਧੀਆਂ ਦਾ ਵੀ ਉਹ ਪੂਰਾ ਮਾਣ ਕਰਦਾ ਸੀ।1762 ਈ: ਵਿੱਚ ਵੱਡੇ ਘੱਲਘੂਾਰੇ ਵਿੱਚ ਆਹਲੂਵਾਲੀਆ ਸਰਦਾਰ ਬਹੁਤ ਜ਼ਖ਼ਮੀ ਹੋ ਗਿਆ ਤਾਂ ਰਾਮਗੜ੍ਹੀਏ ਸਰਦਾਰ ਨੇ ਬਾਕੀ ਸਰਦਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਸਰਦਾਰ ਆਹਲੂਵਾਲੀਏ ਨੂੰ ਮੈਦਾਨੇ ਜੰਗ ਵਿੱਚੋਂ ਨਿਕਲ ਜਾਣ ਦੀ ਪ੍ਰੇਰਨਾ ਦਿੱਤੀ।ਇਸ ਵਿਚੋਂ ਉਸ ਦੇ ਕੌਮੀ ਪਿਆਰ ਅਤੇ ਪੰਥਕ ਭਲਾਈ ਦਾ ਸਬੂਤ ਮਿਲਦਾ ਹੈ।ਜਿਸ ਵੇਲੇ ਸ. ਮਾਲੀ ਸਿੰਘ ਰਾਮਗੜ੍ਹੀਏ ਨੇ ਸ. ਜੱਸਾ ਸਿੰਘ ਆਹਲੂਵਾਲੀਏ ਨੂੰ ਗੁਰਦਾਸ ਨਗਲ ਦੇ ਲਾਗੇ ਇਕ ਮੁੱਠਭੇੜ ਵਿੱਚ ਫੱਟੜ ਕਰਕੇ ਕੈਦ ਕਰ ਲਿਆ ਸੀ ਤਾਂ ਸ. ਜੱਸਾ ਸਿੰਘ ਰਾਮਗੜ੍ਹੀਏ ਨੇ ਸ. ਮਾਲੀ ਸਿੰਘ ਦੀ ਅਵੱਗਿਆ ਦੀ ਮੁਆਫੀ ਮੰਗੀ ਅਤੇ ਫੱਟਾਂ ਦਾ ਇਲਾਜ਼ ਕਰਵਾਇਆ।ਜਦੋਂ ਸ. ਜੱਸਾ ਸਿੰਘ ਆਹਲੂਵਾਲੀਆ ਠੀਕ ਹੋ ਗਿਆ ਤਾਂ ਉਸ ਨੂੰ ਜਾਣ ਲੱਗਿਆਂ ਖਿੱਲਤ ਅਤੇ ਪਾਲਕੀ ਭੇਟ ਕਰਕੇ ਆਦਰ ਮਾਨ ਸਨਮਾਨ ਕੀਤਾ।ਪਰ ਸ. ਜੱਸਾ ਸਿੰਘ ਆਹਲੂਵਾਲੀਏ ਨੇ ਆਪਣੇ ਦਿਲੋਂ ਈਰਖਾ ਨਾ ਛੱਡੀ ਤੇ ਕੁੱਝ ਚਿਰ ਬਾਅਦ ਰਾਮਗੜ੍ਹੀਏ ਸਰਦਾਰ ਨੂੰ ਗੋਲੀ ਮਾਰ ਕੇ ਫੱਟੜ ਕਰ ਦਿੱਤਾ।ਸ. ਜੱਸਾ ਸਿੰਘ ਰਾਮਗੜ੍ਹੀਏ ਦਾ ਆਚਰਨ ਬਿਲਕੁੱਲ ਬੇਦਾਗ ਸੀ।ਉਸ ਨੇ ਪਰਾਈ ਇਸਤਰੀ ਦੀ ਇੱਜ਼ਤ ਨੂੰ ਬਚਾਉਣਾ ਆਪਣੇ ਆਦਰਸ਼ ਵਿੱਚ ਸ਼ਾਮਲ ਕਰ ਰੱਖਿਆ ਸੀ।ਇਕ ਵਾਰੀ ਹਿਸਾਰ ਦਾ ਸੂਬੇਦਾਰ ਇਕ ਬ੍ਰਾਹਮਣ ਦੀਆਂ ਦੋ ਧੀਆਂ ਚੁੱਕ ਕੇ ਲੈ ਗਿਆ, ਪਤਾ ਲੱਗਣ ‘ਤੇ ਬ੍ਰਾਹਮਣ ਦੀਆਂ ਧੀਆਂ ਨੂੰ ਛੁਡਾ ਕੇ ਬ੍ਰਾਹਮਣ ਦੇ ਹਵਾਲੇ ਕੀਤੀਆਂ ਤੇ ਉਸ ਨਵਾਬ ਨੂੰ ਕਰੜਾ ਦੰਡ ਦਿੱਤਾ ਅਤੇ ਬ੍ਰਾਹਮਣ ਨੂੰ ਮਜ਼ਬੂਰ ਕੀਤਾ ਕਿ ਉਹ ਆਪਣੀਆਂ ਲੜਕੀਆਂ ਨੂੰ ਆਪਣੇ ਧਰਮ ਵਿੱਚ ਅਭੇਦ ਕਰੇ।
