ਪੰਜਾਬੀ ਸੱਭਿਆਚਾਰ ਤੇ ਲੋਕ ਮੇਲਿਆਂ ਦੇ ਬਾਬਾ ਬੋਹੜ ਅਤੇ ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਪਿਛਲੇ ਦਿਨੀਂ 22 ਦਸੰਬਰ ਨੂੰ ਇਸ ਦੁਨੀਆਂ ਤੋਂ ਸਦਾ ਲਈ ਰੁਖ਼ਸਤ ਹੋ ਗਏ, ਉਹ ਪਿਛਲੇ ਲਗਭਗ 1 ਮਹੀਨੇ ਤੋਂ ਹੀਰੋ ਹਾਰਟ ਦਯਾਨੰਦ ਹਸਪਤਾਲ ‘ਚ ਇਲਾਜ਼ ਅਧੀਨ ਸਨ।ਉਹ 80 ਵਰ੍ਹਿਆਂ ਦੇ ਸਨ ਤੇ ਆਪਣੇ ਪਿਛੇ ਪਤਨੀ ਅਤੇ ਦੋ ਪੁੱਤਰਾਂ ਤੋਂ ਇਲਾਵਾ ਬਾਕੀ ਪਰਿਵਾਰ ਛੱਡ ਗਏ।ਜੱਸੋਵਾਲ ਸਾਹਿਬ ਨੂੰ 24 ਨਵੰਬਰ ਨੂੰ ਤਬੀਅਤ ਵਿਗੜਨ ਕਾਰਨ ਹੀਰੋ ਹਾਰਟ ਦਯਾਨੰਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਇਸ ਦੌਰਾਨ ਉਨ੍ਹਾਂ ਨੂੰ ਜਿਗਰ ਤੇ ਗੁਰਦੇ ਵਿੱਚ ਨੁਕਸ ਪੈਣ ‘ਤੇ ਇਲਾਜ਼ ਕੀਤਾ ਜਾ ਰਿਹਾ ਸੀ।
ਜੱਸੋਵਾਲ ਨੇ ਮੋਹਨ ਸਿੰਘ ਦੇ ਜਨਮ ਦਿਨ ਉੱਤੇ ਹਰ ਸਾਲ ਲੁਧਿਆਣਾ ਵਿਚ ਅਕਤੂਬਰ ਮਹੀਨੇ ਮੋਹਨ ਸਿੰਘ ਮੇਲਾ ਲਾਉਣ ਦੀ ਪਿਰਤ ਪਾਈ। ਜੱਸੋਵਾਲ ਸੂਦਾਂ ਪਿੰਡ ਦਾ ਜੰਮਪਲ ਇਹ ਗਰੇਵਾਲ ਜੱਟ ਪੰਜ ਭਰਾਵਾਂ ਵਿਚੋਂ ਇਕੱਲਾ ਹੀ ਸੀ, ਜਿਸ ਨੇ ਆਪਣੇ ਨਾਂਅ ਨਾਲ ਗਰੇਵਾਲ ਲਿਖਣ ਦੀ ਥਾਂ ਜੱਸੋਵਾਲ ਲਿਖਿਆ ਤੇ ਆਪਣੇ ਪਿੰਡ ਨੂੰ ਮਾਨਤਾ ਦਿੱਤੀ। ਜਿੱਥੋਂ ਤੱਕ ਸਰਕਾਰੀ ਚੇਅਰਮੈਨੀਆਂ, ਗ਼ੈਰ-ਸਰਕਾਰੀ ਪ੍ਰਧਾਨਗੀਆਂ ਅਤੇ ਮਨਪਸੰਦ ਮੈਂਬਰੀਆਂ ਦਾ ਸਵਾਲ ਹੈ, ਉਨ੍ਹਾਂ ਦੀ ਗਿਣਤੀ ਢਾਈ-ਤਿੰਨ ਦਰਜਨ ਹੈ।’ਮੇਲਾ ਏਨਾ ਭਰਨ ਲੱਗ ਪਿਆ ਕਿ ਤਿਲ ਸੁੱਟਣ ਨੂੰ ਜਗ੍ਹਾ ਨਾ ਲੱਭਦੀ। ਕਲਾਕਾਰ ਏਨੇ ਇਕੱਠੇ ਹੋਣ ਲੱਗੇ ਕਿ ਪ੍ਰਬੰਧਕਾਂ ਨੂੰ ਮੁਸ਼ਕਿਲ ਜਾਪਦਾ ਕਿ ਕਿਸ ਨੂੰ ਟਾਈਮ ਦੇਈਏ, ਕਿਸ ਨੂੰ ਨਾ।ਆਪਮੁਹਾਰੇ ਕਲਾਕਾਰ ਤੇ ਆਪਮੁਹਾਰੇ ਸਰੋਤੇ। ਇਉਂ ਮੋਹਨ ਸਿੰਘ ਮੇਲਾ ਕੇਵਲ ਪੰਜਾਬ ਵਿਚ ਹੀ ਨਹੀਂ, ਸਗੋਂ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਪ੍ਰਚਲਤ ਹੁੰਦਾ ਗਿਆ।ਵਿਦੇਸ਼ੀਂ ਬੈਠੇ ਪੰਜਾਬੀ ਪਿਆਰੇ ਵੀ ਸਹਿਯੋਗ ਦੇਣ ਲੱਗੇ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਦੋਵੇਂ ਕੇਂਦਰੀ ਪੰਜਾਬੀ ਸਭਾਵਾਂ, ਯੂਨੀਵਰਸਿਟੀਆਂ, ਨਾਰਥ ਜ਼ੋਨ ਕਲਚਰ ਸੈਂਟਰ, ਭਾਸ਼ਾ ਵਿਭਾਗ ਸਮੇਤ ਪੰਜਾਬ ਭਰ ਦੀਆਂ ਸੱਭਿਆਚਾਰਕ, ਸਾਹਿਤਕ ਤੇ ਸਮਾਜਿਕ ਸੰਸਥਾਵਾਂ ਵੀ ਆਪੋ-ਆਪਣਾ ਸਹਿਯੋਗ ਦੇਣ ਲੱਗੀਆਂ।
ਪੰਜਾਬ ਭਰ ਦੇ ਚਿੱਤਰਕਾਰ, ਕਲਾਕਾਰ, ਗੀਤਕਾਰ, ਸਾਹਿਤਕਾਰ, ਪੱਤਰਕਾਰ, ਢਾਡੀ-ਕਵੀਸ਼ਰ, ਭੰਡ, ਨਕਲੀਏ, ਰਾਸਧਾਰੀਏ, ਕੱਵਾਲ, ਸਪੇਰੇ, ਗਤਕਾ ਪਾਰਟੀਆਂ, ਭੰਗੜਾ ਟੀਮਾਂ, ਲੋਕ ਨਾਚ ਮੰਡਲੀਆਂ, ਨੁਮਾਇਸ਼ਾਂ ਤੇ ਪ੍ਰਦਸ਼ਨੀਆਂ ਮੇਲੇ ਵਿਚ ਇਉਂ ਆ ਜੁੜਦੀਆਂ, ਜਿਵੇਂ ਸਭੇ ਦੇਸ਼-ਵਿਦੇਸ਼ਾਂ ਦੇ ਕਲਾਕਾਰ ਆਣ ਜੁੜੇ ਹੋਣ।
‘ਪੰਜਾਬ ‘ਤੇ ਕਾਲੇ ਦਿਨ ਆ ਗਏ।ਲੋਕੀਂ ਸਹਿਮ ਗਏ। ਮਾਰ-ਮਰਾਈ ਹੋ ਰਹੀ ਸੀ।ਪਰ ਮੇਲਾ ਆਪਣੀ ਤਾਰੀਖ ‘ਤੇ, ਧੂਮ-ਧੜੱਕੇ ਨਾਲ ਲਗਦਾ ਰਿਹਾ। ਜੱਸੋਵਾਲ ਕਲਾਕਾਰਾਂ ਦੇ ਘਰੋ-ਘਰੀਂ ਜਾ ਕੇ ਉਨ੍ਹਾਂ ਦਾ ਹੌਸਲਾ ਵਧਾਉਂਦਾ ਤੇ ਗਾਉਣ ਲਈ ਪ੍ਰੇਰਦਾ। ਮੇਲੇ ਵਿਚ ਦੀਵਾਲੀ ਕਈ ਵਾਰੀ ਇਸੇ ਤਾਰੀਖ ਨੂੰ ਆਈ, ਦੁਸਹਿਰਾ ਵੀ ਆਇਆ ਪਰ ਮੇਲਾ ਲਗਦਾ ਰਿਹਾ। ਪੰਜਾਬ ਵਿਚ ਭਾਵੇਂ ਲੋਕ ਮਰ ਰਹੇ ਸਨ, ਪਰ ਫਿਰ ਵੀ ਸਹਿਮੇ ਹੋਏ ਲੋਕ ਮੇਲਾ ਵੇਖਣ ਆਉਂਦੇ ਰਹੇ, ਰੁਕੇ ਨਹੀਂ। ਸਿਆਸਤਦਾਨ ਮੇਲੇ ਵਿਚ ਆਉਂਦੇ ਰਹੇ, ਹੁਣ ਵੀ ਆਉਂਦੇ ਹਨ, ਪਰ ਸਿਆਸਤ ਦੀ ਜੁੱਤੀ ਬਾਹਰ ਲਾਹ ਕੇ!’ ਸ. ਜਗਦੇਵ ਸਿੰਘ ਜੱਸੋਵਾਲ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਜਿੰਦਾ ਹਨ ਤੇ ਹਮੇਸ਼ਾਂ ਜਿੰਦਾ ਰਹਿਣਗੇ।
– ਹਰਮਨ ਸੂਫ਼ੀ ਲਹਿਰਾ
ਜ਼ਿਲ੍ਹਾ – ਲੁਧਿਆਣਾ
ਮੋਬਾਇਲ ਨੰ. 97818-08843