Wednesday, January 8, 2025

ਘਰ ਗ੍ਰਹਿਸਥੀ ਚਾਰ ਦਿਹਾੜੇ ……

ਘਰ ਭਾਵੇਂ ਕੁੱਲੀ ਵਰਗਾ ਹੀ ਹੋਵੇ, ਬੱਸ ਪ੍ਰੇਮ ਪਿਆਰ ਹੋਵੇ ਤਾਂ ਉਹ ਸਵਰਗ ਤੋਂ ਘੱਟ ਨਹੀਂ ਹੁੰਦਾ, ਫਿਰ ਮਹਿਲ ਮਾੜੀਆਂ ਦੀ ਜ਼ਰੂਰਤ ਨਹੀਂ ਭਾਸਦੀ।ਜਦੋਂ ਗੱਭਰੂ-ਮੁਟਿਆਰ ਦਾ ਵਿਆਹ ਹੋ ਜਾਂਦਾ ਹੈ ਤਾਂ ਜੋੜੀ ਕਹਿੰਦੇ ਹਾਂ। ਜੋੜੀ ਬਰਾਬਰ ਹੋ ਕੇ ਚੱਲੇ ਤਾਂ ਯੋਗ ਕਹਿੰਦੇ ਹਾਂ, ਯੋਗ ਦੀ ਤਰ੍ਹਾਂ ਚੱਲਣ ਤਾਂ ਸ਼ੋਭਾ ਹੁੰਦੀ ਹੈ।ਸਿਆਣੇ ਮਾਪਿਆਂ ਹੱਥ ਘਰ ਦੀ ਵਾਗਡੋਰ ਹੋਵੇ, ਬਾਪੂ ਹੱਲਾਸ਼ੇਰੀ ਦੇ ਕੇ, ਰੋਕ-ਟੋਕ ਕਰਦਿਆਂ ਕੰਮ ਚਲਾਈ ਜਾਵੇ।
ਸਭ ਨੂੰ ਖੁੱਲ੍ਹਾ ਖਾਣ-ਪੀਣ, ਰੱਜ਼ਵਾਂ ਪਿਆਰ ਮਿਲੇ।ਘਰ ਵਿੱਚ ਮਾਂ-ਪਿਓ, ਭੈਣ-ਭਰਾ ਹੁੰਦੇ ਹਨ।ਘਰ ਗ੍ਰਹਿਸਥੀ ਨੂੰ ਔਰਤਾਂ ਹੀ ਚਲਾਉਂਦੀਆਂ ਹਨ।ਮਰਦ ਬਾਹਰ ਦਾ ਕੰਮ ਸੰਭਾਲਦੇ ਹਨ।ਧੀ ਜਵਾਨ ਹੋਣ ‘ਤੇ ਉਸ ਨੂੰ ਸਹੁਰੇ ਘਰ ਭੇਜਣ ਦੇ ਨਾਲ ਹੀ ਘਰ ਨੂੰਹ ਲਿਆਉਣ ਦੀ ਵੀ ਤਿਆਰੀ ਹੋਣ ਲੱਗ ਪੈਂਦੀ ਹੈ।ਪਤੀ ਨੂੰ ਪ੍ਰਮੇਸ਼ਰ ਕਿਹਾ ਗਿਆ ਹੈ ਅਤੇ ਔਰਤ ਨੂੰ ਦੇਵੀ।ਜਿਥੇ ਪ੍ਰਮੇਸ਼ਰ ਤੇ ਦੇਵੀ ਇਕੱਠੇ ਹੋਣ ਤਾਂ ਘਰ ਸਵਰਗ ਦੀ ਨਿਆਈਂ ਹੋ ਜਾਂਦਾ ਹੈ।ਔਰਤ ਘਰ ਸਜਾਉਂਦੀ ਸੰਵਾਰਦੀ ਹੈ।ਉਸ ਦੇ ਨਰਗਸੀ ਨੈਣ, ਮੁੱਖ ਦੇ ਬੋਲ ਠੰਡਕ ਦੇਂਦੇ ਹਨ, ਉਸ ਦੇ ਸੋਹਣੇ ਹੱਥ ਸਾਡੇ ਲਈ 36 ਪ੍ਰਕਾਰ ਦੇ ਭੋਜਨ ਬਣਾਉਂਦੇ ਤੇ ਪਰੋਸਦੇ ਹਨ।ਇਹ ਔਰਤਾਂ ਅਰਸ਼ੋਂ ਉਤਰੀਆਂ ਪਰੀਆਂ ਹੀ ਹੁੰਦੀਆਂ ਹਨ।ਮੋਹ ਪ੍ਰੇਮ ਦੀਆਂ ਭਰੀਆਂ, ਸਿਰ ‘ਤੇ ਹੱਥ ਫੇਰਦੀਆਂ ਮਾਂ, ਭੈਣ, ਧੀ, ਪਤਨੀ।ਬੱਸ ਸਾਡੀ ਦੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ, ਸਮਝਣ ਲਈ ਚੰਗਾ ਦਿਲ ਚਾਹੀਦਾ ਹੈ।ਸਿਰਫ ਦੋ ਪ੍ਰਸੰਸਾ ਦੇ ਬੋਲ ਹੀ ਸਾਰੇ ਦਿਨ ਦਾ ਅਕੇਵਾਂ-ਥਕੇਵਾਂ ਲਾਹ ਦੇਂਦੇ ਹਨ।
ਸਵਰਗ=ਸ+ਵਰਗ = ਸੋਹਣਾ ਕਬੀਲਾ ਜਿਸ ਵਿੱਚ ਸਬ ਲਈ ਪਿਆਰ, ਵਲ-ਫਰੇਬ ਨਾ ਹੋਵੇ, ਚੰਗਿਆਂ ਦਾ ਵਾਸਾ ਹੋਵੇ।ਇਹ ਗੁਣ ਚੰਗੇ ਘਰ ਵਿੱਚ ਹੁੰਦੇ ਹਨ।ਘਰ ਦੀ ਤਰੱਕੀ, ਕਾਮਯਾਬੀ ਪਿੱਛੇ ਔਰਤ ਦਾ ਹੱਥ ਹੁੰਦਾ ਹੈ।ਸੁੱਖ ਸ਼ਾਂਤੀ ਦਾ ਮਾਹੌਲ ਹੋਵੇ ਤਾਂ ਬਰਕਤਾਂ ਹੀ ਬਰਕਤਾਂ ਪੈਂਦੀਆਂ ਹਨ।ਘਰ ਨੂੰ ਚਲਾਉਣਾ ਹੀ ਗ੍ਰਹਿਸਥੀ ਹੈ।ਗ੍ਰਹਿ+ਸਾਥੀ= ਔਰਤ+ਮਰਦ= ਗ੍ਰਹਿਸਾਥੀ ਹਨ।ਔਰਤ ਘਰ ਦਾ ਧੁਰਾ ਹੈ।ਮਰਦ ਔਰਤ ਨੂੰ ਇੱਕ ਦੂਜੇ ਦਾ ਸਾਥ ਜ਼ਰੂਰੀ ਹੈ, ਸਤਿਕਾਰ ਜ਼ਰੂਰੀ ਹੈ, ਪਿਆਰ ਜ਼ਰੂਰੀ ਹੈ।ਜਿਹੜੀ ਪਤਨੀ ਸ਼ਾਂਤ, ਸਰਲ, ਨਰਮ ਸੁਭਾਅ, ਸਬਰ ਸੰਤੋਖ ਵਾਲੀ ਹੁੰਦੀ ਹੈ; ਘਰ ਨੂੰ ਮਾਲਾ ਮਾਲ ਕਰਦੀ ਹੈ।ਜੋ ਇਸ ਤੋਂ ਉਲਟ ਸੁਭਾਅ ਵਾਲੀ ਹੁੰਦੀ ਹੈ; ਉਹ ਵੱਸਦੇ ਰਸਦੇ ਘਰ ਨੂੰ ਖੇਰੂੰ-ਖੇਰੂੰ ਕਰ ਦੇਂਦੀ ਹੈ।ਉਹ ਖੁਸ਼ ਨਸੀਬ ਹੁੰਦੇ ਹਨ, ਜਿੰਨ੍ਹਾਂ ਦੀਆਂ ਪਤਨੀਆਂ; ਤਨ ਮਨ ਦੀਆਂ ਸੁੰਦਰ, ਸੁੱਘੜ ਸਿਆਣੀਆਂ ਹੁੰਦੀਆਂ ਹਨ। ਇਸ ਤਰ੍ਹਾਂ ਹੀ ਉਹ ਔਰਤਾਂ ਖੁਸ਼ਨਸੀਬ ਹੁੰਦੀਆਂ ਹਨ, ਜਿੰਨਾਂ ਨੂੰ ਤਨ ਮਨ ਦੇ ਸੁੰਦਰ, ਸੁੱਘੜ ਸਿਆਣੇ ਪਤੀ ਨਸੀਬ ਹੁੰਦੇ ਹਨ।
ਜੋ ਨੌਕਰੀ ਪੇਸ਼ਾ ਜੋੜੀਆਂ ਹਨ, ਉਹਨਾਂ ਨੂੰ ਹਰ ਕੰਮ ਵਿੱਚ ਇੱਕ ਦੂਜੇ ਦਾ ਹੱਥ ਵਟਾਉਣਾ ਚਾਹੀਦਾ ਹੈ।ਉਹਨਾਂ ਦਾ ਮਾਪਿਆਂ ਪ੍ਰਤੀ ਵਤੀਰਾ ਵੀ ਬਹੁਤ ਸਤਿਕਾਰ ਯੋਗ ਹੋਣਾ ਚਾਹੀਦਾ ਹੈ।ਉਹਨਾਂ ਦੇ ਬੱਚੇ ਖਾਸ ਕਰਕੇ ਮਾਪਿਆਂ ਹੀ ਪਾਲਣੇ ਹੁੰਦੇ ਹਨ।ਨੌਕਰ, ਮਾਪਿਆਂ ਦੀ ਬਰਾਬਰੀ ਨਹੀਂ ਕਰ ਸਕਦੇ।ਮੂਲ ਨਾਲੋਂ ਵਿਆਜ, ਦਾਦੇ-ਦਾਦੀ ਨੂੰ ਜ਼ਿਆਦਾ ਪਿਆਰਾ ਹੁੰਦਾ ਹੈ।ਸੰਯੁਕਤ ਪਰਿਵਾਰ ਸੁਰੱਖਿਅਤ ਹਨ।
ਇਕਲਾਪੇ ਨੂੰ ਤੋੜਨ ਦਾ ਸਾਧਨ ਗ੍ਰਹਿਸਥ ਹੈ।ਇਹ ਭਟਕਣਾ ਨੂੰ ਸ਼ਾਂਤ ਕਰਦੀ ਹੈ।ਜ਼ਿਦਗੀ ਵਿੱਚ ਦੁੱਖ ਵੀ ਹਨ ਤੇ ਸੁੱਖ ਵੀ।ਇਹ ਹਰ ਤਰ੍ਹਾਂ ਸੁਰੱਖਿਆ ਦੇਂਦਾ ਹੈ।ਇਹ ਇੱਕ ਲਛਮਣ ਰੇਖਾ ਵੀ ਹੈ।ਪਵਿੱਤਰਤਾ ਦਾ ਬੰਧਨ ਵੀ ਹੈ। ਗ੍ਰਹਿਸਥ ਵਿੱਚ ਜੇ ਗ਼ੁਲਾਬ ਵਰਗੀ ਸੁਗੰਧੀ ਹੈ ਤਾਂ ਨਾਲ ਕੰਡੇ ਵੀ ਹਨ।ਮਨਾਂ ਦੀ ਧੁੱਕ-ਧੁੱਕੀ ਹੈ ਅਤੇ ਝੱਟ ਸ਼ਾਂਤੀ ਵੀ। ਘਰ ਔਰਤ ਨਾਲ ਹੀ ਸੋਭਾ ਦੇਂਦਾ ਹੈ।ਵਿਧਾਤਾ ਨੇ ਇਸ ਦੀ ਸਿਰਜਨਾ ਬਹੁਤ ਰੀਝ ਨਾਲ ਕੀਤੀ ਹੈ।ਜੋ ਨਰ-ਨਾਰੀ ਵਿਆਹ ਤੋਂ ਕੰਨੀ ਕਤਰਾਉਂਦੇ ਹਨ, ਉਹ ਭਟਕਦੇ ਰਹਿੰਦੇ ਹਨ।ਮਨ ਹੀ ਮਨ ਝੂਰਦੇ ਹਨ, ਉਪਰੋਂ-ਉੱਪਰੋਂ ਲੱਖ ਪੋਚਾ ਪਾਈ ਜਾਵਣ, ਅੰਦਰੋਂ ਖੋਖਲੇ ਹੁੰਦੇ ਹਨ।ਉਹ ਹੀ ਘਰ ਹੁੰਦਾ ਹੈ, ਪਿੰਡ ਹੁੰਦਾ ਹੈ, ਜੰਗਲ ਬੇਲੇ ਹੁੰਦੇ ਹਨ, ਜੋ ਆਮ ਜਿਹੇ ਹੀ ਜਾਪਦੇ ਹਨ, ਪਰ ਜਦੋਂ ਪਿਆਰੀ ਜੋੜੀ ਇੱਕਠੀ ਇਹਨਾਂ ਵਿੱਚ ਤੁਰਦੀ, ਚੁੰਗੀਆਂ ਭਰਦੀ ਹੈ, ਨਿਹਾਰਦੀ ਹੈ ਤਾਂ ਉਹ ਸੱਭ ਕੁਝ ਸੋਹਣਾ ਸੋਹਣਾ ਲੱਗਦਾ ਹੈ, ਰੂਹ ਨਸ਼ਿਆ ਜਾਂਦੀ ਹੈ।ਦੋਵੇਂ ਜੀਅ ਬੱਸ, ਕੁੱਝ ਇਸ ਤਰ੍ਹਾਂ ਦਾ ਅਹਿਸਾਸ ਰੱਖਦੇ ਹਨ:-

‘ਯਾਰਾ ਤੇਰਾ ਘੁੱਟ ਭਰ ਲਾਂ ਤੈਨੂੰ ਵੇਖਿਆਂ ਸਬਰ ਨਾ ਆਵੇੇ’।

ਘਰ ਵਿੱਚ ਆਈ ਨਵ-ਵਿਆਹੀ ਘਰ ਨੂੰ ਭਾਗ ਲਾ ਦੇਂਦੀ ਹੈ।ਹਾਸੇ ਠੱਠੇ ਚੱਲਦੇ ਰਹਿੰਦੇ ਹਨ ਤੇ ਸਭ ਜੀਅ ਮੱਕੀ ਦੇ ਦਾਣਿਆਂ ਦੀ ਤਰ੍ਹਾਂ ਖਿੜਦੇ ਰਹਿੰਦੇ ਹਨ।
ਘਰ ਗ੍ਰਹਿਸਥੀ ਵਿੱਚ ਸੱਸ ਤੇ ਨੂੰਹ ਦਾ ਰਿਸ਼ਤਾ ਬਹੁਤ ਤਿਲਕਣਬਾਜ਼ੀ ਵਾਲਾ ਹੈ।ਜੇ ਇਹਨਾਂ ਦੀ ਸੂਤ ਬੈਠ ਜਾਵੇ ਤਾਂ ਵਾਹਵਾ। ਰੱਬ ਨਾ ਕਰੇ ਜੇ ਤਿੰਨ-ਪੰਜ ਹੋ ਜਾਵੇ ਤਾਂ ਨੂੰਹ ਮੌਕੇ-ਬੇ-ਮੌਕੇ ਬੋਲੀ ਪਾ ਕੇ ਦਿਲ ਦੀ ਗੱਲ ਘਰਵਾਲੇ ਨੂੰ ਸੁਣਾ ਦੇਂਦੀ ਹਾਂ:-

‘ਬਾਰੀਂ ਬਰਸੀਂ ਖੱਟਣ ਗਿਆ ਸੀ, ਖੱਟ ਕੇ ਲਿਆਂਦੇ ਛੋਲੇ, ਨੀ ਮੈਂ ਸੱਸ ਕੁੱਟਣੀ, ਕੁੱਟਣੀ ਸੰਦੂਕਾਂ ਓਹਲੇ’।
‘ਮਾਪਿਆਂ ਨੇ ਰੱਖੀ ਲਾਡਲੀ ਅੱਗੋਂ ਸੱਸ ਬਘਿਆੜੀ ਟੱਕਰੀ’।

ਜੇ ਸੱਸ, ਨੂੰਹ ਨੂੰ ਧੀ ਵਾਲਾ ਪਿਆਰ ਦੇਵੇ ਤਾਂ ਉਸ ਨੂੰ ਪੇਕਿਆਂ ਦੀ ਯਾਦ ਬਹੁਤ ਘੱਟ ਹੀ ਆਉਂਦੀ ਹੈ।ਨੂੰਹ ਵੀ ਸੱਸ ਨੂੰ ਆਪਣੀ ਮਾਂ ਵਾਲਾ ਪਿਆਰ ਸਤਿਕਾਰ ਦੇਵੇ ਤਾਂ ਸੱਸ ਨੂੰ ਵੀ ਆਪਣੀ ਧੀ ਦੀ ਯਾਦ ਘੱਟ ਆਉਂਦੀ ਹੈੇ।ਫਿਰ ਨੂੰਹ, ਸੱਸ ਦੀ ਸਿਫਤ ਇਸ ਤਰ੍ਹਾਂ ਕਰਦੀ ਹੈ:-

‘ਸੱਸਾਂ ਸੱਸਾਂ ਤਾਂ ਹਰ ਕੋਈ ਕਹਿੰਦਾ, ਨੀ ਮੈਂ ਸੱਸਾਂ ਦੀ ਸਿਫਤ ਸੁਣਾਵਾਂ, ਪਹਿਲਾਂ ਸਾਨੂੰ ਪੁੱਤਰ ਦਿੰਦੀਆਂ,
ਫਿਰ ਦਿੰਦੀਆਂ ਰਹਿਣ ਨੂੰ ਥਾਵਾਂ, ਮੈਂ ਪਿਆਰੀਆਂ ਸੱਸਾਂ ਦੀ ਕੀ-ਕੀ ਸਿਫਤ ਸੁਣਾਵਾਂ’।

ਤਿਲਾਂ ਦੀਆਂ ਤਲੂਣੀਆਂ ਜਿਵੇਂ ਚੁੱਲ੍ਹੇ ਵਿੱਚ ਬਲਦੀਆਂ ਤਿੜਕ-ਤਿੜਕ ਕਰਦੀਆਂ ਹਨ।ਇਹਨਾਂ ਦੀ ਤਰ੍ਹਾਂ ਘਰ ਵਿੱਚ ਕਿੜ-ਕਿੜ ਹੁੰਦੀ ਚੰਗੀ ਨਹੀਂ ਲੱਗਦੀ।ਖੁਸ਼ੀਆਂ ਖੇੜੇ ਹੀ ਚੰਗੇ ਲੱਗਦੇ ਹਨ।ਇਹ ਸਭ ਔਰਤ ਦੇ ਹੱਥ ਵੱਸ ਹੁੰਦਾ ਹੈ।ਘਰ ਵਿੱਚ ਭਾਂਡੇ ਹੋਏ ਤਾਂ ਥੋੜ੍ਹੇ ਬਹੁਤੇ ਖੜਕ ਹੀ ਪੈਂਦੇ ਹਨ, ਪਰ ਜੇ ਭਾਂਡੇ ਭਰੇ ਹੋਏ ਹੋਣ ਤਾਂ ਖੜਕਦੇ ਹੀ ਨਹੀਂ।ਬੱਸ ਆਪੋ-ਆਪਣੇ ਭਾਂਡੇ ਰੂਪੀ ਸਰੀਰ; ਪਿਆਰ ਨਾਲ ਨੱਕੋ-ਨੱਕ ਭਰੀ ਰੱਖੀਏ ਤਾਂ ਗੁਜ਼ਰ ਵਧੀਆ ਹੁੰਦੀ ਹੈ।ਸੋਹਣੀ ਪਤੀਵਰਤਾ ਔਰਤ ਅਤੇ ਸੋਹਣੇ ਦਿਲ ਵਾਲੇ ਪਿਆਰੇ ਪਤੀ, ਮੁੱਲ ਵਿਕਦੀ ਚੀਜ਼ ਨਹੀਂ ਹੁੰਦੇ, ਜੋ ਹੱਟੀਆਂ ਤੋਂ ਮਿਲ ਜਾਣ।

‘ਮੁੱਲ ਵਿਕਦਾ ਸੱਜਣ ਜੇ ਮਿਲ ਜਾਵੇ ਤਾਂ ਲੈ ਲਵਾਂ ਮੈਂ ਜਿੰਦ ਵੇਚ ਕੇ’

ਇਹ ਸਭ ਕਹਿਣ ਦੀਆਂ ਗੱਲਾਂ ਹਨ।ਪਰ ਹੈਣ ਪਿਆਰਾਂ ਦੇ ਸੌਦੇ।ਸਾਦਗੀ ਦੀ ਸੂਰਤ ਨਾਰ ਹਲਕੇ-ਫੁਲਕੇ ਸ਼ਿੰਗਾਰ ਵਿੱਚ ਹੀ ਫੱਬ ਜਾਂਦੀ ਹੈ, ਤੇ ਭਰਵੇਂ ਜੁੱਸੇ ਦੇ ਗੱਭਰੂ ਵੀ ਨ੍ਹਾਤੇ ਧੋਤੇ, ਢੰਗ ਦੇ ਕੱਪੜੇ ਪਹਿਨੇ ਵੇਖਿਆਂ ਭੁੱਖ ਲਹਿੰਦੀ ਹੈ।ਫੈਸ਼ਨਪ੍ਰਸਤ, ਬਾਹਰ ਫਿਰਨ ਤੁਰਨ ਵਾਲੀਆਂ, ਚਟੋਰੀਆਂ, ਐਸ਼-ਪ੍ਰਸਤ ਔਰਤਾਂ ਘਰ ਦਾ ਮੂੰਹ, ਦੂਜੇ ਪਾਸੇ ਲਾ ਦਿੰਦੀਆਂ ਹਨ।ਸੰਜ਼ਮੀਂ ਔਰਤਾਂ ਘਰ ਬਣਾਉਂਦੀਆਂ ਹਨ।ਉਹ ਤਾਂ ਰਸੋਈ ਦੇ ਸਮਾਨ ਵਿੱਚੋਂ ਵੀ ਕੁੱਝ ਬਚਾ ਕੇ ਰੱਖਦੀਆਂ ਹਨ ਕਿ ਵੇਲੇੇ-ਕੁਵੇਲੇ ਬੁੱਤਾ ਸਰਦਾ ਰਹੇ। ਅਖਾਣ ਹੈ,

‘ਭਰ ਕਨਾਲੀ ਛਾਣਦੀ ਤੇ ਫੱਗਣ ਨਹੀਂ ਸੀ ਜਾਣਦੀ’।
ਘਰ ਵਿੱਚੋਂ ਭਾਵੇਂ ਇੱਕ ਹੀ ਕਮਰਾ ਮਿਲੇ, ਨੂੰਹ-ਰਾਣੀ ਉਸ ਨੂੰ ਹੀ ਸਜਾ-ਫਬਾ ਕੇ ਰੱਖਦੀ ਹੈ।ਰਸੋਈ, ਵਿਹੜਾ ਸਭ ਸਾਫ਼-ਸੁਥਰਾ ਰੱਖਦੀ ਹੈ।ਏਸੇ ਤਰ੍ਹਾਂ ਹੀ ਮਰਦ ਵੀ ਘਰ ਦੀ ਦਾਲ ਰੋਟੀ ਨੂੰ ਅੰਮ੍ਰਿਤ ਸਮਝ ਕੇ ਛਕਣ।ਸ਼ਰਾਬ, ਅਫੀਮ, ਗੋਲੀਆਂ, ਚਿੱਟੇ ਆਦਿ ਨਸ਼ਿਆਂ ਦਾ ਸੇਵਨ ਨਾ ਕਰਨ।ਘਰੋਂ ਬਾਹਰ ਢਾਣੀਆਂ ਵਿੱਚ ਨਾ ਬੈਠਣ।ਨਸ਼ਿਆਂ ਦਾ, ਬੱਚਿਆਂ ਉੱਪਰ ਅਤੇ ਘਰ ਪਰਿਵਾਰ ਤੇ ਮਾੜਾ ਅਸਰ ਪੈਂਦਾ ਹੈ।ਧੰਨ ਦਾ ਬਹੁਤ ਉਜਾੜਾ ਹੁੰਦਾ ਹੈ।ਨਿੱਕੇ ਮੋਟੇ ਸਮਾਗਮ ਵੀ ਘਰ ਵਿੱਚ ਹੀ ਕਰ ਲਏ ਜਾਣੇ ਚਾਹੀਦੇ ਹਨ।
ਅੰਗਰੇਜ਼ੀ ਵਿੱਚ ਦੂਸਰੇ ਦੇ ਘਰ ਨੂੰ ਹਾਊਸ ਤੇ ਆਪਣੇ ਨੂੰ ਸਵੀਟ ਹੋਮ ਕਹਿੰਦੇ ਹਨ।ਘਰ ਇੱਟਾਂ ਸੀਮੈਂਟ, ਪੱਥਰਾਂ ਨਾਲ ਬਣੇ ਹੁੰਦੇ ਹਨ, ਪਰ ਔਰਤਾਂ ਨਾਲ ਹੀ ਸੋਂਹਦੇ ਹਨ।ਘਰ ਦੇ ਜੀਆਂ ਨਾਲ ਰੌਣਕਾਂ ਹੁੰਦੀਆਂ ਹਨ। ਸਿਆਣੀਆਂ ਔਰਤਾਂ ਸੂਈ ਨਾਲ ਘਰ ਬਣਾ ਦਿੰਦੀਆਂ ਹਨ ਤੇ ਪੁੱਠੀ ਮੱਤ ਵਾਲੀਆਂ ਸੂਈ ਨਾਲ ਹੀ ਬਖੀਏ ਉਧੇੜ ਦਿੰਦੀਆਂ ਹਨ।ਸਕੂਟਰ, ਕਾਰ, ਟੀ.ਵੀ ਫਰਿਜ਼, ਏ.ਸੀ ਘਰ ਵਿੱਚ ਲੱਖ ਹੋਣ, ਸੁੱਖ ਸਾਂਤੀ ਨਹੀਂ ਤਾਂ ਇਹ ਕਿਸੇ ਕੰਮ ਦੇ ਨਹੀਂ ਰਹਿੰਦੇ।ਫਿਰ ਤਾਂ, ‘ਯੇਹ ਦੁਨੀਆਂ ਮੇਰੇ ਕਾਮ ਕੀ ਨਹੀਂ’ ਹੁੰਦੀ ਹੈ।ਕਲਾ ਕਲੰਦਰ ਵੱਸੇ ਤੇ ਘੜਿਓਂ ਪਾਣੀ ਨੱਸੇ ਵਾਲੀ ਗੱਲ ਹੁੰਦੀ ਹੈ।ਥੋੜ੍ਹੇ ਨੂੰ ਸਵਾਇਆ ਆਖਿਆਂ ਹੀ ਘਰ ਚੱਲਦਾ ਹੈ।ਝੱਗਾ ਚੁੱਕੀਏ ਤਾਂ ਆਪਣਾ ਹੀ ਢਿੱਡ ਨੰਗਾ ਹੁੰਦਾ ਹੇ।ਐਵੇਂ ਜੱਗ ਹਸਾਈ ਹੁੰਦੀ ਹੈ।ਘਰ ਆਉਂਦਾ ਮਰਦ ਥੈਲਾ ਭਰੀ ਆਵੇ ਤੇ ਸੁਆਣੀ ਬੂਹੇ ਵੱਲ ਅੱਖ ਟਿਕਾਈ, ਉਸ ਦੀ ਉਡੀਕ ਵਿੱਚ ਬੈਠੀ ਹੋਵੇ।ਬੱਚੇ ਨੱਸ ਕੇ ਥੈਲੇ ਨੂੰ ਫੜ ਲੈਣ ਤਾਂ ਮਰਦ ਖੁਸ਼ ਹੋ ਜਾਂਦਾ ਹੈ।ਖੁਸ਼ੀਆਂ ਖੇੜੇ ਹੋਣ।ਘਰ ਮਹਿਮਾਨ ਵੀ ਖੁਸ਼ੀ ਖੁਸ਼ੀ ਆਵੇ ਤੇ ਖੁਸ਼ ਹੋ ਕੇ ਜਾਵੇ, ਸੋਭਾ ਕਰੇ।ਪ੍ਰਾਹੁਣੇ ਕਿਹੜੇ ਨਿੱਤ ਤੁਰੇ ਹੁੰਦੇ ਹਨ, ਹੱਸ ਦੰਦਾਂ ਦੀ ਪ੍ਰੀਤ ਹੁੰਦੀ ਹੈ।ਇਹ ਸਭ ਕੁੱਝ ਘਰ ਦੀ ਸੁਘੜ ਸੁਆਣੀ ਦੇ ਸਿਰ ‘ਤੇ ਹੈ।ਕਲਾ ਕਲੇਸ਼ ਵਾਲੇ ਘਰ ਦੇ ਬਰੂਹਾਂ ਅੱਗੇ ਇਨਸਾਨ ਤਾਂ ਕੀ ਆਉੇਣਾ, ਕੁੱਤਾ ਵੀ ਨਹੀਂ ਅਉਂਦਾ।ਕਿਉਂਕਿ ਰੋਟੀ ਦੀ ਆਸ ਨਹੀਂ ਹੁੰਦੀ।ਆਪਣੇ, ਬਗਾਨੇ, ਬੁੱਢੜੇ-ਬੁੱਢੜੀਆਂ ਢਿੱਡੋਂ ਰੱਜੇ ਲੱਖਾਂ ਅਸੀਸਾਂ ਦੇਂਦੇ ਹਨ।ਘਰ ਵਿੱਚ ਇਕੱਠੇ ਰੋਟੀ ਪਾਣੀ ਖਾਈਏ, ਬਾਹਰ ਅੰਦਰ ਜਾਈਏ, ਲੋੜ ਮੁਤਾਬਿਕ ਸਭ ਦੀ ਪਸੰਦ ਦਾ ਕੱਪੜਾ ਲੀੜਾ, ਜੇਬ ਖਰਚ ਦੇਈਏ ਤਾਂ ਸਾਰੇ ਮੈਂਬਰ ਖੁਸ਼ ਰਹਿੰਦੇ ਹਨ।
ਘਰ ਵਿੱਚ ਇੱਕ ਹੋਰ ਲੜਾਈ ਦਾ ਕਾਰਨ ਵਫਾਦਾਰੀ ਦੀ ਘਾਟ ਹੁੰਦੀ ਹੈ।ਇਸ ਤੋਂ ਬਚਿਆ ਜਾਵੇ ਤਾਂ ਘਰ ਸਵਰਗ ਹੈ।ਚੁਗਲਖੋਰਾਂ ਤੋਂ ਵੀ ਪਾਸਾ ਵੱਟਿਆ ਜਾਵੇ, ਜੋ ਦੂਸਰਿਆਂ ਦੀਆਂ ਗੱਲਾਂ ਮਿਰਚ-ਮਸਾਲਾ ਲਾ ਤੁਹਾਨੂੰ ਦੱਸਦੇ ਹਨ, ਤੁਹਾਡੀਆਂ ਵੀ ਖੰਬਾਂ ਦੀਆਂ ਡਾਰਾਂ ਬਣਾ ਹੋਰਨਾਂ ਨੂੰ ਦੱਸਣਗੇ।

‘ਲਾਈ ਲੱਗ ਨਾ ਹੋਵੇ ਘਰ ਵਾਲਾ ਤੇ ਚੰਦਰਾ ਗਵਾਂਢ ਨਾ ਹੋਵੇ’।
ਇੱਕ ਦੂਜੇ ਵੱਲੋਂ ਅਵੇਸਲੇ ਨਾ ਹੋਇਆ ਜਾਵੇ।ਪਿਆਰ ਬਾਝੋਂ ਜਿੰਦਗੀਆਂ ਮੁਰਝਾ ਜਾਂਦੀਆਂ ਹਨ।ਘਰ ਗ੍ਰਹਿਸਥੀ ਇਹਨਾਂ ਸੱਭ ਗੱਲਾਂ ਦਾ ਸੁਮੇਲ ਹੈ।ਢਿੱਡ, ਮਨ ਸ਼ਾਂਤ ਤੇ ਤ੍ਰਿਪਤ ਹੀ ਰਹਿਣਾ ਚਾਹੀਦਾ ਹੈ।
ਆਓ ਕਿੜ ਕਿੜ ਕਰਨੀ ਛੱਡੀਏ ਤੇ ਘਰ ਨੂੰ ਪਿਆਰਾ ਘਰ ਬਣਾਈਏ।
ਇਹ ਗ੍ਰਹਿਸਥੀ ਚਾਰ ਦਿਹਾੜੇ ਮੌਜ਼ਾਂ ਨਾਲ਼ ਹਢਾਈਏ।

ਮਨਜੀਤ ਸਿੰਘ ਸੌਂਦ
ਟਾਂਗਰਾ (ਅੰਮ੍ਰਿਤਸਰ)
ਮੋ – 98037-61451

Check Also

ਪਿੰਡ ਘੋੜੇਨਾਂਵ ਵਿਖੇ ਖੂਨਦਾਨ ਕੈਂਪ ਦਾ ਆਯੋਜਨ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਹਲਕਾ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਘੋੜੇਨਾਂਵ ਦੇ ਨੌਜਵਾਨਾਂ ਵੱਲੋਂ …