ਸ੍ਰ. ਜੱਸਾ ਸਿੰਘ ਰਾਮਗੜ੍ਹੀਆ ਇੱਕ ਕਿਰਤੀ ਘਰਾਣੇ ਵਿੱਚੋਂ ਉੱਠ ਕੇ ਆਪਣੇ ਸਮੇਂ ਦਾ ਇਕ ਉੱਘਾ ਮਿਸਲਦਾਰ ਬਣਿਆ।ਉਸ ਸਮੇਂ ਦੇ ਹਾਲਾਤ ‘ਤੇ ਉਸ ਦੇ ਤੁੱਛ ਵਸੀਲਿਆਂ ਦਾ ਖਿਆਲ ਕਰਦਿਆਂ ਇਹ ਛੋਟੀ ਜਿਹੀ ਸਫਲਤਾ ਨਹੀਂ ਸੀ।ਸ੍ਰੀ ਅੰਮ੍ਰਿਤਸਰ ਦੀ ਰਖਵਾਲੀ ਲਈ ਬਣਾਏ ਗਏ ਪਹਿਲੇ ਕਿਲ੍ਹੇ ਰਾਮਗੜ੍ਹ ਦੀ ਰਖਵਾਲੀ ਲਈ ਕਈ ਸਾਲ ਜੂਝਦਾ ਰਿਹਾ ਅਤੇ ਇਸ ਨੂੰ ਕਈ ਵਾਰ ਉਸਾਰਿਆ ਅਤੇ ਉਸਦੇ ਸਾਥੀਆਂ ਨੇ ਹਰ ਵਾਰ ਹੀ ਭਰਪੂਰ ਯੋਗਦਾਨ ਪਾਇਆ।ਰਾਮਗੜ੍ਹ ਕਿਲ੍ਹੇ ਲਈ ਅਦੁੱਤੀ ਪਿਆਰ ਸਦਕਾ ਉਸ ਨੂੰ ਰਾਮਗੜ੍ਹੀਆ ਪੱਦਵੀ ਮਿਲੀ ਤੇ ਆਪਣੀ ਹਿੰਮਤ, ਸਿਰੜ, ਬੁਲਦ ਹੌਂਸਲੇ ਨਾਲ ਉਸ ਨੇ ਆਪਣੇ ਆਪ ਨੂੰ ਉਸ ਦੇ ਯੋਗ ਸਿੱਧ ਕਰ ਦਿਖਲਾਇਆ ਤੇ ਇਸ ਤਰ੍ਹਾਂ ਨਾਲ ਰਾਮਗੜ੍ਹੀਆ ਨਾਮ ਦੀ ਸਦਾ ਲਈ ਲਾਜ਼ ਰੱਖੀ।
ਇਸ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਸਿੰਘ ਬਹਾਦਰ ਸ. ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਖਸੀਅਤ ਬਹੁ-ਪੱਖੀ ਸੀ ਤੇ ਇਤਨੇ ਜਿਆਦਾ ਗੁਣਾਂ ਭਰਪੂਰ ਇਸ ਮਹਾਂਬਲੀ ਪੰਥਕ ਯੋਧੇ ਦਾ ਸਮੁੱਚਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਅਤੇ ਉਤਸ਼ਾਹੀ ਗੱਭਰੂਆਂ ਲਈ ਇਕ ਚਾਨਣ ਮੁਨਾਰਾ ਬਣਿਆ ਰਹੇਗਾ।
ਆੳ ਇਸ ਅਜੀਮ ਯੋਧੇ ਤੇ ਕੌਮ ਦੇ ਮਹਾਰਾਜੇ ਦੇ ਜੀਵਨ ਤੋਂ ਜੀਵਨ ਸੇਧ ਲੈ ਕੇ ਆਪਣੀ ਕੌਮ ਦੇ ਭਲੇ ਤੇ ਬਿਹਤਰੀ ਵਾਸਤੇ ਕੰਮ ਕਰੀਏ ਤੇ ਆਉਣ ਵਾਲੀਆਂ ਪੀੜੀਆਂ ਨੂੰ ਇਸ ਵੱਡਮੁਲੇ ਇਤਹਾਸ ਤੇ ਵਿਰਾਸਤਾਂ ਤੋਂ ਜਾਣੂ ਕਰਾਈਏ।1006202302

ਭਾਗ ਪੰਜਵਾਂ (ਸਮਾਪਤ)

ਗਿਆਨ ਸਿੰਘ ਬਮਰਾਹ
ਅੰਮ੍ਰਿਤਸਰ।
ਮੋ – 9464283050

Check Also

ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …