Sunday, September 8, 2024

ਮਸਤ ਮੋਲਾ, ਫੱਕਰ ਰੂਹ ਅਤੇ ਸੱਭਿਆਚਾਰ ਤੇ ਵਿਰਸੇ ਦਾ ਵਾਰਿਸ ਸੀ – ਸਵ: ਜਗਦੇਵ ਸਿੰਘ ਜੱਸੋਵਾਲ

ਬਾਪੂ ਜੱਸੋਵਾਲ ਨੂੰ ਸਰਧਾਂਜ਼ਲੀ

Jagdev-Singh-Jassowal

ਤਰਸੇਮ ਮਹਿਤੋ,
ਪਿੰਡ- ਬਈਏਵਾਲ (ਸੰਗਰੂਰ)   

   ਸਾਡੇ ਸੱਭਿਆਚਾਰ ਤੇ ਵਿਰਸੇ ਦੇ ਬਾਬਾ ਬੋਹੜ, ਪੰਜਾਬੀ ਸੱਭਿਆਚਾਰ ਦਾ ਦੂਤ ਅਤੇ ਸੰਗੀਤ ਜਗਤ ਦੀ ਤ੍ਰਿਵੈਣੀ ਤੇ ਸਾਬਕਾ ਵਿਧਾਇਕ ਸ. ਜਗਦੇਵ ਸਿੰਘ ਜੱਸੋਵਾਲ।ਜਿੰਨ੍ਹਾਂ ਨੂੰ ਸਭ ਪਿਆਰ ਨਾਲ ਬਾਪੂ ਜੀ ਜਾਂ ਬਾਪੂ ਜੱਸੋਵਾਲ ਆਖ ਕੇ ਬੁਲਾਉਂਦੇ ਸਨ।ਉਹ ਚੰਦਰੀ 22 ਤਰੀਕ ਦਿਨ ਸੋਮਵਾਰ ਦੇ ਸਵੇਰੇ ਤਕਰੀਬਨ ਪੌਣੇ ਕੁੁ ਨੌਂ ਵਜੇਂ ਆਪਣੀ ਜ਼ਿੰਦਗੀ ਦੇ 79 ਸਾਲ ਤੇ 9 ਮਹੀਨਿਆਂ ਦਾ ਸਫ਼ਰ ਤਹਿ ਕਰਕੇ ਹੀਰੋ ਹਾਰਟ ਦਯਾਨੰਦ ਹਸਪਤਾਲ ਲੁਧਿਆਣਾ ਵਿਖੇ ਗੁਰਦਿਆਂ ਤੇ ਜਿਗਰ ਦੀ ਬਿਮਾਰੀ ਨਾਲ ਜੂਝਦੇ ਹੋਏ ਇਸ ਫਾਨੀ ਦੁਨੀਆਂ ਨੂੰ ਸਦਾ ਲਈ ਸਭ ਨੂੰ ਝਕਾਨੀ ਦੇ ਕੇ ਅਲਵਿਦਾ ਆਖ ਗਏ।ਸ. ਜੱਸੋਵਾਲ ਦਾ ਜਨਮ 30 ਅਪ੍ਰੈਲ 1935 ਨੂੰ ਸਵੇਰ ਦੇ ਸਮੇਂ ਮਾਤਾ ਸਰਦਾਰਨੀ ਅਮਰ ਕੌਰ ਦੀ ਕੁੱਖੋਂ, ਜੈਲਦਾਰ ਕਰਤਾਰ ਸਿੰਘ ਦੇ ਘਰ ਲੁਧਿਆਣੇ ਜ਼ਿਲ੍ਹੇ ਦੇ ਘੁੱਗ ਵਸਦੇ ਪਿੰਡ ਜੱਸੋਵਾਲ ਸੂਦਾਂ ਵਿਖੇ ਹੋਇਆ।ਉਹ ਆਪਣੇ ਤਿੰਨਾਂ ਭਰਾਵਾਂ ਤੋਂ ਛੋਟੇ ਸਨ।ਬਚਪਨ ਵਿੱਚ ਸਾਰੇ ਉਨ੍ਹਾਂ ਨੂੰ ‘ਜੁਗੋ’ ਕਹਿ ਕੇ ਬੁਲਾਉਂਦੇ ਸਨ।ਜੇ ਉਨ੍ਹਾਂ ਦੇ ਸਿਆਸੀ ਸਫ਼ਰ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਨੇ ਪਿੰਡ ਦੀ ਸਰਪੰਚੀ ਤੋਂ ਲੈ ਕੇ ਪ੍ਰਧਾਨ ਗੁਰੂ ਗੋਬਿੰਦ ਸਿੰਘ ਫਾਊਂਡੇਸ਼ਨ ਚੰਡੀਗੜ੍ਹ, ਚੇਅਰਮੈਨ ਪੰਜਾਬ ਡੇਅਰੀ ਵਿਕਾਸ, ਪੰਜਾਬ ਵਣ ਵਿਕਾਸ ਕਾਰਪੋਰੇਸਸ਼ਨ, ਹਲਕਾ ਰਾਏਕੋਟ ਤੋਂ ਐੱਮ.ਐੱਲ.ਏ ਤੇ ਕਈ ਵਿਭਾਗਾ ਦੇ ਮੈਂਬਰ, ਸਲਾਹਕਾਰ ਵਜੋਂ ਆਪਣਾ ਸਿਆਸੀ ਸਫ਼ਰ ਤਨਦੇਹੀ ਨਾਲ ਨਿਵਾਇਆ ਸੀ।
ਜੇਕਰ ਉਨ੍ਹਾਂ ਨੂੰ ਮਿਲੇ ਮਾਨਾਂ-ਸਨਮਾਨਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪੇਟੀਆ, ਸੰਦੂਕ, ਕਮਰੇ-ਅਲਮਾਰੀਆਂ ਸਭ ਵੱਡੀਆ-ਵੱਡੀਆ ਮੋਮੈਂਟੋ-ਟਰਾਫੀਆਂ ਨਾਲ ਭਰੇ ਪਏ ਨੇ ਪਰ ਉਨ੍ਹਾਂ ਨੂੰ ਵੱਖ-ਵੱਖ ਉੱਚ ਮਹਾਨ ਸ਼ਖਸੀਅਤਾਂ ਦੇ ਨਾਵਾਂ ਉੱਤੇ ਕਈ ਪੁਰਸਕਾਰ ਮਿਲੇ ਹਨ ਜਿਵੇਂ ‘ਸਾਂਤੀ ਦਾ ਪੁਜਾਰੀ ਪੁਰਸਕਾਰ, ਡਾ. ਐਮ.ਐੱਲ ਰੰਧਾਵਾ ਪੁਰਸਕਾਰ, ਸਭਿਆਚਾਰ ਦਾ ਦੂਤ ਪੁਰਸਕਾਰ, ਮੁਹੰਮਦ ਰਫੀ ਪੁਰਸਕਾਰ, ਸੁਰ ਪੰਜਾਬ ਦੇ ਪੁਰਸਕਾਰ, ਮੇਲਾ ਮੇਲੀਆਂ ਦਾ ਪੁਰਸਕਾਰ, ਗੁਲਜ਼ਾਰ ਮੁਹੰਮਦ ਪੁਰਸਕਾਰ, ਬਾਬੂ ਰੱਜਬ ਅਲੀ ਪੁਰਸਕਾਰ, ਨੰਦ ਲਾਲ ਨੂਰਪੁਰੀ ਪੁਰਸਕਾਰ, ਕਰਾਂਤੀ ਦਾ ਦੇਵਤਾ ਪੁਰਸਕਾਰ, ਲੋਕ ਕਲਾ ਐਵਾਰਡ ਆਦਿ ਤੋਂ ਇਲਾਵਾ ਹੋਰ ਕਈ ਪ੍ਰਾਪਤ ਹਨ।ਉਨ੍ਹਾਂ ਨੇ ਆਪਣਾ ਬਚਪਨ ਪਿੰਡ ਦੀਆਂ ਗਲੀਆਂ ‘ਚ ਖੇਡ-ਕੁਦ ਕੇ ਹੰਡਾਇਆ ਸੀ।ਪਰ ਵਿਆਹ ਤੋਂ ਬਾਅਦ ਉਹ ਆਪਣੀ ਧਰਮ ਪਤਨੀ ਯਾਨੀ ਸਾਡੀ ਬੇਬੇ ਨੂੰ ਨਾਲ ਲੈਕੇ ਸਨਅਤ ਦੇ ਗੜ੍ਹ ਤੇ ਕਲਾਕਾਰਾਂ ਦੇ ਮੱਕੇ ਵੱਜੋਂ ਜਾਣੇ ਜਾਂਦੇ ਸਹਿਰ ਲੁਧਿਆਣੇ ਦੇ ਗੁਰਦੇਵ ਨਗਰ ‘ਚ ਆਪਣਾ ਆਲ੍ਹਣਾ ਬਣਾ ਲਿਆ।ਜਿਸ ਦੇ ਅੱਗੇ ਗੂੜੇ ਤੇ ਮੋਟੇ ਅੱਖਰਾਂ ਨਾਲ ‘ਜੱਸੋਵਾਲ ਦਾ ਆਲਣਾ’ ਲਿਖਿਆ ਹੋਇਆ ਨਜਰੀਂ ਆਉਂਦਾ ਹੈ।ਉਹ ਜਿਆਦਾਤਰ ਸਿਰ ਤੇ ਕਾਲੀ ਪੱਗ, ਪੀਲੇ ਰੰਗ ਦੀ ਵੱਡੀ ਸਾਰੀ ਫਿਫਟੀ ਅਤੇ ਪੈਰੀਂ ਧੌੜੀ ਦੀ ਜੁੱਤੀ ਪਾਉਂਦੇ ਸੀ।ਜੋ ਜੁਬਾਨ ਦੇ ਕੋਰੇ, ਇਕ ਨੇਕ ਦਿਲ ਦਰਿਆ ਤੇ ਚੰਗੇ ਪੜ੍ਹੇ-ਲਿਖੇ ਐੱਲ.ਐੱਲ.ਬੀ ਪਾਸ ਸੂਝਵਾਨ ਇਨਸਾਨ ਸਨ।ਉਨ੍ਹਾਂ ਨੇ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਤਿਆਗਕੇ ਅਤੇ ਆਪਣਾ ਵਕਾਲਤ ਦਾ ਕਾਲਾ ਕੋਟ ਕਿੱਲੇ ਟੰਗ ਕੇ ਹਮੇਸਾ ਸੱਭਿਆਚਾਰ, ਵਿਰਸੇ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਇਕ ਵੱਡਮੁੱਲਾ ਯੋਗਦਾਨ ਪਾਇਆ ਹੈ।ਜਿਸ ਨੂੰ ਸਬਦਾਂ ਵਿੱਚ ਨਾਪ-ਤੋਲ ਕੇ ਬਿਆਨ ਨਹੀ ਕੀਤਾ ਜਾ ਸਕਦਾ।ਕਿਉਂਕਿ ਅੱਤਵਾਦ ਦੇ ਸਮੇਂ ਜਦੋਂ ਕੋਈ ਪੱਤਾ ਵੀ ਨਹੀ ਸੀ ਹਿਲਦਾ ਉਨ੍ਹਾਂ ਸਮਿਆ ‘ਚ ਬਾਪੂ ਜੱਸੋਵਾਲ ਨੇ ਸਭਿਆਚਾਰਕ ਮੇਲਿਆਂ ਨੂੰ ਜਾਗ ਲਾ ਕੇ ਪੰਜਾਬ ਅਤੇ ਦੇਸਾਂ-ਵਿਦੇਸਾਂ ਦੇ ਲੋਕਾਂ ਵਿੱਚ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ ਸੀ।ਜਿਸ ਨੂੰ ਹੁਣ ਤੱਕ ਮਿੱਢੀਆਂ ਵਾਂਗ ਗੁੰਦ ਕੇ ਰੱਖਿਆ।ਉਹ ਹਰੇਕ ਦੀ ਮਦਦ ਕਰਦੇ ਸਨ ਤੇ ਉਨ੍ਹਾਂ ਦੇ ਆਲ੍ਹਣੇ ‘ਚੋਂ ਕੋਈ ਢਿੱਡੋਂ ਭੁੱਖਾ ਨਹੀ ਸੀ ਮੁੜਿਆ ਤੇ ਹਰੇਕ ਹੁਨਰ-ਮੰਦ ਕਲਾ ਪ੍ਰੇਮੀ ਜਿਵੇਂ ਚਿੱਤਰਕਾਰ, ਕਲਾਕਾਰ, ਗੀਤਕਾਰ, ਪੱਤਰਕਾਰ, ਸਹਿਤਕਾਰ, ਢੱਡ-ਕਵੀਸ਼ਰ, ਭੰਡ-ਨਕਲੀਏ, ਕੱਵਾਲ, ਰਾਸਧਾਰੀਏ, ਗਤਕਾ ਪਾਰਟੀਆਂ, ਗਿੱਧਾ-ਭੰਗੜਾ ਟੀਮਾਂ ਲੋਕ ਨਾਚ ਮੰਡਲੀਆਂ ਸਪੇਰਿਆਂ ਆਦਿ ਤੋਂ ਇਲਾਵਾ ਹਰ ਕਲਾਕਾਰੀ ਦਾ ਉਹ ਮਾਨ-ਸਨਮਾਨ ਕਰਕੇ ਸਤੁੰਸ਼ਟ ਹੁੰਦੇ ਸੀ।ਇਕ ਵਾਰ ਇਕ ਪ੍ਰਸ਼ਿੱਧ ਮੇਲੇ ਤੇ ਮੇਰਾ ਸਨਮਾਨ ਕਰਦੇ ਹੋਏ ਉਨ੍ਹਾਂ ਨੇ ਕਿਹਾ ‘ਅੱਛਾ ਤੂੰ ਆ ਤਰਸੇਮ ਮਹਿਤੋ, ਪੁੱਤਰਾਂ ਅਖਬਾਰਾਂ ‘ਚ ਤੈਨੂੰ ਪੜ੍ਹਿਆ ਤਾਂ ਬਹੁਤ ਪਰ ਹੱਥ ਅੱਜ ਲੱਗਿਆ, ਮੈਥੋਂ ਕੋਈ ਬਚਕੇ ਨੀ ਨਿਕਲਿਆ..ਬਸ ਚੱਕੀ ਚੱਲ ਫੱਟੇ ਕਹਿਕੇ ਮੈਨੂੰ ਥਾਪੜਾ ਦਿੱਤਾ’।ਇਸ ਥਾਪੜੇ ਤੋਂ ਮੈਨੂੰ ਬੜਾ ਸਕੂਨ ਮਿਲਿਆ।
ਸ. ਜੱਸੋਵਾਲ ਨੇ ਆਪਣੇ ਦੋਸਤ ਦੀ ਯਾਦ ‘ਚ ਪਹਿਲਾ ਮੇਲਾ ਪ੍ਰੋ: ਮੋਹਨ ਸਿੰਘ ਮੇਲੇ ਦੀ ਨੀਂਹ ਰੱਖ ਕੇ ਸਾਡੇ ਸਭਿਆਚਾਰ ਤੇ ਵਿਰਸੇ ਨੂੰ ਸਾਡੇ ਨਾਲ ਜੋੜੀ ਰੱਖਿਆ ਤੇ ਸਾਥੋਂ ਸਾਡਾ ਵਿਰਸਾ ਦੂਰ ਨਹੀ ਹੋਣ ਦਿੱਤਾ।ਪਰ ਅੱਜ ਉਹ ਸਾਥੋਂ ਦੂਰ ਹੋ ਗਏ ਹਨ।ਉਹ ਆਪਣੇ ਪ੍ਰੀਵਾਰ ਪਿੱਛੇ ਧਰਮ ਪਤਨੀ ਸੁਰਜੀਤ ਕੌਰ, ਪੁੱਤਰ ਸੁਖਮਿੰਦਰ ਸਿੰਘ ਤੇ ਜਸਵਿੰਦਰ ਸਿੰਘ, ਨੂੰਹ ਕੁਲਵੰਤ ਕੌਰ ਤੇ ਦਲਜੀਤ ਕੌਰ,ਪੋਤੇ ਅਮਰਿੰਦਰ, ਜੋਨੀ ਤੇ ਜਿੰਮੀ ਹੋਣਾ ਨੂੰ ਛੱਡ ਗਏ ਹਨ।ਪੰਜਾਬੀ ਸਾਹਿਤ ਤੇ ਸੱਭਿਆਚਾਰ ਨੂੰ ਪ੍ਰਣਾਈ ਇਸ ਮਹਾਨ ਸਰਬਪੱਖੀ ਸਖ਼ਸੀਅਤ ਦੇ ਤੁਰ ਜਾਣ ਨਾਲ ਸਮੁੱਚੇ ਆਲਮ, ਸੰਗੀਤ ਪ੍ਰੇਮੀਆਂ, ਸੰਗੀਤ ਜਗਤ ਅਤੇ ਸਾਡੇ ਸੱਭਿਆਚਾਰ ਤੇ ਵਿਰਸੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਫੱਕਰ ਰੂਹ ਦੀ ਇਹ ਘਾਟ ਸੰਗੀਤ ਜਗਤ ਤੇ ਵਿਰਸੇ ਨੂੰ ਸਦੀਆ ਤਕ ਰੜਕਦੀ ਰਹੇਗੀ।ਸਮੁੱਚੇ ਦੇਸ ਵਾਸੀਆ ਨੂੰ ਬਾਪੂ ਜੱਸੋਵਾਲ ਦੇ ਪਾਏ ਪੂਰਨਿਆਂ ਤੇ ਚੱਲਕੇ ਤੇ ਪੱਛਮੀਂ ਸਭਿਅਤਾ ਨੂੰ ਤਿਆਗਕੇ, ਪੰਜਾਬੀ ਵਿਰਸੇ ਤੇ ਸੱਭਿਆਚਾਰ ਨਾਲ ਜੁੜਨ ਦੀ ਅਪੀਲ ਕਰਦੇ ਹਾਂ, ਕਿਉਂਕਿ ਏਹੀ ਸਾਡੇ ਬਾਪੂ ਲਈ ਸੱਚੀ-ਸੁੱਚੀ ਸਭ ਤੋਂ ਵੱਡੀ ਸਰਧਾਂਜ਼ਲੀ ਹੋਵੇਗੀ।

Tarsem Mehto

– ਤਰਸੇਮ ਮਹਿਤੋ,
ਪਿੰਡ- ਬਈਏਵਾਲ (ਸੰਗਰੂਰ)
ਮੋ: 95019-36536

Check Also

ਪਿਓ-ਪੁੱਤ ਦੇ ਰਿਸ਼ਤੇ ਦੀ ਕਹਾਣੀ ਹੈ ਫ਼ਿਲਮ `ਸ਼ਿੰਦਾ-ਸ਼ਿੰਦਾ ਨੋ ਪਾਪਾ`

ਪੰਜਾਬੀ ਸਿਨੇਮਾ ਤੇਜ਼ੀ ਨਾਲ ਅੱਗੇ ਵੱਲ ਨੂੰ ਵੱਧ ਰਿਹਾ ਹੈ ਤੇ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ …

Leave a Reply