ਨਵਾਂ ਸਾਲ ਮੁਬਾਰਕ – 2015
ਇੰਦਰਜੀਤ ਸਿੰਘ ਕੰਗ
ਸੁਪਨਿਆਂ ਨੂੰ ਪੂਰਾ ਕਰਨ ਲਈ ਯੋਗਤਾ ਦੀ ਲੋੜ ਪੈਂਦੀ ਹੈ, ਜੇਕਰ ਸੁਪਨਿਆਂ ਅਤੇ ਯੋਗਤਾ ਦਾ ਆਪਸ ਵਿੱਚ ਸੁਮੇਲ ਨਾ ਬਣੇ ਤਾਂ ਮੁਨੱਖ ਦੇ ਪੱਲੇ ਨਿਰਾਸ਼ਾ ਹੀ ਪੈਂਦੀ ਹੈ।ਇਹ ਗੱਲ ਸਾਡੇ ਦੇਸ਼ ਵਾਸੀਆਂ ਖਾਸਕਰ ਹੁਣ ਪੰਜਾਬੀਆਂ ‘ਤੇ ਬਹੁਤ ਢੁਕਦੀ ਹੈ, ਕਿਉਂਕਿ ਹੁਣ ਪੰਜਾਬੀ ਮਿਹਨਤ ਕਰਨੀ ਛੱਡ ਕੇ, ਜਾਗਦੇ ਹੋਏ ਵੀ ਸੁਪਨਿਆਂ ਦੀ ਦੁਨੀਆਂ ਵਿੱਚ ਗੁਆਚੇ ਰਹਿੰਦੇ ਹਨ।ਦਿਨੇਂ ਹੀ ਸੁਪਨੇ ਲੈਣ ਦੀ ਆਦਤ ਕਾਰਨ ਪੰਜਾਬੀਆਂ ਦੀ ਯੋਗਤਾ ਦਾ ਗ੍ਰਾਫ ਥੱਲੇ ਆਉਣ ਲੱਗ ਪਿਆ ਹੈ, ਪੱਲੇ ਨਿਰਾਸ਼ਾ ਹੀ ਪੈ ਰਹੀ ਹੈ ਅਤੇ ਨਿਰਾਸ਼ਾ ਕਾਰਨ ਹੀ ਆਪਣੀ ਜ਼ਿੰਦਗੀ ਵਿੱਚ ਅਸਫਲ ਹੋ ਰਹੇ ਹਨ। ਕੋਈ ਵੀ ਮਨੁੱਖ ਆਪਣਾ ਬਚਪਨ, ਜਵਾਨੀ, ਅੱਧਖੜ ਤੇ ਪਿਛਲਾ ਪਹਿਰ ਪੂਰਾ ਕਰਕੇ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਆਖ ਜਾਂਦਾ ਹੈ।ਜਦੋਂ ਮਨੁੱਖ ਆਪਣੇ ਇਨ੍ਹਾਂ ਪੜਾਵਾਂ ਵਿੱਚੋਂ ਕਿਸੇ ਵੀ ਨਵੇਂ ਪੜਾਅ ਅੰਦਰ ਦਾਖਲ ਹੁੰਦਾ ਹੈ, ਤਾਂ ਉਸਦੇ ਮਨ ਅੰਦਰ ਕੁੱਝ ਨਾ ਕੁੱਝ ਨਵਾਂ ਕਰ ਗੁਜਰਨ ਦੀ ਚਾਹਤ ਹੁੰਦੀ ਹੈ।ਇਸੇ ਤਰ੍ਹਾਂ ਇਹ ਸਾਲ ਵੀ, ਸਾਲ ਦਰ ਸਾਲ ਆਪਣੀਆਂ ਮਿੱਠੀਆਂ ਕੌੜੀਆਂ ਯਾਦਾਂ ਛੱਡਦੇ ਹੋਏ ਲੰਘਦੇ ਜਾਂਦੇ ਹਨ ਅਤੇ ਨਵਾਂ ਸਾਲ ਇੱਕ ਚੰਗੀ ਉਮੀਦ ਬਣ ਸਾਡੇ ਸਾਹਮਣੇ ਆਉਂਦਾ ਹੈ।
ਹੁਣ 21ਵੀਂ ਸਦੀ ਵੀ ਆਪਣੇ ਬਚਪਨ ਦੇ 15 ਵਰ੍ਹੇ ਪੂਰੇ ਕਰਕੇ 16ਵੇਂ ਸਾਲ, ਭਾਵ ਭਰ ਜਵਾਨੀ ਵਿੱਚ ਪੈਰ ਰੱਖ ਚੁੱਕੀ ਹੈ।ਸਾਲ 2015 ਸਾਡੇ ਬੂਹੇ ਤੇ ਦਸਤਕ ਦੇ ਸਾਨੂੰ ਕੁੱਝ ਨਵਾਂ ਸਿਰਜਣ ਦੀ ਉਮੀਦ ਨਾਲ ਆਪਣੀਆਂ ਦੋਨੋਂ ਬਾਹਵਾਂ ਫੈਲਾ ਕੇ ਖੁਸ਼ਆਮਦੀਦ ਕਹਿ ਚੁੱਕਾ ਹੈ। ਨਵੇਂ ਵਰ੍ਹੇ ਦੀ ਆਮਦ ਦੇ ਜਸ਼ਨ ਅਸਟ੍ਰੇਲੀਆਂ ਤੋਂ ਸ਼ੁਰੂ ਹੋ ਕੇ ਅਮਰੀਕਾ ਮਹਾਂਦੀਪ ਵਿੱਚ ਸਮਾਪਤ ਹੋ ਜਾਂਦੇ ਹਨ।ਹਰੇਕ ਦੇਸ਼ ਦੇ ਵਾਸੀ ਆਪੋ ਆਪਣੇ ਢੰਗ ਨਾਲ ਨਵੇਂ ਸਾਲ ਨੂੰ ਜੀ ਆਇਆ ਕਹਿੰਦੇ ਹਨ। ਸਾਡੇ ਭਾਰਤ ਵਿੱਚ ਵੀ ਨਵੇਂ ਸਾਲ ਨੂੰ ਜੀ ਆਇਆ ਕਹਿਣ ਲਈ ਜਸ਼ਨ ਮਨਾਏ ਜਾਂਦੇ ਹਨ, ਪ੍ਰੰਤੂ ਭਾਰਤ ਵਿੱਚ ਨਵੇਂ ਸਾਲ ਦਾ ਸਵਾਗਤ ਕਰਨ ਲਈ ਕੇਵਲ 10 ਪ੍ਰਤੀਸ਼ਤ ਕੁ ਲੋਕ ਹੀ ਜਾਗਕੇ ‘ਨਵਾਂ ਸਾਲ ਸਵਾਗਤਮ’ ਕਹਿਣ ਦਾ ਅਖੌਤੀ ਵਿਖਾਵਾ ਕਰਦੇ ਹਨ, ਬਾਕੀ 90 ਪ੍ਰਤੀਸ਼ਤ ਲੋਕ ਤਾਂ ਝੱਖ ਠੰਡੀ ਰਾਤ ਦੀ ਅਗੋਸ਼ ਵਿੱਚ ਲਿਪਟੇ ਆਪਣੀਆਂ ਆਰਥਿਕ ਮੰਦਹਾਲੀਆਂ, ਤੰਗੀਆਂ ਤੁਰਸ਼ੀਆਂ ਤੇ ਬੇਰੋਜਗਾਰੀ ਨਾਲ ਜੂਝਦੇ, ਆਪਣੀ ਝੂਠੀ ਸੁਪਨਮਈ ਦੁਨੀਆਂ ਦੇੇ ਸੁਪਨੇ ਲੈ ਰਹੇ ਹੁੰਦੇ ਹਨ। ਨਵੇਂ ਸਾਲ ਦੀ ਸਵੇਰ ਨੂੰ ਇਹ ਲੋਕੀਂ ਰੋਜਾਨਾਂ ਦੀ ਤਰ੍ਹਾਂ ਉੱਠਦੇ ਹਨ, ਫਿਰ ‘ਮੁੱਲਾਂ ਦੀ ਦੌੜ ਮਸੀਤ ਤੱਕ’ ਵਾਲੀ ਦੌੜ ਵਿੱਚ ਸ਼ਾਮਲ ਹੋ ਕੇ, ਸ਼ਾਮ ਨੂੰ ਥੱਕੇ ਹਾਰੇ ਵਾਪਸ ਘਰ ਆ ਸੌਂ ਜਾਂਦੇ ਹਨ।ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਹੁੰਦਾ ਕਿ ਅੱਜ ਨਵਾਂ ਸਾਲ ਚੜਿਆ ਜਾਂ ਨਹੀਂ।ਜਿਹੜੇ 10 ਪ੍ਰਤੀਸ਼ਤ ਲੋਕੀਂ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਵੀ ਹਨ, ਉਨ੍ਹਾਂ ਦਾ ਮਕਸਦ ਇਹੀ ਹੁੰਦਾ ਹੈ ਇਨ੍ਹਾਂ ਗਰੀਬੀ ਦੇ ਝੰਬੇ ਲੋਕਾਂ ਨੂੰ ਹੋਰ ਕਿਸ ਤਰ੍ਹਾਂ ਲੁੱਟਣਾ ਹੈ, ਇਨ੍ਹਾਂ ਦੀ ਸੋਚ ਨੂੰ ਕਿਹੜੇ ਢੰਗ ਨਾਲ ਖੁੰਡੀ ਕਰਕੇ ਇਨ੍ਹਾਂ ਨੂੰ ਮਗਰ ਲਾ ਕੇ ਰੱਖਣਾ ਹੈ।
ਮੈਂ ਇਸ ਨਵੇਂ ਵਰ੍ਹੇ ਦੀ ਆਮਦ ਮੌਕੇ ਆਮ ਲੋਕਾਂ ਦੀ ਗੱਲ ਕਰਦਾ ਹੋਇਆ ਸੋਚਦਾ ਹਾਂ ਕਿ ਕੀ ਸਾਡੇ ਲੋਕਾਂ ਅੰਦਰ ਇਸ ਵਾਰ ਨਵੇਂ ਵਰ੍ਹੇ ਦਾ ਸਵਾਗਤ ਕਰਨ ਲਈ ਜਾਂ ਨਵੇਂ ਵਰ੍ਹੇ ਅੰਦਰ ਕੁਝ ਨਵਾਂ ਕਰ ਗੁਜ਼ਰਨ ਦਾ ਜ਼ਜਬਾ ਭਰ ਹੋਵੇਗਾ? ਜੇਕਰ ਆਮ ਵਰਗ ਹੁਣ ਵੀ ਗਤੀਸ਼ੀਲ ਨਾ ਹੋਇਆ ਤਾਂ ਉਸ ਦੀ ਹਾਲਤ ਇੱਕ ਪਿੱਪਲ ਦੇ ਦਰੱਖਤ ਵਾਲੀ ਹੀ ਰਹੇਗੀ, ਜਿਹੜਾ ਇੱਕ ਥਾਂ ਹੀ ਖੜ੍ਹਾ ਰਹਿੰਦਾ ਹੈ ਅਤੇ ਦੂਜਿਆਂ ਲਈ ਆਪਣਾ ਜੀਵਨ ਨਿਛਾਵਰ ਕਰ ਦਿੰਦਾ ਹੈ, ‘ਪਿੱਪਲ ਦੇ ਪੱਤਿਆ ਵੇ ਕਾਹਦੀ ਖੜ ਖੜ ਲਾਈ ਏ, ਪੱਤ ਝੜਗੇ ਪੁਰਾਣੇ ਰੁੱਤ ਨਵਿਆਂ ਦੀ ਆਈ ਏ।’ ਅਸੀਂ ਇਨ੍ਹਾਂ ਪੱਤਿਆਂ ਵਾਂਗ ਨਵੇਂ ਪੁਰਾਣੇ ਹੀ ਹੁੰਦੇ ਰਹਾਂਗੇ ਭਾਵ ਆਪਣੀ ਜ਼ਿੰਦਗੀ ਦਾ ਪੰਧ ਮੁਕਾ, ਆਉਣ ਵਾਲੀ ਨਵੀਂ ਪੀੜ੍ਹੀ ਲਈ ਉਹੀ ਡਫਲੀ- ਉਹੀ ਰਾਗ ਵਾਲੀ ਜ਼ਿੰਦਗੀ ਪਰੋਸ ਜਾਵਾਂਗੇ।
ਹੁਣ ਤਾਂ 21ਵੀਂ ਸਦੀ ਵੀ ਜਵਾਨੀ ਵਿੱਚ ਪੈਰ ਰੱਖਣ ਲੱਗੀ ਹੈ, ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਲੋਕਾਂ ਦੀ ਸੋਚ ਵੀ ਨਵੀਂ ਕਰਵਟ ਲੈ, ਆਪਣੇ ਜ਼ਮੀਨੀ ਸੁਪਨਿਆਂ ਨੂੰ ਹਕੀਕਤ ਦੇ ਪਰ ਲਾ, ਨਵੀਆਂ ਪੁਲਾਘਾਂ ਪੁੱਟਣ ਦੀ ਤਿਆਰੀ ਵਿੱਚ ਹਨ। ਇੱਥੇ ਸਾਡੀ ਭਾਰਤੀਆਂ ਦੀ ਬਹੁਗਿਣਤੀ ਆਪੇ ਬਣਾਈ ਕਿਸਮਤ ਦੀ ਬਦਕਿਸਮਤੀ ਦਾ ਸ਼ਿਕਾਰ ਹੈ, ਜੋ ਅਜੇ ਤੱਕ ਆਪਣੀ ਜ਼ਮੀਨੀ ਹਕੀਕਤ ਨੂੰ ਹੀ ਨਹੀਂ ਪਹਿਚਾਣ ਸਕੇ। ਕੇਵਲ ਪੰਜ ਪ੍ਰਤੀਸ਼ਤ ਲੋਕ ਹੀ ਭਾਰਤ ਦੀ ਬਹੁਗਿਣਤੀ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਰੱਖੀਂ ਬੈਠੇ ਹਨ ਅਤੇ ਭਾਰਤ ਦੀ ਬਹੁਗਿਣਤੀ ਨੂੰ ਲੁੱਟ ਤੇ ਕੁੱਟ ਰਹੇ ਹਨ। ਜਿਵੇਂ ਕਿਹਾ ਜਾਂਦਾ ਹੈ ਕਿ ਭੂਤਕਾਲ ਦੀਆਂ ਘਟਨਾਵਾਂ ਕਦੇ ਮਨੁੱਖ ਦਾ ਖਹਿੜਾ ਨਹੀਂ ਛੱਡਦੀਆਂ ਅਤੇ ਭਵਿੱਖ ਦੀ ਹਮੇਸ਼ਾਂ ਅਨਿਸਚਤਾ ਬਣੀ ਰਹਿੰਦੀ ਹੈ, ਜਿਸ ਨਾਲ ਅਸੀਂ ਆਪਣਾ ਵਰਤਮਾਨ ਵੀ ਖਰਾਬ ਕਰ ਲੈਂਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਭੂਤਕਾਲ ਨਹੀਂ ਛੱਡ ਰਹੇ, ਭਾਵ ਗੁਲਾਮੀ ਵਿੱਚ ਹੀ ਰਹੇ ਹਾਂ ਅਤੇ ਗੁਲਾਮੀ ਵਿੱਚ ਹੀ ਰਹਿਣਾ ਪਸੰਦ ਕਰਦੇ ਹਾਂ। ਇਸੇ ਸੌੜੀ ਸੋਚ ਕਾਰਨ ਅਸੀਂ ਆਪਣੇ ਵਰਤਮਾਨ ਦੇ ਨਾਲ ਨਾਲ ਆਪਣਾ ਭਵਿੱਖ ਵੀ ਖਰਾਬ ਕਰ ਰਹੇ ਹਾਂ।
ਸਾਡੇ ਸਾਹਮਣੇ ਚਣੌਤੀਆਂ ਬਹੁਤ ਹਨ, ਜਿਵੇਂ ਸਾਡੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਗਲ਼-ਗਲ਼ ਤੱਕ ਧਸ ਚੁੱਕੀ ਹੈ, ਭ੍ਰਿਸ਼ਟਾਚਾਰ ਸਾਡੇ ਹੱਡਾਂ ਵਿੱਚ ਰਚ ਗਿਆ ਹੈ, ਪੜ੍ਹਿਆਂ ਲਿਖਿਆਂ ਦੀ ਲਾਈਨ ਬਹੁਤ ਲੰਬੀ ਹੋ ਚੁੱਕੀ ਹੈ, ਬੇਰੁਜ਼ਗਾਰੀ ਦਾ ਅਜਗਰ ਫਨ ਚੁੱਕੀ ਖੜ੍ਹਾ ਹੈ, ਗਰੀਬ ਹੋਰ ਗਰੀਬ ਹੋਈ ਜਾ ਰਿਹਾ- ਅਮੀਰ ਛੜੱਪੇ ਮਾਰ ਮਾਰ ਹੋਰ ਅਮੀਰ ਹੋਈ ਜਾ ਰਿਹਾ- ਇਨ੍ਹਾਂ ਵਿਚਲਾ ਪਾੜਾ ਬਹੁਤ ਵੱਧ ਰਿਹਾ ਹੈ, ਆਮ ਆਦਮੀ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਨਹੀਂ ਹੋ ਰਹੀਆਂ, ਸਿੱਖਿਆ ਦਾ ਮਿਆਰ ਦਿਨੋਂ ਦਿਨ ਨੀਵਾਂ ਹੋ ਰਿਹਾ ਹੈ, ਬੱਚਿਆਂ ਵਿੱਚ ਨੈਤਿਕਤਾ ਦੀ ਘਾਟ ਆ ਰਹੀ ਹੈ, ਬੁਢਾਪਾ ਰੁਲ ਰਿਹਾ ਹੈ, ਜਵਾਨੀ ਕੁਰਾਹੇ ਪੈ ਚੁੱਕੀ ਹੈ, ਮੁਲਾਜ਼ਮ ਵਰਗ ਮਾਨਸਿਕ ਤੌਰ ਤੇ ਪਰੇਸ਼ਾਨ ਹੈ, ਕਿਸਾਨੀ ਟੁੱਟੀ ਪਈ ਹੈ, ਮਜ਼ਦੂਰ ਹੱਦੋਂ ਵੱਧ ਬੇਵੱਸ ਨਜ਼ਰ ਆ ਰਿਹਾ, ਖੁਦਕੁਸ਼ੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਅੱਤਵਾਦ ਦੀ ਅੱਗ ਸਾਡੇ ਪਿੰਡੇਂ ਨੂੰ ਝੁਲਸਾ ਰਹੀ ਹੈ, ਅਖੌਤੀ ਬਾਬਿਆਂ ਦਾ ਭਰਮ ਜਾਲ ਫੈਲ ਰਿਹਾ ਹੈ ਇਨ੍ਹਾਂ ਦੇ ਡੇਰਿਆਂ ਵਿੱਚੋਂ ਮਾਰੂ ਹਥਿਆਰਾਂ ਦੇ ਜਖੀਰੇ ਮਿਲ ਰਹੇ ਹਨ, ਅਖੌਤੀ ਬਾਬਿਆਂ ਨੂੰ ਰਾਜਨੇਤਾਵਾਂ ਦੀ ਸਰਪ੍ਰਸਤੀ ਹਾਸਲ ਹੈ, ਮਾਸੂਮਾਂ ਨਾਲ ਬਲਾਤਕਾਰਾਂ ਦੀਆਂ ਘਟਨਾਵਾਂ ਸਾਨੂੰ ਸ਼ਰਮਸ਼ਾਰ ਕਰ ਰਹੀਆਂ ਹਨ, ਮਾਸੂਮ ਸਕੂਲੀ ਬੱਚਿਆਂ ਦੇ ਕਤਲ ਹੋ ਰਹੇ ਹਨ, ਕੁੜੀਆਂ ਦਾ ਘਰੋਂ ਸੁਰੱਖਿਅਤ ਬਾਹਰ ਨਿਕਲਣਾ ਮੁਹਾਲ ਹੋ ਰਿਹਾ ਹੈ, ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਆਪਸੀ ਰਿਸ਼ਤਿਆਂ ਵਿੱਚ ਤਰੇੜਾਂ ਪੈ ਚੁੱਕੀਆਂ ਹਨ, ਭਾਈਚਾਰਕ ਸਾਂਝ ਟੁੱਟ ਰਹੀ ਹੈ ……। ਗੱਲ ਕੀ ਇਨ੍ਹਾਂ ਚਣੌਤੀਆਂ ਦੀ ਸੂਚੀ ਕਾਫੀ ਲੰਬੀ ਹੈ। ਸਾਨੂੰ ਇਨ੍ਹਾਂ ਦਾ ਹੱਲ ਵੀ ਆਪ ਹੀ ਕੱਢਣਾ ਪਵੇਗਾ। ਆਪਣੀ ਟੇਕ ਇਨ੍ਹਾਂ ਅਖੌਤੀ ਸਰਮਾਏਦਾਰ ਲੀਡਰਾਂ ਤੋਂ ਹਟਾ ਖੁਦ ਹੀ ਇੱਕ ਨਵੇਂ ਸੰਘਰਸ਼ ਦੀ ਸ਼ੁਰੂਆਤ ਕਰਨੀ ਪਵੇਗੀ। ਸਾਨੂੰ ਕੰਧ ਤੇ ਲਿਖਿਆ ਪੜ੍ਹਨਾ ਪਵੇਗਾ, ਜੇਕਰ ਅਸੀਂ ਹੁਣ ਵੀ ਇਹੀ ਧਾਰਨਾ ਮਨ ਵਿੱਚ ਧਾਰੀ ਬੈਠੇ ਰਹੇ ਕਿ ਪਹਿਲਾਂ ਸਾਨੂੰ ਗੋਰੇ ਅੰਗਰੇਜ਼ ਲੁੱਟਦੇ ਰਹੇ, ਹੁਣ ਸਾਨੂੰ ਇਹ ਕਾਲੇ ਅੰਗਰੇਜ਼ ਲੁੱਟੀ ਜਾ ਰਹੇ ਹਨ। ਇਸ ਧਾਰਨਾਂ ਨੂੰ ਮਨ ਵਿੱਚੋਂ ਕੱਢਣਾ ਪਵੇਗਾ, ਨਹੀਂ ਤਾਂ ਇਹ ਪੰਜ ਪ੍ਰਤੀਸ਼ਤ ਲੋਕ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਇਸੇ ਤਰ੍ਹਾਂ ਕੁੱਟੀ ਤੇ ਲੁੱਟੀ ਜਾਣਗੇ। ਜੇਕਰ ਆਪਾਂ ਕਹੀਏ ਕਿ ਇਹ ਚਣੌਤੀਆਂ ਦਿਨਾਂ ਵਿੱਚ ਖਤਮ ਹੋ ਜਾਣਗੀਆਂ। ਨਹੀਂ — ਹਰਗਿਜ਼ ਨਹੀਂ।
ਪਰ ਹਾਂ, ਜੇਕਰ ਇੱਕ ਇੱਕ ਆਦਮੀ ਇਸ ਨਵੇਂ ਸਾਲ ਦੇ ਸ਼ੁਰੂਆਤ ਕੇਵਲ ਇੱਕ ਚਣੌਤੀ ਵਿਰੁੱਧ ਲਾਮਬੰਦ ਹੋਣ ਦਾ ਸੰਕਲਪ ਮਨ ਵਿੱਚ ਧਾਰਨ ਕਰ ਲਵੇ ਤਾਂ ਅਸੀਂ 95 ਪ੍ਰਤੀਸ਼ਤ ਲੋਕ ਇਨ੍ਹਾਂ ਚਣੌਤੀਆਂ ਦੀ ਸੂਚੀ ਨੂੰ ਸਾਲ ਨਹੀਂ ਤਾਂ ਦੋ ਸਾਲ ਅੰਦਰ ਹੀ ਖਤਮ ਕਰ ਦੇਵਾਂਗੇ। ਇਸ ਦੇ ਲਈ ਸਾਨੂੰ ਆਪਣਾ ਆਪ ਪਛਾਣ ਕੇ ਪਹਿਲ ਕਰਨ ਲਈ ਮੂਹਰੇ ਆਉਣਾ ਹੀ ਪਵੇਗਾ – ਨਹੀਂ ਤਾਂ ਇਹ ਨਵੇਂ ਸਾਲ ਆਉਂਦੇ ਰਹਿਣਗੇ ਤੇ ਜਾਂਦੇ ਰਹਿਣਗੇ, ਅਸੀਂ ਆਪਣੇ ਹੀ ਲੋਟੂ ਭਾਈਆਂ ਕੋਲੋਂ ਲੁੱਟਦੇ ਰਹਾਂਗੇ।
ਸਾਡੇ ਲਈ ਅਜੇ ਵੀ ਕੁਝ ਵੇਲਾ ਹੈ ਕਿ ਅਸੀਂ ਸੁਪਨਮਈ ਦੁਨੀਆਂ ਵਿੱਚੋਂ ਬਾਹਰ ਆਈਏ, ਹਕੀਕਤ ਨੂੰ ਪਛਾਣ ਆਪਣੀ ਯੋਗਤਾ ਅਨੁਸਾਰ ਸੁਪਨੇ ਸੰਯੋਈਏ ਅਤੇ ਜ਼ਿੰਦਗੀ ਵਿੱਚ ਕਾਮਯਾਬ ਇਨਸਾਨ ਬਣ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸੁਨਹਿਰੀ ਭਵਿੱਖ ਦੀ ਸ਼ੁਰੂਆਤ ਕਰੀਏ। ਆਓ ਕਾਮਨਾ ਕਰੀਏ ਸਾਲ 2015 ਸਾਡੇ ਲਈ ਖੁਸ਼ੀਆਂ, ਖੇੜੇ, ਬਹਾਰਾਂ, ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤੀ ਲੈ ਕੇ ਆਵੇ।
(ਇੰਦਰਜੀਤ ਸਿੰਘ ਕੰਗ)
ਪੁੱਤਰ ਸਵ: ਮਹਿਮਾ ਸਿੰਘ ਕੰਗ
ਪਿੰਡ ਤੇ ਡਾਕ: ਕੋਟਲਾ ਸਮਸ਼ਪੁਰ,
ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ।
ਮੋਬਾ: 98558-82722