ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੂੰ ਪੰਜਾਬ ਦੀ ਵਿਰਾਸਤ ਨਾਲ ਜੋੜਣ ਦੇ ਲਈ “ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲਜ਼” ਅੰਮ੍ਰਿਤਸਰ ਦਾ ਵਿਦਿਅਕ ਦੌਰਾ ਕਰਵਾਇਆ ਗਿਆ। ਜਿਸ ਦੌਰਾਨ ਵਿਦਿਆਰਥੀ ਜਿਥੇ ਪੰਜਾਬ ਦੇ ਇਤਿਹਾਸ ਤੋਂ ਜਾਣੂ ਹੋਏ, ਉਥੇ ਉਨਾਂ ਨੇ ਵੱਖ-ਵੱਖ ਸਮਿਆਂ ਵਿੱਚ ਵਰਤੇ ਜਾਂਦੇ ਹਥਿਆਰਾਂ ਬਾਰੇ ਜਾਣਕਾਰੀ ਹਾਸਲ ਕੀਤੀ।ਉਨਾਂ ਨੂੰ ਪੰਜਾਬ ਦੇ ਵੱਖ-ਵੱਖ ਸ਼ੂਰਵੀਰ ਯੋਧਿਆਂ ਦੇ ਜ਼ੰਗੀ ਕਾਰਨਾਮਿਆਂ ਤੋਂ ਵੀ ਜਾਣੂ ਕਰਵਾਇਆ ਗਿਆ।ਵਿਦਿਆਰਥੀਆਂ ਨੇ ਕਿਹਾ ਕਿ ਉਹ ਸਿੱਖਿਆ ਵਿਭਾਗ ਦੇ ਮੁਖੀ ਪ੍ਰੋਫੈਸਰ (ਡਾ.) ਅਮਿਤ ਕੌਟਸ, ਡੀਨ ਫੈਕਲਟੀ ਆਫ ਐਜੂਕੇਸ਼ਨ ਪ੍ਰੋਫੈਸਰ (ਡਾ.) ਦੀਪਾ ਸਿਕੰਦ ਕੌਟਸ ਦੇ ਜਿਥੇ ਧੰਨਵਾਦੀ ਹਨ, ਉਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪੋ੍ਰ. ਡਾ. ਜਸਪਾਲ ਸਿੰਘ ਸੰਧੂ ਦੇ ਵੀ ਸ਼ੁਕਰਗੁਜਾਰ ਹਨ।ਵਿਦਿਆਰਥੀਆਂ ਨੇ ਇਹ ਵੀ ਦੱਸਿਆ ਕਿ “ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲਜ਼” ਦੀਆਂ ਗੈਲਰੀਆਂ ਜੋ ਵੱਖ-ਵੱਖ ਸਮਿਆਂ ਵਿੱਚ ਹੋਏ ਸੂਰਬੀਰਾਂ ਦੀ ਗਾਥਾ ਨੂੰ ਬਿਆਨ ਕਰਦੀਆਂ ਹਨ, ਉਹ ਉਨਾਂ ਦੇ ਹੀ ਪਾਠਕ੍ਰਮ ਦਾ ਹੀ ਹਿੱਸਾ ਹਨ।ਇਸ ਤੋਂ ਪਹਿਲਾਂ (ਬੀ.ਏ ਬੀ.ਐਡ-ਆਈ.ਟੀ.ਈ.ਪੀ) ਕੋਰਸ ਦੇ ਵਿਦਿਆਰਥੀਆਂ ਨੂੰ `ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਐਂਡ ਮਿਊਜ਼ੀਅਮ` ਦੇ ਇਤਿਹਾਸਕ ਪਹਿਲੂਆਂ ਤੋਂ ਜਾਣੂ ਕਰਵਾਉਦਿਆਂ ਪ੍ਰੋ. ਕੋਟਸ ਨੇ ਦੱਸਿਆ ਕਿ ਇਸ ਥਾਂ ‘ਤੇ ਬਣੀ ਹੋਈ 45 ਮੀਟਰ ਦੀ ਉੱਚੀ ਤਲਵਾਰ ਲੋਕਾਂ ਦਾ ਸਿਰਫ ਆਪਣੇ ਵੱਲ ਧਿਆਨ ਹੀ ਨਹੀਂ ਖਿੱਚਦੀ ਸਗੋਂ ਪੰਜਾਬ ਦੇ ਜੂਝਾਰੂ ਹੋਣ ਦਾ ਵੀ ਪ੍ਰਤੀਕ ਹੈ।
ਇਸ ਸਮੇਂ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਮੈਮੋਰੀਅਲ ਵਿੱਚ ਬਣੀਆਂ ਅੱਠ ਗੈਲਰੀਆਂ ਦਾ ਦੌਰਾ ਕੀਤਾ।ਜਿਸ ਵਿੱਚ ਗੁਰੂ ਹਰਗੋਬਿੰਦ ਸਿੰਘ ਦੇ ਸਮੇਂ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੱਕ ਦੀਆਂ ਕੁਰਬਾਨੀਆਂ ਅਤੇ ਬਹਾਦਰੀ ਦੇ ਕਾਰਨਾਮਿਆਂ ਨੂੰ ਦਰਸਾਇਆ ਗਿਆ ਹੈ।ਕਾਰਗਿਲ ਓਪਰੇਸ਼ਨ ਗੈਲਰੀਆਂ ਅਰਥਾਤ: ਗੈਲਰੀ 1-ਓਰੀਐਂਟੇਸ਼ਨ ਅਤੇ ਪੁਰਾਤਨਤਾ, ਗੈਲਰੀ 2- ਗੁਰੂ ਹਰਗੋਬਿੰਦ ਜੀ ਸਿੱਖ ਸਾਮਰਾਜ ਦੇ ਉਭਾਰ ਤੱਕ, ਗੈਲਰੀ 3- ਸਿੱਖ ਸਾਮਰਾਜ ਅਤੇ ਐਂਗਲੋ-ਸਿੱਖ ਵਾਰਜ਼, ਗੈਲਰੀ 4- ਵੰਡ ਤੱਕ ਬ੍ਰਿਟਿਸ਼ ਰਾਜ (1846-1947), ਗੈਲਰੀ 5- ਜੰਮੂ-ਕਸ਼ਮੀਰ ਓਪਸ 1947-48, ਗੈਲਰੀ 6- ਇੰਡੋ-ਚਾਈਨਾ ਯੁੱਧ 1962, ਗੈਲਰੀ 7- ਭਾਰਤ-ਪਾਕਿਸਤਾਨ ਯੁੱਧ (1965-1971) ਅਤੇ ਓ.ਪੀ ਪਵਨ/ਓ.ਪੀ ਕੈਕਟਸ ਐਂਡ ਗੈਲਰੀ 8-ਕਾਰਗਿਲ ਯੁੱਧ 1999 ਸ਼ਾਮਿਲ ਹਨ।ਡਾ. ਅਮਿਤ ਕੌਟਸ ਨੇ ਦੱਸਿਆ ਕਿ ਇਹ ਪ੍ਰੋਜੈਕਟ ਬਹਾਦਰੀ ਅਤੇ ਮਹਾਨ ਸਿਕੰਦਰ ਤੋਂ ਲੈ ਕੇ ਕਾਰਗਿਲ ਯੁੱਧ ਅਤੇ ਚੱਲ ਰਹੇ ਪ੍ਰੌਕਸੀ ਯੁੱਧ ਤੱਕ ਨੂੰ ਦਰਸਾਉਂਦਾ ਹੈ।ਉਹਨਾਂ ਕਿਹਾ ਕਿ ਵਿਦਿਆਰਥੀਆਂ ਨੇ ਇਸ ਦੌਰੇ ਦੌਰਾਨ ਇਹ ਵੀ ਸਮਝਿਆ ਕਿ ਪੰਜਾਬ ਦੀ ਧਰਤੀ ਜਿਥੇ ਪਵਿੱਤਰ ਹੈ ਉਥੇ ਮੀਰੀ-ਪੀਰੀ ਦੇ ਸਿਧਾਂਤ ਨੂੰ ਵੀ ਦਰਸਾਉਂਦੀ ਹੈ।ਵਿਭਾਗ ਦੇ ਵਿਦਿਆਰਥੀਆਂ ਵੱਲੋਂ ਇਸ ਦੌਰੇ ਦੀ ਇੱਕ ਦਸਤਾਵੇਜ਼ੀ ਫਿਲਮ ਵੀ ਤਿਆਰ ਕੀਤੀ ਗਈ।
ਪ੍ਰੋ. (ਡਾ.) ਦੀਪਾ ਸਿਕੰਦ ਕੌਟਸ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਯੋਜਨਾਬੰਦੀ, ਸਿੱਖਣ ਦੇ ਤਜ਼ਰਬੇ ਅਤੇ ਵਿਹਾਰਕ ਗਿਆਨ ਨੂੰ ਵੀ ਸਮਝਿਆ ਹੈ।ਜੋ ਉਹਨਾਂ ਦੇ ਭੱਵਿਖ ਨੂੰ ਸਵਾਰਨ ਲਈ ਕੰਮ ਆਵੇਗਾ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …