19 ਨਵੰਬਰ ਨੂੰ ਡੀ.ਪੀ.ਆਈ ਦਫ਼ਤਰ ਅੱਗੇ ਦਿੱਤਾ ਜਾਵੇਗਾ ਵਿਸ਼ਾਲ ਧਰਨਾ – ਸਕੱਤਰ
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਏਡਿਡ ਸਕੂਲ ਯੂਨੀਅਨ ਅੰਮ੍ਰਿਤਸਰ ਦੀ ਚੋਣ ਅੱਜ ਜਿਲ੍ਹਾ ਪ੍ਰਧਾਨ ਰਾਜ ਕੁਮਾਰ ਮਿਸ਼ਰਾ ਅਤੇ ਸਕੱਤਰ ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਡੀ.ਏ.ਵੀ ਸੀਨੀ: ਸੈਕੰ: ਸਕੂਲ ਅੰਮ੍ਰਿਤਸਰ ਵਿਖੇ ਹੋਈ।ਇਸ ਦੌਰਾਨ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਨੂੰ ਨਵਾਂ ਜਿਲ੍ਹਾ ਪ੍ਰਧਾਨ ਅਤੇ ਅਜੈ ਚੌਹਾਨ ਨੂੰ ਸਕੱਤਰ ਚੁਣਿਆ ਗਿਆ।ਮੀਡੀਆ ਨੂੰ ਜਾਰੀ ਬਿਆਨ ‘ਚ ਸਕੱਤਰ ਅਜੈ ਚੌਹਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਦੀਆਂ ਗਲਤ ਨੀਤੀਆਂ ਖਿਲਾਫ 19 ਨਵੰਬਰ ਨੂੰ ਡੀ.ਪੀ.ਆਈ ਦਫਤਰ ਮੋਹਾਲੀ ਅੱਗੇ ਧਰਨਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਏਡਿਡ ਸਕੂਲਾਂ ਦੀਆਂ ਮੰਗਾਂ ਪ੍ਰਤੀ ਸਿੱਖਿਆ ਵਿਭਾਗ ਦੀ ਅਣਗਹਿਲੀ ਅਤੇ ਨਾਂਹ-ਪੱਖੀ ਰਵੱਈਏ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹਨ, ਕਿਉਂਕਿ ਏਡਿਡ ਸਕੂਲਾਂ ਦੇ ਸਟਾਫ਼ ਵਿੱਚ ਸਿੱਖਿਆ ਵਿਭਾਗ ਪ੍ਰਤੀ ਭਾਰੀ ਰੋਸ ਹੈ।ਛੇਵੇਂ ਤਨਖ਼ਾਹ ਕਮਿਸ਼ਨ ਦੇ ਲਾਭਾਂ ਨੂੰ ਸਕੂਲ ਪ੍ਰਬੰਧਕ ਕਮੇਟੀਆਂ ਦੇ ਮੁੱਦਿਆਂ ਨਾਲ ਜੋੜਦਿਆਂ, ਕੁੱਝ ਜਿਲ੍ਹਿਆਂ ਦੀਆਂ ਗ੍ਰਾਂਟਾਂ ਅਜੇ ਜਾਰੀ ਨਹੀਂ ਕੀਤੀਆਂ ਗਈਆਂ ਹਨ, ਸੀ.ਐਂਡ.ਵੀ ਕੇਡਰ ਦੀਆਂ ਪੀ.ਟੀ.ਆਈ ਅਤੇ ਡਰਾਇੰਗ ਟੀਚਰ ਫੈਲੋਜ਼ ਦੀਆਂ ਗ੍ਰਾਂਟਾਂ ਮਾਰਚ 2024 ਤੋਂ ਜਾਰੀ ਨਹੀਂ ਕੀਤੀਆਂ ਗਈਆਂ।ਸਿੱਖਿਆ ਵਿਭਾਗ ਵਲੋਂ ਵਾਰ-ਵਾਰ ਉਹੀ ਅਤੇ ਬੇਲੋੜੀ ਜਾਣਕਾਰੀ ਮੰਗਣਾ ਸਰਾਸਰ ਗਲਤ ਅਤੇ ਬੇਇਨਸਾਫੀ ਹੈ।ਇਸ ਦੇ ਨਾਲ ਹੀ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੀ ਬਜ਼ਾਏ ਟਾਲਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ ।
ਸਕੱਤਰ ਚੌਹਾਨ ਨੇ ਕਿਹਾ ਕਿ ਜੂਨ 2024 ਤੋਂ ਬਾਅਦ ਸੇਵਾਮੁਕਤ ਹੋਏ ਸਾਥੀਆਂ ਦੇ ਪੈਨਸ਼ਨ ਕੇਸ ਤਿਆਰ ਕਰਨ ਸਬੰਧੀ ਕੋਈ ਸਪੱਸ਼ਟ ਦਿਸ਼ਾ-ਨਿਰਦੇਸ਼ ਨਾ ਦੇਣ ਕਾਰਨ ਇਨ੍ਹਾਂ ਸਾਥੀਆਂ ਦੇ ਪੈਨਸ਼ਨ ਕੇਸ ਪੈਂਡਿੰਗ ਪਏ ਹਨ ਅਤੇ ਕਈਆਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ।ਏਡਿਡ ਸਕੂਲਾਂ ਵਿੱਚ ਮਨਜ਼ੂਰ 9468 ਅਸਾਮੀਆਂ ਵਿੱਚੋਂ ਸਿਰਫ਼ 1500 ਦੇ ਕਰੀਬ ਮੁਲਾਜ਼ਮ ਹੀ ਕੰਮ ਕਰ ਰਹੇ ਹਨ।ਕਮੇਟੀਆਂ ਨੇ ਆਪਣੇ ਖਰਚੇ `ਤੇ ਅਣ-ਏਡਿਡ ਸਟਾਫ਼ ਰੱਖਿਆ ਹੋਇਆ ਹੈ।ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਦਿੱਲੀ ਸਿਸਟਮ ਪੂਰੀ ਤਰ੍ਹਾਂ ਲਾਗੂ ਕਰਨਾ ਚਾਹੀਦਾ ਹੈ।
ਇਸ ਮੌਕੇ ਰਿਟਾਇਰਡ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਪ੍ਰਦੀਪ ਸਰੀਨ, ਪ੍ਰੋ. ਅਜੇ ਬੇਰੀ, ਪ੍ਰੋ. ਸੰਦੀਪ ਟੰਡਨ, ਪ੍ਰੋ. ਗੁਰਪ੍ਰੀਤ ਸਿੰਘ, ਪ੍ਰੋ. ਸਤਿੰਦਰ ਬੀਰ ਕੌਰ, ਪ੍ਰਿੰ. ਕੁਲਵੰਤ ਕੌਰ, ਰਾਜਬਿੰਦਰ ਸਿੰਘ, ਦੀਪਕ ਸ਼ੂਰ, ਰਾਜਵਿੰਦਰ ਸਿੰਘ, ਰੰਕੀਰਤ ਸਿੰਘ, ਮੁਹੱਬਤ ਪਾਲ ਸਿੰਘ, ਰਾਕੇਸ਼ ਸ਼ਰਮਾ, ਰਾਜੇਸ਼ ਸ਼ਰਮਾ, ਵਿਕਾਸ ਪਰਾਸ਼ਰ, ਰਿਸ਼ੀ ਨਈਅਰ, ਗੁਰਪ੍ਰੀਤ ਬੇਦੀ, ਮੁਨੀਸ਼ ਗੁਪਤਾ, ਸੰਜੀਵ ਕੁਮਾਰ, ਸਰਬਜੀਤ ਕੌਰ, ਮੰਜ਼ੂ ਜੋਸ਼ੀ, ਆਦਿ ਹਾਜ਼ਰ ਸਨ।