ਅੰਮ੍ਰਿਤਸਰ, 11 ਅਪ੍ਰੈਲ (ਜਗਦੀਪ ਸਿੰਘ) – ਹਮੇਸ਼ਾਂ ਲੋੜਵੰਦਾਂ ਦੀ ਬਾਂਹ ਫੜਨ ਵਾਲੇ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਦੀ ਬਦੌਲਤ ਸ਼ਾਰਜਾਹ `ਚੋਂ ਫਾਂਸੀ ਦੀ ਸਜ਼ਾ ਤੋਂ ਬਚ ਕੇ ਵਾਪਸ ਘਰ ਪਰਤੇ ਪਾਕਿਸਤਾਨੀ ਨੌਜਵਾਨ ਰਾਓ ਆਦਿਲ ਨੇ ਜਿਥੇ ਡਾ. ਐਸ.ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ, ਉਥੇ ਹੀ ਕਤਲ ਹੋਏ ਭਾਰਤੀ ਨੌਜਵਾਨ ਦੇ ਮਾਪਿਆਂ ਕੋਲੋਂ ਖਿਮਾਯਾਚਨਾ ਕੀਤੀ ਹੈ।
ਪਾਕਿਸਤਾਨੀ ਪੰਜਾਬ ਦੇ ਸਰਗੋਧਾ ਜਿਲੇ ਦਾ ਰਹਿਣ ਵਾਲਾ ਰਾਓ ਆਦਿਲ ਉਨ੍ਹਾਂ ਚਾਰ ਨੌਜਵਾਨਾਂ ਵਿੱਚ ਸ਼ਾਮਲ ਸੀ, ਜਿਨ੍ਹਾਂ ਨੂੰ ਭਾਰਤੀ ਪੰਜਾਬ ਦੇ ਗੁਰਪ੍ਰੀਤ ਗੋਗਾ ਦੇ ਕਤਲ ਦੇ ਦੋਸ਼ੀ ਤਹਿਤ ਸ਼ਾਰਜਾਹ ਦੀ ਸ਼ਰੀਅਤ ਅਦਾਲਤ ਨੇ ਸਾਲ 2020 ਵਿੱਚ ਫਾਂਸੀ ਦੀ ਸਜ਼ਾ ਸੁਣਾਈ ਸੀ।ਕਤਲ ਹੋਣ ਵਾਲਾ ਗੁਰਪ੍ਰੀਤ ਗੋਗਾ ਪੰਜਾਬ ਦੇ ਨਵਾਂ ਸ਼ਹਿਰ ਦੀ ਬਲਾਚੌਰ ਤਹਿਸੀਲ ਦੇ ਕੌਲਗੜ੍ਹ ਪਿੰਡ ਦਾ ਵਸਨੀਕ ਸੀ।ਤਕਰੀਬਨ ਚਾਰ ਸਾਲ ਕੇਸ ਲੜਨ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ.ਪੀ ਸਿੰਘ ਓਬਰਾਏ ਨੇ ਕਰੀਬ 48 ਲੱਖ ਰੁਪਏ ਬਤੌਰ ਬਲੱਡ ਮਨੀ ਦੇ ਕੇ ਇਨ੍ਹਾਂ ਚਾਰੇ ਨੌਜਵਾਨਾਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਇਆ ਸੀ।ਇਸ ਰਕਮ ਵਿੱਚ ਦੋਸ਼ੀਆਂ ਦੇ ਪਰਿਵਾਰਾਂ ਨੇ ਵੀ ਯੋਗਦਾਨ ਪਾਇਆ ਸੀ।ਇਨ੍ਹਾਂ ਵਿੱਚੋਂ ਭਾਰਤੀ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਸ਼ੇਖੂਪੁਰਾ ਪਿੰਡ ਦਾ ਗੁਰਪ੍ਰੀਤ ਸਿੰਘ ਪਿਛਲੇ ਮਹੀਨੇ ਘਰ ਪਰਤ ਆਇਆ ਸੀ।
ਪਾਕਿਸਤਾਨ ਦਾ ਰਾਓ ਆਦਿਲ ਵੀ ਈਦ-ਉਲ-ਫਿਤਰ ਦੇ ਤਿਉਹਾਰ ਤੋਂ ਪਹਿਲਾਂ ਹੀ ਸਰਗੋਧਾ ਵਿਖੇ ਆਪਣੇ ਘਰ ਪੁੱਜ ਗਿਆ ਸੀ।ਰਾਓ ਨੇ ਕਿਹਾ ਕਿ ਡਾ. ਓਬਰਾਏ ਉਸ ਵਾਸਤੇ ਅੱਲ੍ਹਾ ਤੋਂ ਬਾਅਦ ਦੂਸਰੇ ਸਥਾਨ `ਤੇ ਹਨ, ਜਿਨ੍ਹਾਂ ਨੇ ਉਸ ਨੂੰ ਦੂਸਰਾ ਜੀਵਨ ਦਿੱਤਾ ਹੈ ਅਤੇ ਇਸ ਲਈ ਉਹ ਤੇ ਉਸਦਾ ਪਰਿਵਾਰ ਸਦਾ ਹੀ ਡਾ. ਓਬਰਾਏ ਦਾ ਅਹਿਸਾਨਮੰਦ ਰਹੇਗਾ।ਆਦਿਲ ਨੇ ਆਪਣੇ ਕੀਤੇ ਜ਼ੁਰਮ ਲਈ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੀ ਜ਼ਿੰਦਗੀ ਦੇ ਦੋ ਹੀ ਮਕਸਦ ਰਹਿ ਗਏ ਹਨ, ਇੱਕ ਤਾਂ ਆਪਣੇ ਪਿਤਾ ਤੇ ਪਰਿਵਾਰ ਦੀ ਸਾਂਭ ਸੰਭਾਲ ਕਰਨੀ ਤੇ ਦੂਸਰਾ ਮਾਰੇ ਗਏ ਗੁਰਪ੍ਰੀਤ ਗੋਗਾ ਦੇ ਪਰਿਵਾਰ ਕੋਲੋਂ ਮੁਆਫ਼ੀ ਮੰਗਣੀ।ਉਸਨੇ ਕਿਹਾ ਕਿ ਉਹ ਗੁਰਪ੍ਰੀਤ ਗੋਗਾ ਦੇ ਮਾਪਿਆਂ ਨੂੰ ਕਹਿਣਾ ਚਾਹੇਗਾ ਕਿ ਉਨ੍ਹਾਂ ਦਾ ਦੂਜਾ ਪੁੱਤਰ ਰਾਓ ਆਦਿਲ ਦੇ ਰੂਪ ਵਿੱਚ ਪਾਕਿਸਤਾਨ ਵੱਸਦਾ ਹੈ।
Check Also
ਕੋਈ ਵੀ ਨੰਬਰਦਾਰ ਆਪਣੇ ਪਿੰਡ/ਸ਼ਹਿਰ ਤੋਂ ਬਾਹਰ ਦੀ ਰਜਿਸਟਰੀ ਨਹੀਂ ਕਰਾਵੇਗਾ -ਹਰਬੰਸਪੁਰਾ/ ਢਿੱਲਵਾਂ
ਸਮਰਾਲਾ, 3 ਦਸੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਨੰਬਰਦਾਰ ਐਸੋਸੀਏਸ਼ਨ (ਗਾਲਿਬ) ਤਹਿਸੀਲ ਸਮਰਾਲਾ ਦੀ ਮਾਸਿਕ …