ਅੰਮ੍ਰਿਤਸਰ, 17 ਸਤੰਬਰ (ਦੀਪ ਦਵਿੰਦਰ ਸਿੰਘ) – ਭਾਅ ਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਅਤੇ ਮੰਚ-ਰੰਗਮੰਚ ਅੰਮ੍ਰਿਤਸਰ ਵਲੋਂ ਪ੍ਰਸਿੱਧ ਲੋਕ ਪੱਖੀ ਇਨਕਲਾਬੀ ਨਾਟਕਕਾਰ ਅਤੇ ਸਮਾਜਿਕ ਚਿੰਤਕ ਭਾਅ ਜੀ ਗੁਰਸ਼ਰਨ ਸਿੰਘ ਦੇ 95ਵੇਂ ਜਨਮ ਦਿਨ ‘ਤੇ ਸਥਾਨਕ ਵਿਰਸਾ ਵਿਹਾਰ ਵਿਖੇ ‘ਲੋਕ ਪੱਖੀ ਰੰਗਮੰਚ ਦੀ ਵਿਰਾਸਤ’ ਵਿਸ਼ੇ ’ਤੇ ਇੱਕ ਸੈਮੀਨਾਰ ਕਰਵਾਇਆ ਗਿਆ।ਇਸ ਵਿੱਚ ਲੋਕ ਪੱਖੀ ਨਾਟਕਕਾਰ ਅਤੇ ਬੁੱਧੀਜੀਵੀ ਡਾ. ਸਵਰਾਜਬੀਰ ਨੇ ਗੁਰਸ਼ਰਨ ਭਾਅ ਜੀ ਵਲੋਂ ਇਨਕਲਾਬੀ ਰੰਗਮੰਚ ਦੇ ਖੇਤਰ ਵਿੱਚ ਪਾਏ ਅਮੁੱਲੇ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਸਭ ਤੋਂ ਪਹਿਲਾ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਬੜੇ ਹੀ ਭਾਵੁਕ ਅੰਦਾਜ਼ ਵਿੱਚ ਭਾਅ ਜੀ ਗੁਰਸ਼ਰਨ ਸਿੰਘ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਕਿਹਾ ਕਿ ਕਿਵੇਂ ਉਹ ਭਾਅ ਜੀ ਦੇ ਕੰਮ ਕਰਨ ਦੇ ਤਰੀਕੇ ਨਾਲ ਪ੍ਰਭਾਵਿਤ ਹੋਏ ਅਤੇ ਰੰਗਮੰਚ ਦੇ ਖੇਤਰ ਨਾਲ ਜੁੜ ਗਏ।ਉਨ੍ਹਾਂ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਇਨਕਲਾਬੀ ਲਹਿਰ ਦਾ ਪਰਚਮ ਲਹਿਰਾਇਆ ਅਤੇ ਲੋਕਾਂ ਤੱਕ ਆਪਣੀ ਆਵਾਜ਼ ਪੰਹੁਚਾਈ। ਸਭ ਨੂੰ ‘ਜੀ ਆਇਆਂ’ ਆਖਦਿਆਂ ਡਾ. ਪਰਮਿੰਦਰ ਸਿੰਘ ਤੇ ਅਮੋਲਕ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਦੀ ਲੋਅ ਨਵੀਂ ਪਨੀਰੀ ਲਈ ਇਨਕਲਾਬੀ ਲੋਰੀ ਵਾਂਗ ਹੈ।
ਸੈਮੀਨਾਰ ਦੇੇ ਮੁੱਖ ਵਕਤਾ ਡਾ. ਸਵਰਾਜਬੀਰ ਨੇ ਕਿਹਾ ਕਿ ਸਾਡੇ ਕੋਲ ਭਾਅ ਜੀ ਗੁਰਸ਼ਰਨ ਸਿੰਘ ਦੇ ਰੂਪ ਵਿੱਚ ਸਾਹਿਤ ਤੇ ਲੋਕ ਪੱਖੀ ਰੰਗਮੰਚ ਦੀ ਬਹੁਤ ਵੱਡੀ ਵਿਰਾਸਤ ਹੈ।ਉਨ੍ਹਾਂ ਨੇ ਪੰਜਾਬੀ ਰੰਗਮੰਚ ਨੂੰ ਇਪਟਾ ਦੀ ਵਿਰਾਸਤ ਨੂੰ ਹੋਰ ਅੱਗੇ ਲਿਜਾਂਦੇ ਹੋਏ ਸ਼ਹਿਰਾਂ ਦੀਆਂ ਤੰਗ ਵਲਗਣਾ ਵਿੱਚੋਂ ਕੱਢ ਕੇ ਪਿੰਡਾਂ ਕਸਬਿਆਂ ਦੀਆਂ ਸੱਥਾ ਤੱਕ ਪੰਹੁਚਾਇਆ। ਭਾਅ ਜੀ ਨੇ ਆਪਣੇ ਰੰਗਮੰਚ ਨੂੰ ਆਮ ਲੋਕਾਂ ਵਿੱਚ ਸਮਾਜਿਕ ਤੇ ਰਾਜਸੀ ਚੇਤਨਾ ਵਿਕਸਿਤ ਕਰਨ ਲਈ ਇੱਕ ਸਮਾਜਿਕ ਜ਼ਿੰਮੇਵਾਰੀ ਦੇ ਤੌਰ ‘ਤੇ ਵਰਤਣ ਦੀ ਸਫ਼ਲ ਪਹਿਲ ਕਦਮੀ ਕੀਤੀ।ਉਨ੍ਹਾਂ ਇਹ ਵੀ ਕਿਹਾ ਕਿ ਸਾਨੂੰ ਸਿਰਫ਼ ਰੰਗਮੰਚ ਦੇ ਪੱਧਰ ‘ਤੇ ਹੀ ਨਹੀਂ ਬਲਕਿ ਸਮੂਹ ਲੋਕ ਪੱਖੀ ਜਨਤਕ ਤੇ ਜਮਹੂਰੀ ਸੰਘਰਸ਼ਾਂ ਦਾ ਹਿੱਸਾ ਬਣ ਕੇ ਲੋਕ ਵਿਰੋਧੀ ਪ੍ਰਬੰਧ ਨੂੰ ਬਦਲਣਾ ਚਾਹੀਦਾ ਹੈ।
ਇਸ ਮੌਕੇ ਡਾ: ਨਵਸ਼ਰਨ, ਡਾ. ਅਰੀਤ, ਡਾ: ਹਿਰਦੇਪਾਲ ਸਿੰਘ, ਸ਼ਬਦੀਸ਼, ਅਨੀਤਾ ਸ਼ਬਦੀਸ਼, ਇਕੱਤਰ, ਸੁਮੀਤ ਸਿੰਘ, ਰਮੇਸ਼ ਯਾਦਵ, ਮਾਸਟਰ ਕੁਲਜੀਤ ਸਿੰਘ ਵੇਰਕਾ, ਮਾਸਟਰ ਅਮਰਜੀਤ, ਹਰਿੰਦਰ ਸੋਹਲ, ਗੁਰਤੇਜ ਮਾਨ, ਗੁਰਬਚਨ ਸਿੰਘ, ਪਰਮਿੰਦਰ ਪੰਡੋਰੀ, ਲਖਵਿੰਦਰ ਮੰਜ਼ੇਆਂਵਾਲੀ, ਹਰਮੇਸ਼ ਮਾਲੜੀ, ਡਾ. ਤੇਜਬੀਰ ਸਿੰਘ, ਧੰਨਵਤ ਸਿੰਘ ਖ਼ਤਰਾਏ ਕਲਾ, ਡਾ. ਸਤਿੰਦਰ ਢਿੱਲੋਂ, ਪ੍ਰੋ. ਅਮਰਜੀਤ ਸਿੱਧੂ, ਸਰਦਾਰਾ ਸਿੰਘ ਚੀਮਾ, ਮੋਹਨ ਸਿੰਘ ਬੱਲ, ਬਲਦੇਵ ਰਾਜ ਵੇਰਕਾ, ਜਸਪਾਲ ਬਾਸਰਕੇ, ਡਾ. ਕਸ਼ਮੀਰ ਸਿੰਘ ਸਮੇਤ ਹੋਰ ਕਲਾਕਾਰ, ਸਾਹਿਤਕਾਰ, ਸਾਹਿਤ, ਨਾਟ ਪ੍ਰੇਮੀ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਇਸ ਉਪਰੰਤ ਗੁਰਸ਼ਰਨ ਭਾਅ ਜੀ ਦੇ ਰਣਜੀਤਪੁਰਾ ਵਿਖੇ ਸਥਿਤ ਜੱਦੀ ਘਰ ਗੁਰੂ ਖਾਲਸਾ ਨਿਵਾਸ ਵਿਖੇ ਮੋਮਬੱਤੀਆਂ ਜਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …