ਗੱਤਕੇ ਦੀ ਉਘੀ ਖਿਡਾਰਨ ਕੋਮਲਪ੍ਰੀਤ ਕੌਰ ਨੂੰ ਦਿੱਤਾ ਜਾਵੇਗਾ ਮਾਈ ਭਾਗੋ ਐਵਾਰਡ- ਸਿਦਕੀ
ਸੰਗਰੂਰ, 20 ਮਾਰਚ (ਜਗਸੀਰ ਲੌਂਗੋਵਾਲ) – ਹਰ ਸਾਲ ਦੀ ਤਰ੍ਹਾਂ ਸਟੱਡੀ ਸਰਕਲ ਵਲੋਂ ਖਾਲਸਾਈ ਦਿਹਾੜਾ ਨੂੰ ਹੋਲਾ ਮਹੱਲਾ ਸਮਰਪਿਤ ਪਰਿਵਾਰਕ ਖੇਡ ਦਿਵਸ ਵਜੋਂ ਮਨਾਇਆ ਜਾਵੇਗਾ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ- ਬਰਨਾਲਾ ਜ਼ੋਨ ਦੀ ਵਿਸ਼ੇਸ਼ ਮੀਟਿੰਗ ਸਥਾਨਕ ਜ਼ੋਨਲ ਦਫ਼ਤਰ ਵਿਖੇ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਦੀ ਨਿਗਰਾਨੀ ਹੇਠ ਹੋਈ।ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ ਨੇ ਮੈਂਬਰਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਸਾਲ ਵੀ ਇਹ ਸਮਾਗਮ ਖਾਲਸਾਈ ਜਾਹੋ ਜਲਾਲ ਨਾਲ ਪਿੰਡ ਥਲੇਸਾਂ ਦੇ ਪਾਰਕ ਵਿਖੇ ਸਵੇਰੇ 9.00 ਵਜੇ ਤੋਂ ਆਰੰਭ ਹੋਵੇਗਾ।ਇਸ ਵਿੱਚ ਬੇਬੇ ਨਾਨਕੀ ਸਿਲਾਈ ਕੇਂਦਰ ਥਲੇਸਾਂ ਅਤੇ ਅਕੋਈ ਸਾਹਿਬ ਦੀ ਬੀਬੀਆਂ ਦੇ ਨਾਲ ਨਗਰ ਨਿਵਾਸੀ ਅਤੇ ਸਟੱਡੀ ਸਰਕਲ ਦੀਆਂ ਬਰਨਾਲਾ, ਧਨੌਲਾ, ਭਵਾਨੀਗੜ੍ਹ, ਦਿੜ੍ਹਬਾ, ਸੰਦੌੜ ਦੇ ਮੈਂਬਰ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ।ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਰਣਜੀਤ ਅੱਖਾਂ ਦਾ ਹਸਪਤਾਲ ਸੰਗਰੂਰ ਦੇ ਸਹਿਯੋਗ ਨਾਲ ਹੋ ਰਹੇ ਇਸ ਖੇਡ ਮੇਲੇ ਵਿੱਚ ਬੱਚਿਆਂ ਦੀਆਂ ਦੌੜਾਂ, ਨੌਜਵਾਨਾਂ ਦਾ ਗੋਲਾ ਸੁੱਟਣਾ, ਰੱਸਾਕਸ਼ੀ ਨੌਜਵਾਨ, ਬਜ਼ੁਰਗਾਂ, ਇਸਤਰੀਆਂ ਦੀ ਮਟਕਾ ਦੌੜ ਅਤੇ ਮਹਿਮਾਨਾਂ ਦੀ ਸੰਗੀਤ ਕੁਰਸੀ ਦੌੜ, ਇੱਕ ਮਿੰਟ ਦੀਆਂ ਦਿਲਚਸਪ ਖੇਡਾਂ ਦਾ ਪ੍ਰਦਰਸ਼ਨ ਹੋਵੇਗਾ।ਸਮਾਗਮ ਦੇ ਮੁੱਖ ਮਹਿਮਾਨ ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਹੋਣਗੇ।ਡਾ. ਗੁਨਿੰਦਰਜੀਤ ਸਿੰਘ ਜਵੰਦਾ ਚੇਅਰਮੈਨ ਇਨਫੋਟੈਕ, ਭਾਈ ਮਲਕੀਤ ਸਿੰਘ ਚੰਗਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਵਿਸ਼ੇਸ਼ ਮਹਿਮਾਨ ਹੋਣਗੇ।ਸੁਰਿੰਦਰ ਪਾਲ ਸਿੰਘ ਸਿਦਕੀ ਕੋਆਰਡੀਨੇਟਰ ਅਨੁਸਾਰ ਇਸ ਮੌਕੇ ਅੰਤਰ ਯੂਨੀਵਰਸਿਟੀ ਗਤਕਾ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜੇਤੂ ਕੋਮਲ ਪ੍ਰੀਤ ਕੌਰ ਚੱਠਾ ਸੇਖਵਾਂ ਨੂੰ ਮਾਈ ਭਾਗੋ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।
ਇਸ ਮੌਕੇ ਅਜਮੇਰ ਸਿੰਘ ਪ੍ਰਬੰਧਕੀ ਕਨਵੀਨਰ, ਗੁਰਮੇਲ ਸਿੰਘ ਵਿੱਤ ਸਕੱਤਰ, ਗੁਲਜ਼ਾਰ ਸਿੰਘ ਸਕੱਤਰ ਸੰਗਰੂਰ ਅਤੇ ਜਸਵਿੰਦਰ ਸਿੰਘ ਪ੍ਰਿੰਸ ਮੁੱਖੀ ਤਾਲਮੇਲ ਕਮੇਟੀ ਮੌਜ਼ੂਦ ਸਨ।