ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਜੋ ਕਿ ਦੇਸ਼ ਦੀਆਂ ਨਾਮਵਰ ਯੂਨੀਵਰਸਿਟੀਆਂ ਦੇ ਵਿੱਚ ਆਪਣਾ ਮੁਕਾਮ ਰੱਖਦੀ ਹੈ, ਉਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤੋਂ ਬਗੈਰ ਰਹਿਣਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਅਤੇ ਭਵਿੱਖ ‘ਚ ਸਰਕਾਰ ਦੀ ਸਿੱਖਿਆ ਨੀਤੀ ਵੀ ਸਵਾਲਾਂ ਦੇ ਘੇਰੇ ‘ਚ ਆਉਂਦੀ ਹੈ।ਯੂਨੀਵਰਸਿਟੀ ਨਾਨ ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਰਜਨੀਸ਼ ਭਾਰਦਵਾਜ ਨੇ ਅੱਜ ਜਾਰੀ ਪ੍ਰੈਸ ਨੋਟ ਵਿੱਚ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਵਾਇਸ ਚਾਂਸਲਰ ਦੀ ਨਿਯੁੱਕਤੀ ਜਲਦ ਤੋਂ ਜਲਦ ਕੀਤੀ ਜਾਵੇ।
ਇਥੇ ਇਹ ਵੀ ਵਰਨਣਯੋਗ ਹੈ ਕਿ ਵਾਇੀਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦਾ ਬਤੌਰ ਵਾਈਸ ਚਾਂਸਲਰ ਕਾਰਜ਼ਕਾਲ 16 ਨਵੰਬਰ 2024 ਨੂੰ ਖਤਮ ਹੋ ਚੁੱਕਾ ਹੈ।ਡਾ. ਸੰਧੂ ਨੇ 2017 ਵਿੱਚ ਬਤੌਰ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਆਪਣਾ ਅਹੁੱਦਾ ਸੰਭਾਲਿਆ ਸੀ ਅਤੇ ਉਨਾਂ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਯੂਨੀਵਰਸਿਟੀ ਨੇ ਸਿੱਖਿਆ ਦੇ ਮਿਆਰ ‘ਚ ਬੁਲੰਦੀਆਂ ਨੂੰ ਛੂਹਿਆ ਹੈ।ਸੂਬੇ ਦੀਆਂ ਹੋਰਨਾਂ ਯੂਨੀਵਰਸਿਟੀਆਂ ਦੇ ਮੁਕਾਬਲੇ ਇਸ ਯੂਨੀਵਰਸਿਟੀ ਨੇ ਜਸਪਾਲ ਸਿੰਘ ਸੰਧੂ ਦੇ ਕਾਰਜ਼ਕਾਲ ਵਿੱਚ ਜਿਥੇ ਨੈਕ ਆਦਿ ਦੀ ਰੈਂਕਿੰਗ ਵਿੱਚ ਅੱਵਲ ਦਰਜੇ ਦਾ ਪ੍ਰਦਰਸ਼ਨ ਕੀਤਾ, ਉਥੇ ਨਾਲ ਹੀ ਨਾਲ ਖੇਡਾਂ ਅਤੇ ਖੋਜ ਖੇਤਰ ਵਿੱਚ ਵੀ ਬਿਹਤਰੀਨ ਕੰਮ ਕੀਤਾ। ਡਾਕਟਰ ਸੰਧੂ, ਜੋ ਕਿ ਯੂ.ਜੀ.ਸੀ ਦੇ ਸਾਬਕਾ ਸਕੱਤਰ ਵੀ ਰਹਿ ਚੁੱਕੇ ਸਨ, ਉਹਨਾਂ ਦੇ ਆਪਣੇ ਅਸਰ ਰਸੂਖ ਦੇ ਚੱਲਦਿਆਂ ਇਸ ਯੂਨੀਵਰਸਿਟੀ ਨੂੰ ਕਦੀ ਵੀ ਫੰਡਾਂ ਦੀ ਕਮੀ ਨਹੀਂ ਆਈ।ਕਰਮਚਾਰੀਆਂ, ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਮੇਂ-ਸਿਰ ਤਨਖਾਹ, ਪੈਨਸ਼ਨਾਂ ਆਦਿ ਮਿਲਦੀਆਂ ਰਹੀਆਂ ਅਤੇ ਵਿਦਿਆਰਥੀਆਂ ਦੀ ਗਿਣਤੀ ਨੂੰ ਵੀ ਬਰਕਰਾਰ ਰੱਖਣ ‘ਚ ਇਹ ਯੂਨੀਵਰਸਿਟੀ ਸੂਬੇ ਦੀਆਂ ਬਾਕੀ ਯੂਨੀਵਰਸਿਟੀਆਂ ਦੇ ਮੁਕਾਬਲੇ ਅਵਲ ਰਹੀ। ਨਾਨ-ਟੀਚਿੰਗ ਦੇ ਪ੍ਰਧਾਨ ਰਜਨੀਸ਼ ਭਾਰਦਵਾਜ ਨੇ ਚਿੰਤਾ ਜਤਾਈ ਕਿ ਜਿਥੇ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਵਿੱਚ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਹਨ, ਉਥੇ ਹੀ ਪਹਿਲੀ ਵਾਰ ਯੂਨੀਵਰਸਿਟੀ ਦਾ ਸਥਾਪਨਾ ਦਿਵਸ ਵੀ 24 ਨਵੰਬਰ ਨੂੰ ਬਿਨਾਂ ਕਿਸੇ ਵਾਈਸ ਚਾਂਸਲਰ ਦੀ ਨਿਯੁੱਕਤੀ ਤੋਂ ਮਨਾਇਆ ਜਾਵੇਗਾ।ਉਹਨਾਂ ਨੇ ਪੰਜਾਬ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੇ ਕਾਰਜ਼ਕਾਲ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਇਹ ਸੁਰੱਖਿਤ ਹੱਥਾਂ ਵਿੱਚ ਵਧ ਫੁੱਲ ਸਕੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …