Thursday, November 21, 2024

ਅੱਪੂ ਅੰਕਲ ਤੇ ਜੰਗਲੀ ਚੂਹਾ

ਬਾਲ ਕਹਾਣੀ 

DR.SADHU RAM LANGIANA

ਲੇਖਕ: ਡਾ. ਸਾਧੂ ਰਾਮ ਲੰਗੇਆਣਾ
9878117285     

 ਬੱਚਿਓ, ਇੱਕ ਜੰਗਲ ਵਿੱਚ ਭਾਵੇਂ ਬਹੁਤ ਸਾਰੇ ਹਾਥੀ ਰਹਿੰਦੇ ਸਨ। ਪਰ ਜੰਗਲ ਦੇ ਛਿਪਦੇ ਵਾਲੇ ਪਾਸੇੇ ਦਰੱਖਤਾਂ ਦੇ ਸੰਘਣੇ ਝੁੰਡ ਵਿੱਚ ਸਿਰਫ ਇੱਕ ਹੀ ਘੁਮੰਡੀ ਹਾਥੀ ਰਹਿੰਦਾ ਸੀ, ਜਿਸਦੀ ਆਪਣੇ ਬਾਕੀ ਸਾਥੀਆਂ ਨਾਲ ਘੱਟ ਹੀ ਰੱਚਕ ਬੈਠਦੀ ਸੀ।ਇੱਕ ਜੰਗਲੀ ਚੂਹੇ ਨੇ ਵੀ ਉਸਦੇ ਨੇੜੇ ਹੀ ਨਿਵਾਸ ਕਰ ਲਿਆ। ਜਿਉਂ ਹੀ ਹਾਥੀ ਨੂੰ ਚੂਹੇ ਦੀ ਰਿਹਾਇਸ਼ ਬਾਰੇ ਪਤਾ ਚੱਲਿਆ, ਤਾਂ ਉਹ ਅੰਦਰੋ ਅੰਦਰੀ ਮਨ ਵਿੱਚ ਬੜਾ ਦੁਖੀ ਹੋਇਆ। ਹਾਥੀ ਜਦੋਂ ਚੂਹੇ ਦੀ ਖੁੱਡ ਮੂਹਰ ਦੀ ਲੰਘ ਕੇ ਜੰਗਲ ਦੇ ਚੜ੍ਹਦੇ ਵਾਲੇ ਪਾਸੇ ਵੱਲ ਜਾਂਦਾ ਹੁੰਦਾ ਸੀ ਤਾਂ ਚੂਹਾ ਹਾਥੀ ਨੂੰ ਰੋਜ਼ਾਨਾ ‘ਅੱਪੂ ਅੰਕਲ’ ਜੀ ਆਖ ਕੇ ਨਮਸਕਾਰ ਕਰਦਾ, ਪ੍ਰੰਤੂ ਹਾਥੀ ਆਪਣੇ-ਆਪ ਤੇ ਗਰੂਰ ਹੋਇਆ ਚੂਹੇ ਵੱਲੋਂ ਕੀਤੇ ਜਾਂਦੇ ਮਾਣ-ਸਤਿਕਾਰ ਦਾ ਸਿੱਧੇ ਮੂੰਹ ਜਵਾਬ ਨਹੀਂ ਦਿੰਦਾ ਸੀ।ਤੇ ਕਈ ਵਾਰ ਹਾਥੀ ਚੂਹੇ ਦੀ ਖੁੱਡ ਕੋਲੋਂ ਲੰਘਦਿਆਂ ਕਦੇ ਉਸਦੀ ਖੁੱਡ ਮੂਹਰੇ ਲਿੱਦ, ਕਦੇ ਪੇਸ਼ਾਬ ਕਰ ਦਿੰਦਾ, ਕਦੀ ਪੈਰ ਨਾਲ ਮਿੱਟੀ ਖਰੂਦ ਕੇ ਖੁੱਡ ਬੰਦ ਕਰ ਦਿੰਦਾ ਸੀ। ਚੂਹਾ ਅੱਗੋਂ ਹਾਥੀ ਵੱਲੋਂ ਪ੍ਰਦਾਨ ਕੀਤਾ ਜਾਂਦਾ ਨਿਰਾਦਰ ਵੀ ਖਿੜੇ ਮੱਥੇ ਪ੍ਰਵਾਨ ਕਰ ਲੈਂਦਾ ਸੀ। ਸਮਾਂ ਆਪਣੀ ਚਾਲ ਚੱਲਦਾ ਗਿਆ। ਇੱਕ ਦਿਨ ਬਹੁਤ ਜ਼ਿਆਦਾ ਬਾਰਸ਼ ਹੋਈ। ਹਾਥੀ ਤੇ ਚੂਹੇ ਦੀ ਰਿਹਾਇਸ਼ ਵਾਲੀ ਜਗ੍ਹਾ ਨੀਵੀਂ ਹੋਣ ਕਾਰਨ ਉੱਥੇ ਬਹੁਤ ਜ਼ਿਆਦਾ ਪਾਣੀ ਹੀ ਪਾਣੀ ਭਰ ਗਿਆ।
ਚੂਹਾ ਫਟਾਫਟ ਖੁੱਡ ਚੋਂ ਨਿਕਲ ਕੇ ਇੱਕ ਦਰੱਖਤ ਦਾ ਸਹਾਰਾ ਲੈਂਂਦਾ ਹੋਇਆ ਉਸ ਦਰੱਖਤ ‘ਤੇ ਚੜ ਗਿਆ ਤੇ ਭੁੱਖਾ ਤਿਹਾਇਆ ਨੀਂਦਰੇ ਮਾਰਿਆ ਦੋ-ਤਿੰਨ ਦਿਨ ਦਰੱਖਤ ਦੇ ਵਢਾਂਗ ਵਿੱਚ ਹੀ ਬੈਠਾ ਰਿਹਾ।
ਪਾਣੀ ਦਾ ਪੱਧਰ ਘੱਟ ਜਾਣ ਤੇ ਇੱਕ ਦਿਨ ਜਦੋਂ ਸਵੇਰੇ-ਸਵੇਰੇ ਹਾਥੀ ਜੰਗਲ ਦੀ ਸੈਰ ਕਰਨ ਲਈ ਚੂਹੇ ਦੇ ਕੋਲ ਦੀ ਲੰਘਣ ਲੱਗਾ, ‘ਤਾਂ ਚੂਹੇ ਨੇ ਹਾਥੀ ਨੂੰ ਢੂਈ ਤੇ ਬਿਠਾ ਕੇ ਪਾਣੀ ਚੋਂ ਕੱਢ ਲੈਣ ਬਾਰੇ ਮਿੰਨਤਾਂ ਤਰਲਾ ਕਰਦਿਆਂ ਅਣਗਿਣਤ ਅਵਾਜ਼ਾਂ ਮਾਰੀਆਂ, ਪ੍ਰੰਤੂ ਕਾਫਿਰਾਂ ਦੀ ਤਰ੍ਹਾਂ ਹਾਥੀ ਨੂੰ ਚੂਹੇ ਤੇ ਭੋਰਾ ਵੀ ਤਰਸ ਨਾ ਆਇਆ।
ਚੂਹਾ ਵਿਚਾਰਾ ਦੋ ਤਿੰਨ ਦਿਨ ਭਾਰੀ ਮੁਸੀਬਤ ‘ਚ ਫਸਿਆ ਰਿਹਾ। ਹਾਥੀ ਜਾਣ ਬੁੱਝ ਕੇ ਚੂਹੇ ਦੇ ਮੂਹਰ ਦੀ ਪਾਣੀ ਵਿੱਚ ਦੀ ਵਾਰ-ਵਾਰ ਲੰਘ ਕੇ ਚੂਹੇ ਦੇ ਜਖਮਾਂ ਤੇ ਮਲਮ ਪੱਟੀ ਲਗਾਉਣ ਦੀ ਬਜਾਏ ਲੂਣ ਭੁੱਕਦਾ ਰਿਹਾ, ਆਖਰ ਚੂਹੇ ਨੇ ਪਾਣੀ ਸੁੱਕ ਜਾਣ ਤੇ ਸੁੱਖ ਦਾ ਸਾਹ ਲੈਂਦਿਆਂ ਮੁੜ ਆਪਣੀ ਖੁੱਡ ‘ਚ ਨਿਵਾਸ ਕੀਤਾ।
ਕੁਝ ਸਮੇਂ ਬਾਅਦ ਇੱਕ ਦਿਨ ਜਿਉਂ ਹੀ ਹਾਥੀ ਸਵੇਰੇ ਸੈਰ ਕਰਨ ਲਈ ਚੂਹੇ ਦੀ ਖੁੱਡ ਕੋਲੋਂ ਲੰਘਿਆ, ਤਾਂ ਕੁਝ ਮਿੰਟਾਂ ਬਾਅਦ ਹੀ ਹਾਥੀ ਦੀਆਂ ਜ਼ੋਰ-ਜ਼ੋਰ ਨਾਲ ਵੱਜਦੀਆਂ ਚੀਕਾਂ ਚੂਹੇ ਦੇ ਕੰਨੀਂ ਪਈਆਂ। ਹਾਥੀ ਦੀਆਂ ਚੀਕਾਂ ਸੁਣਦੇ ਸਾਰ ਹੀ ਚੂਹੇ ਨੇ ਹਾਥੀ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ।
ਚੂਹੇ ਨੇ ਅੱਗੇ ਦੇਖਿਆ, ਕਿ ਹਾਥੀ ਦੀ ਸੁੰਡ ਕਿਸੇ ਸ਼ਿਕਾਰੀ ਵੱਲੋਂ ਲਗਾਏ ਗਏ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੀ ਹੈ। ਸ਼ਿਕਾਰੀ ਵੱਲੋਂ ਲਗਾਏ ਗਏ ਪਲਾਸਟਿਕ ਦੇ ਮੋਟੇ ਰੱਸੇ ਦੀ ਗੋਲ ਨਾਗਵਲ ਗੰਢ ਨੇ ਹਾਥੀ ਦੀ ਸੁੰਡ ਨੂੰ ਬੁਰੀ ਤਰ੍ਹਾਂ ਨਾਲ ਜਕੜਿਆ ਹੋਇਆ ਹੈ, ਜਿਸ ਕਾਰਨ ਹਾਥੀ ਚੀਕਾਂ ਤੇ ਚੀਕਾਂ ਮਾਰੀ ਜਾ ਰਿਹਾ ਸੀ।
ਅੱਪੂ ਅੰਕਲ..ਅੱਪੂ ਅੰਕਲ, ਤੁਸੀਂ ਜ਼ਰਾ ਹੌਂਸਲਾ ਬੁਲੰਦ ਰੱਖੋ, ਦਿਲ ਨਾ ਛੱਡੋ… ਨਹੀਂ ਤਾਂ ਤੁਹਾਨੂੰ ਦਿਲ ਦਾ ਦੌਰਾ ਵੀ ਪੈ ਸਕਦਾ ਹੈ। ਜਿਸ ਨਾਲ ਤੁਹਾਡੀ ਜਾਨ ਵੀ ਜਾ ਸਕਦੀ ਹੈ। ਐਵੇਂ ਨਾ ਚਿਲਾਓ…! ਚੂਹੇ ਨੇ ਆਪਣੀ ਦਲੀਲ ਪੇਸ਼ ਕੀਤੀ।
‘ਉਏ ਚੂਹਿਆ…! ਜੇ ਹੁਣ ਮੈਂ ਚਿਲਾਵਾਂਗਾ ਨਹੀਂ, ਤਾਂ ਹੋਰ ਕੀ ਕਰਾਂ, ਬਿੰਦ ਝੱਟ ਨੂੰ ਸ਼ਿਕਾਰੀ ਪਹੁੰਚ ਜਾਵੇਗਾ, ਉਹ ਮੈਨੂੰ ਆਪਣੇ ਗੁਲਾਮ ਕਰ ਲਵੇਗਾ, ਮੈਨੂੰ ਅੱਗੇ ਵੇਚ ਕੇ ਪੈਸੇ ਵੱਟੇਗਾ ਤੇ ਮੈਂ ਤਮਾਸ਼ਗਿਰੀ ਲੋਕਾਂ ਦੇ ਡੰਡੇ ਦੇ ਡਰ ਮੂਹਰੇ ਘਰ-ਘਰ, ਪਿੰਡ-ਪਿੰਡ ਜਾ ਕੇ ਜੰਨਤਾ ਦੇ ਅੱਗੇੋੇ ਗੋਡੇ ਟੇਕ ਕੇ ਤਮਾਸ਼ਾ ਦਿਖਾਇਆ ਕਰਾਂਗਾ, ਮੈਨੂੰ ਕਿਸੇ-ਕਿਸੇ ਟਾਈਮ ਪੇਟ ਭਰਨ ਜੋਗਾ ਪੂਰਾ ਅੰਨ ਵੀ ਪ੍ਰਦਾਨ ਨਹੀਂ ਹੋਵੇਗਾ ‘।
‘ਹਾਅ…ਹਾਅ…ਹਾਅ, ਅੱਪੂ ਅੰਕਲ ਜੀ, ਹੁਣ ਤੁਸੀਂ ਲੋਕਾਂ ਨੂੰ ਤਮਾਸ਼ਾ ਵੀ ਦਿਖਾਇਆ ਕਰੋਗੇ, ਜ਼ਰਾ ਮੈਨੂੰ ਵੀ ਇੱਕ ਅੱਧਾ ਟਰਾਇਲ ਕਰਕੇ ਦਿਖਾ ਦੇਵੋ, ਮੈਂ ਤੁਹਾਨੂੰ ਯਾਦ ਹੀ ਕਰ ਲਿਆ ਕਰਾਂਗਾ’। ‘ਜ਼ਰਾ ਜਲਦੀ ਕਰੋ…,ਫੇਰ ਤਾਂ ਤੁਸੀਂ ਕਿਸੇ ਸ਼ਿਕਾਰੀ ਦੇ ਵੱਸ ਪੈ ਹੀ ਜਾਣਾ ਹੈ।
‘ਉਏ ਚੂਹਿਆ, ਜੇਕਰ ਹੁਣ ਮੈਂ ਜਾਲ ਵਿੱਚ ਫਸਿਆ ਨਾਂ ਨਾ ਹੁੰਦਾ…ਤਾਂ ਮੈਂ ਆਪਣੇ ਪੈਰਾਂ ਨਾਲ ਤੇਰਾ ਐਸਾ ਕਚੂੰਮਰ ਕੱਢਣਾ ਸੀ। ਕਿ ਤੇਰਾ ਨਾਮੋ-ਨਿਸ਼ਾਨ ਵੀ ਨਜ਼ਰ ਨਹੀਂ ਸੀ ਆਉਣਾ’। ‘ਹੁਣ ਮੈਂ ਬੇਵੱਸ ਤੇ ਮਜ਼ਬੂਰ ਹਾਂ, ਕਿਉਂਕਿ ਜ਼ੋਰ ਤਾਂ ਭਾਂਵੇਂ ਮੇਰੇ ‘ਚ ਰੇਲਗੱਡੀ ਦੇ ਇੰਜਣ ਤੋਂ ਵੀ ਜ਼ਿਆਦਾ ਹੈ, ਪਰ ਅੱਜ ਇੱਕ ਪਲਾਸਟਿਕ ਦਾ ਰੱਸਾ ਹੀ ਮੇਰੇ ਲਈ ਫਾਂਸੀ ਦਾ ਫੰਦਾ ਬਣ ਚੁੱਕਾ ਹੈ। ‘ਪ੍ਰੰਤੂ ਜੇਕਰ ਹੁਣ ਮੈਂ ਆਪਣੇ ਆਪ ਨੂੰ ਜਾਲ ਚੋਂ ਮੁਕਤ ਕਰਾਉਣ ਲਈ ਜ਼ੋਰ ਅਜਮਾਈ ਕਰਦਾ ਹਾਂ, ਤਾਂ ਮੇਰੀ ਨਾਜ਼ੁਕ ਸੁੰਡ ਖਤਰੇ ਤੋਂ ਖਾਲੀ ਨਹੀਂ, ਜਾਲ ‘ਚ ਸੁੰਡ ਫਸੀ ਹੋਣ ਕਾਰਨ ਮੇਰਾ ਬਾਕੀ ਸਰੀਰ ਝੂਠਾ ਪੈਂਦਾ ਜਾ ਰਿਹਾ ਹੈ। ਜੇਕਰ ਜਾਲ ‘ਚ ਮੇਰੀ ਲੱਤ ਵਗੈਰਾ ਫਸੀ ਹੁੰਦੀ, ਤਾਂ ਗੱਲ ਹੋਰ ਹੋਣੀ ਸੀ ‘। ਨਾਲੋ ਨਾਲ ਹੀ ਹਾਥੀ ਦੀਆਂ ਅੱਖਾਂ ‘ਚ ਪਰਲ-ਪਰਲ ਹੰਝੂ ਵਗਣ ਲੱਗ ਪਏ।
‘ਨਹੀਂ..ਨਹੀਂ..ਨਹੀ, ਅੱਪੂ ਅੰਕਲ ਜੀ, ਮੈਂ ਤਾਂ ਤੁਹਾਡਾ ਜਿਗਰਾ ਹੀ ਪਰਖਣਾ ਸੀ। ਕਿ ਤੁਹਾਡਾ ਵਜ਼ੂਦ ਤਾਂ ਬਹੁਤ ਵੱਡਾ ਐ, ਪਰ ਦਿਲ ਤਾਂ ਚੂਹੇ ਦੇ ਬੱਚੇ ਤੋਂ ਵੀ ਪਤਲਾ ਐ, ਤੁਹਾਡੇ ਸਾਹਮਣੇ ਜਦੋਂ ਪਿਛਲੇ ਸਮੇਂ ਆਪਾਂ ਪਾਣੀ ਦੀ ਮਾਰ ਥੱਲੇ ਆ ਗਏ ਸਾਂ’। ‘ਉਦੋਂ ਦੇਖੋ ਮੈਂ ਚੂਹੇ ਨੇ, ਹਾਥੀ ਜਿੱਡਾ ਜਿਗਰਾ ਕਰਕੇ ਭੁੱਖੇ ਤਿਹਾਏ ਨੇ ਦਰੱਖਤ ਤੇ ਬੈਠ ਕੇ ਚੰਦਰਾ ਵਕਤ ਕਈ ਦਿਨ ਬਨਵਾਸ ਕੱਟਿਆ ਐ, ਤੇ ਮੈਂ ਭੋਰਾ ਵੀ ਨਹੀਂ ਚਿਲਾਇਆ ਸਾਂ, ਮੇਰੇ ਕਹਿਣ ਦੇ ਬਾਵਜੂਦ ਤੁਸੀਂ ਮੱਦਦ ਕਰਨ ਦੀ ਬਿਜਾਏ ਕੰਨ ਲਪੇਟ ਕੇ ਲੰਘ ਜਾਂਦੇ ਰਹੇ’।ਪਰ ਅੱਪੂ ਅੰਕਲ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀ ਆਈ ਕਿ ਹਾਥੀ ਨੂੰ ਕਾਬੂ ਕਰਨ ਲਈ ਤਾਂ ਸ਼ਿਕਾਰੀ ਹੋਰ ਹੀ ਤਰੀਕੇ ਵਰਤਦੇ ਹਨ।ਪਰ ਤੁਸੀ ਕਿਵੇ ਸ਼ਿਕਾਰੀ ਦੇ ਫੰਦੇ ਵਿੱਚ ਫਸ ਗਏ…?
‘ਚੂਹੇ ਵੀਰ ਮੈ ਜਦੋ ਸੈਰ ਲਈ ਜਲਦੀ-ਜਲਦੀ ਤੁਰਿਆ ਜਾ ਰਿਹਾ ਸਾਂ,ਤਾਂ ਮੈਨੂੰ ਰਸਤੇ ‘ਚ ਇੱਕ ਰੱਸਾ ਜਿਹਾ ਪਿਆ ਦਿਖਾਈ ਦਿੱਤਾ,ਜਿਸਨੂੰ ਮੈ ਰਸਤੇ ਚੋਂ ਪਾਸੇ ਹਟਾਉਣ ਲਈ ਜਿਊ ਆਪਣੀ ਸੁੰਡ ਨਾਲ ਚੁੱਕ ਕੇ ਲਾਂਭੇ ਕਰਨਾ ਚਾਹਿਆ,ਤਾਂ ਅਚਾਨਕ ਮੇਰੀ ਸੁੰਡ ਉਸ ਰੱਸੇ ਦੇ ਗੋਲ ਘਤੇਰੇ ਵਿੱਚ ਪੈ ਗਈੇ ਤੇ ਫਿਰ ਉਹੀ ਰੱਸਾ ਮੇਰੇ ਲਈ ਫਾਂਸੀ ਦਾ ਫੰਦਾ ਬਣ ਗਿਆ ਹੈ।’
‘ ਚਲੋ ਅੰਕਲ ਜੀ ਕੋਈ ਗੱਲ ਨਹੀਂ,ਮੈਨੂੰ ਲੱਗਦਾ ਏਹ ਸਭ ਕੁਝ ਭਲੇਖੇ ਨਾਲ ਹੀ ਹੋ ਗਿਆ ਹੈ।ਕਿਉਕਿ ਸ਼ਿਕਾਰੀ ਨੇ ਜਾਲ ਤਾਂ ਹੋਰ ਕਿਸੇ ਸ਼ਿਕਾਰ ਨੂੰ ਕਾਬੂ ਕਰਨ ਲਈ ਲਗਾਇਆ ਹੋਣਾ ਏ,ਹੁਣ                     ਮੈਂ ਤੁਹਾਨੂੰ ਇਸ ਜਾਲ ਚੋਂ ਤੁਹਾਨੂੰ ਜਲਦੀ ਹੀ ਮੁਕਤ ਕਰਵਾ ਦਿੰਦਾ ਹਾਂ’।
‘ਚੂਹੇ ਵੀਰ, ਚੂਹੇ ਵੀਰ, ਜੋ ਹੋ ਗਿਆ… ਸੋ ਹੋ ਗਿਆ… ਮੈਨੂੰ ਮਾਫ ਕਰਦੇ।
‘ਨਹੀਂ ਅੱਪੂ ਅੰਕਲ ਜੀ ਏਦਾਂ ਨਹੀਂ, ਮੇਰੇ ਨਾਲ ਇੱਕ ਵਾਅਦਾ ਕਰੋ’, ‘ਕਿ ਤੁਸੀਂ ਜਾਲ ਚੋਂ ਮੁਕਤ ਹੋਣ ਉਪਰੰਤ ਘਰ ਵੱਲ ਜਾਣ ਸਮੇਂ, ਕੀ ਮੈਨੂੰ ਆਪਣੀ ਢੂਈ ਤੇ ਬਿਠਾ ਕੇ ਲੈ ਜਾਵੋਗੇ, ਪਰ ਨਾਲੇ ਮੇਰੇ ਭਾਰ ਨਾਲ ਤੁਸੀਂ ਚੀਕ ਤਾਂ ਨਹੀਂ ਮਾਰੋਗੇ’।
‘ਉਏ ਚੂਹਿਆ, ਜੇ ਖਹਿੜਾ ਛੁਡਵਾ ਸਕਦਾ ਹੈਂ, ਤਾਂ ਛੁਡਵਾ ਦੇ, ਮੈਥੋਂ ਤੇਰੀਆਂ ਜ਼ਿਆਦਾ ਮਿੰਨਤਾਂ ਨਹੀਂ ਹੁੰਦੀਆਂ, ਨਾਲੇ ਤੇਰੇ ਪਾਅ ਪਾਸਕ ਭਾਰ ਨਾਲ ਤਾਂ ਕੀ, ਜੇਕਰ ਮੇਰੇ ਤੇ ਤੇਰੇ ਵਰਗਿਆਂ ਦਾ ਭਾਵੇਂ ਕੈਂਟਰ ਭਰ ਲੱਦ ਕੇ ਰੱਖ ਦਿਓ, ਮੈ ਫੇਰ ਵੀ ਇੱਕ ਵੀ ਚੀਕ ਨਹੀਂ ਮਾਰਾਂਗਾ’। ਹਾਥੀ ਪਸੀਨੋ-ਪਸੀਨੀ ਹੁੰਦਾ ਹੋਇਆ ਚੂਹੇ ਮੂਹਰੇ ਦੁਹਾਈ ਦੇ ਰਿਹਾ ਸੀ।
ਹੁਣ ਚੂਹੇ ਨੇ ਤਿੱਖੀਆਂ-ਤਿੱਖੀਆਂ ਦੰਦੀਆਂ ਨਾਲ ਫਟਾਫਟ ਸ਼ਿਕਾਰੀ ਦੇ ਜਾਲ ਨੂੰ ਕੱਟ ਕੇ ਜਿਉਂ ਹੀ ਹਾਥੀ ਨੂੰ ਜਾਲ ਚੋਂ ਮੁਕਤੀ ਦਿਵਾਈ, ਤਾਂ ਸਭ ਤੋੋਂ ਪਹਿਲਾਂ ਹਾਥੀ ਨੇ ਚੂਹੇ ਕੋਲੋਂ ਮੁਆਫੀ ਮੰਗੀ ਤੇ ਫੇਰ ਤਹਿ ਦਿਲੋਂ ਉਸਦਾ ਧੰਨਵਾਦ ਕੀਤਾ।
‘ਲੈ ਵਈ ਚੂਹਿਆ…, ਮਾਰ ਛਾਲ ਤੇ ਜ਼ਿੰਨਾਂ ਚਿਰ ਢੂਈ ਤੇ ਬੈਠਣਾ ਹੈ ਬੈਠਾ ਰਹੀਂ…’। ‘ਪਰ ਅੱਪੂ ਅੰਕਲ ਜੀ ਚੀਕ ਨਾ ਮਾਰਿਓ…’।
‘ਓਏ ਚੂਹਿਆ, ਐੈਵੇਂ ਮਸ਼ਕਰੀਆਂ ਨਾ ਕਰ, ਛੇਤੀ-ਛੇਤੀ ਬੈਠ ਤੇ ਘਰ ਚੱਲੀਏ, ਅੱਜ ਮਸਾਂ ਜਾਨ ਬਚੀ ਐ, ਘਰਦੇ ਉਡੀਕਦੇ ਹੋਣਗੇ’।
ਚੂਹੇ ਨੇ ਨੇੜੇ ਬੈਠੀ ਕੀੜ੍ਹੀ ਮਾਸੀ ਦੇ ਕੰਨ ‘ਚ ਕੁਝ ਕੁਰਰ-ਕੁਰਰ ਕੀਤੀ। ਜਿਉਂ ਹੀ ਚੂਹਾ ਦੜੰਗਾ ਮਾਰ ਕੇ ਅਜੇ ਹਾਥੀ ਦੀ ਪੂਛ ਤੇ ਹੀ ਚੜਿਆ ਸੀ। ਕਿ ਹਾਥੀ ਦੀ ਜ਼ੋਰ ਦੇਣੇ ਚੀਕ ਨਿਕਲ ਗਈ। ਤੇ ਨਾਲੋਂ ਨਾਲ ਹੀ ਉਸ ਦੀਆਂ ਮੂਹਰਲੀਆਂ ਲੱਤਾਂ ਇੰਝ ਚੁੱਕੀਆਂ ਗਈਆਂ, ਜਿਵੇਂ ਖੱਚਰ ਰੇਹੜਾ ਭਾਰ ਨਾਲ ਉਲਰ ਗਿਆ ਹੋਵੇ। ਕਿਉਂਕਿ ਅੱਗੋਂ ਚੂਹੇ ਦੀ ਕੀੜੀ ਮਾਸੀ ਨੇ ਚੂਹੇ ਨਾਲ ਮਿਲਾਈ ਸੀਟੀ ਮੁਤਾਬਕ ਘੁਮੰਡੀ                   ਹਾਥੀ ਦੀ ਸੁੰਡ ਤੇ ਜ਼ੋਰ ਨਾਲ ਦੰਦੀ ਵੱਢ ਦਿੱਤੀ ਸੀ।
‘ਕਿਉਂ ਅੱਪੂ ਅੰਕਲ ਜੀ, ਅਜੇ ਤਾਂ ਮੈਂ ਤੁਹਾਡੀ ਪੂਛ ਤੇ ਅੱਧਾ ਕੁ ਹੀ ਵਜ਼ਨ ਦਿੱਤਾ ਐ, ਤੇ ਤੁਹਾਡੀ ਚੀਕ ਪੈ ਗਈ ਐ, ਜੇਕਰ ਮੈਂ ਥੋਡੀ ਢੂਈ ‘ਤੇ ਅਗਾਂਹ ਹੋਰ ਚੜ ਜਾਂਦਾ ਤਾਂ ਤੁਸੀਂ ਧਰਤੀ ਵਿੱਚ ਹੀ ਧਸ ਜਾਣਾ ਸੀ’।

Check Also

ਉਮੀਦਵਾਰ

ਸੱਥ` ਚ ਬੈਠਿਆਂ ਚੋਣ ਮੈਦਾਨ `ਚ ਉਤਰੇ ਉਮੀਦਵਾਰਾਂ ਦੀ ਜਿੱਤ ਹਾਰ ਦੀਆਂ ਕਿਆਸ-ਅਰਾਈਆਂ ਤੇ ਭਰਵੀਂ …

Leave a Reply