Sunday, December 22, 2024

ਖ਼ਾਲਸਾ ਕਾਲਜ ਵਿਖੇ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦਾ 19 ਨੂੰ ਹੋਵੇਗਾ ਆਗਾਜ਼

5 ਰੋਜ਼ਾ ਮੇਲੇ ਦੀ ਛੀਨਾ ਕਰਨਗੇ ਪ੍ਰਧਾਨਗੀ
ਅੰਮ੍ਰਿਤਸਰ, 13 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਅਤੇ ਖੁਦਮੁਖਤਿਆਰ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਵਿਖੇ ‘9ਵਾਂ ਸਾਹਿਤ ਉਤਸਵ ਅਤੇ ਪੁਸਤਕ ਮੇਲਾ’ ਇਸ ਵਾਰ 19 ਤੋਂ 23 ਨਵੰਬਰ ਤੱਕ ਲਗਾਇਆ ਜਾ ਰਿਹਾ ਹੈ।5 ਰੋਜ਼ਾ ਮੇਲੇ ਦੀ ਪ੍ਰਧਾਨਗੀ ਖ਼ਾਲਸਾ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਕਰਨਗੇ, ਜਦੋਂਕਿ ’ਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਮੁੱਖ ਮਹਿਮਾਨ, ਜਦਕਿ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਅਸ਼ਵਨੀ ਚੈਟਲੇ ਵਿਸ਼ੇਸ਼ ਮਹਿਮਾਨ ਹੋਣਗੇ।ਵਿਸ਼ਵ ਪ੍ਰਸਿੱਧ ਕਾਮੇਡੀਅਨ ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ ਦਰਸ਼ਕਾਂ ਨਾਲ ਰੂਬਰੂ ਹੋਣਗੇ।
ਕਾਲਜ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਸਮਾਗਮ ਮੌਕੇ ਸੁਖਨ ਦੇ ਸੂਰਜ : ਸੁਰਜੀਤ ਪਾਤਰ ਨੂੰ ਸਮਰਪਿਤ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ, ਜਿਸ ਦੀ ਪ੍ਰਧਾਨਗੀ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਡਾਇਰੈਕਟਰ ਸਵਰਨਜੀਤ ਸਿੰਘ ਸਵੀ ਕਰਨਗੇ।ਮੁੱਖ ਮਹਿਮਾਨ ਜਸਵੰਤ ਸਿਘ ਜ਼ਫ਼ਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਅਤੇ ਵਿਸ਼ੇਸ਼ ਮਹਿਮਾਨ ਡਾ. ਕੁਲਜੀਤ ਸਿੰਘ ਜੰਜੂਆ (ਕੈਨੇਡਾ) ਤੇ ਪਰਮਿੰਦਰ ਸੋਢੀ (ਜਪਾਨ) ਹੋਣਗੇ।ਕਵੀ ਦਰਬਾਰ ’ਚ ਪੰਜਾਬ ਦੇ ਪ੍ਰਸਿੱਧ ਕਵੀ ਆਪਣਾ ਕਲਾਮ ਪੇਸ਼ ਕਰਨਗੇ।ਸ਼ਾਮ ਦੇ ਸੱਭਿਆਚਾਰਕ ਪ੍ਰੋਗਰਾਮ ’ਚ ਪੰਜਾਬੀ ਗਾਇਕਾ ਗਲੋਰੀ ਬਾਵਾ ਆਪਣੇ ਫਨ ਦਾ ਮੁਜ਼ਾਹਰਾ ਕਰੇਗੀ।
ਡਾ. ਕਾਹਲੋਂ ਨੇ ਕਿਹਾ ਕਿ ਮੇਲਾ ਕਾਲਜ ਦੀਆਂ ਜ਼ਰੂਰੀ ਗਤੀਵਿਧੀਆਂ ਦਾ ਹਿੱਸਾ ਬਣ ਚੁੱਕਾ ਹੈ ਅਤੇ ਪੂਰੇ ਵਿਸ਼ਵ ’ਚ ਵੱਸਦੇ ਪੰਜਾਬੀ ਸਾਹਿਤਕਾਰ, ਚਿੰਤਕ ਅਤੇ ਕਲਾਕਾਰ ਇਸ ਮੇਲੇ ਨੂੰ ਬੇਸਬਰੀ ਨਾਲ ਉਡੀਕਦੇ ਹਨ।ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਨਾਮਵਰ ਪੰਜਾਬੀ ਅਦਾਕਾਰ ਰਾਣਾ ਰਣਬੀਰ, ਅਦਾਕਾਰ ਅਨੀਤਾ ਦੇਵਗਨ ਅਤੇ ਹਰਦੀਪ ਗਿੱਲ ਦਰਸ਼ਕਾਂ ਦੇ ਰੂਬਰੂ ਹੋਣਗੇ।ਪੰਜਾਬੀ ਲੋਕ ਗਾਇਕ ਪਰਮ ਨਿਮਾਣਾ ਜਿੱਥੇ ਆਪਣੀ ਗਾਇਕੀ ਦੇ ਫਨ ਦਾ ਮੁਜ਼ਾਹਰਾ ਕਰਨਗੇ, ਉਥੇ ਪੰਜਾਬੀ ਲੋਕ-ਨਾਚ ਗਿੱਧਾ ਮੇਲੇ ਦੀਆਂ ਰੌਣਕਾਂ ਨੂੰ ਵਧਾਏਗਾ।
ਇਸ 9ਵੇਂ ਮੇਲੇ ਦੇ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਮੇਲੇ ’ਚ ਆਉਣ ਵਾਲੇ ਪ੍ਰਕਾਸ਼ਕਾਂ ਨੇ 150 ਦੇ ਕਰੀਬ ਸਟਾਲ ਬੁੱਕ ਕਰਵਾ ਲਏ ਹਨ।ਸੱਭਿਆਚਾਰਕ ਅਤੇ ਵਿਰਾਸਤੀ ਸਮੱਗਰੀ ਨਾਲ ਸਬੰਧਿਤ ਪ੍ਰਬੰਧਕਾਂ ਨੇ ਵੀ 50 ਦੇ ਕਰੀਬ ਸਟਾਲ ਬੁੱਕ ਕਰਵਾਏ ਹਨ।ਉਨ੍ਹਾਂ ਕਿਹਾ ਕਿ 5 ਦਿਨਾਂ ਮੇਲੇ ’ਚ 150 ਦੇ ਕਰੀਬ ਸਾਹਿਤਕਾਰ, ਕਵੀ, ਚਿੰਤਕ ਅਤੇ ਕਲਾਕਾਰ ਭਾਗ ਲੈ ਰਹੇ ਹਨ।ਮੇਲੇ ਦੇ ਹਰ ਦਿਨ ਸ਼ਾਮ ਨੂੰ ਸੱਭਿਆਚਾਰਕ ਪ੍ਰੋਗਰਾਮ ਵਿੱਚ ਗਿੱਧਾ, ਭੰਗੜਾ, ਲੋਕ-ਗੀਤ ਆਦਿ ਦੀਆਂ ਪੇਸ਼ਕਾਰੀਆਂ ਹੋਣਗੀਆਂ।ਖਾਣ-ਪੀਣ ਦੇ ਸਟਾਲ ਵੱਖਰੇ ਤੌਰ ’ਤੇ ਵੱਡੇ ਪੱਧਰ ’ਤੇ ਲੱਗਣਗੇ।ਮੇਲੇ ਦੀ ਵਿਦਾਇਗੀ ਲੋਕ-ਨਾਚ ਝੂਮਰ ਨਾਲ ਹੋਵੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …