ਆਈ.ਐਸ.ਓ ਦੇ ਕੰਵਰਬੀਰ ਸਿੰਘ ਨੇ ਜਿਲ੍ਹਾ ਸਿਹਤ ਅਫਸਰ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ, 26 ਮਾਰਚ (ਜਸਬੀਰ ਸਿੰਘ ਸੱਗੂ)- ਗੁਰੂ ਨਗਰੀ ਸ੍ਰੀ ਦੀ ਪਵਿੱਤਰਤਾ ਅਤੇ ਮਹਾਨਤਾ ਨੂੰ ਮੁੱਖ ਰੱਖਦਿਆਂ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (ਆਈ.ਐਸ.ਓ) ਦਾ 10 ਮੈਂਬਰੀ ਵਫਦ ਅੱਜ ਜਿਲ੍ਹਾ ਪ੍ਰਧਾਨ ਤੇ ਮੈਂਬਰ ਜੇਲ੍ਹ ਬੋਰਡ ਪੰਜਾਬ ਕੰਵਰਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਜਿਲ੍ਹਾ ਸਿਹਤ ਅਫਸਰ ਸ਼ਿਵਕਰਨ ਸਿੰਘ ਕਾਹਲੋਂ ਨੂੰ ਮਿਲਿਆ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਬੀੜੀ, ਸਿਗਰਟ, ਤੰਬਾਕੂ ਵੇਚ ਰਹੇ ਖੋਖਿਆਂ ‘ਤੇ ਸਖਤੀ ਨਾਲ ਸ਼ਿਕੰਜਾ ਕੱਸਣ ਦੀ ਅਪੀਲ ਕੀਤੀ। ਕੰਵਰਬੀਰ ਸਿੰਘ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਇਹ ਖੋਖਿਆਂ ਵਾਲੇ ਇਸ ਸਮੱਗਰੀ ਨੂੰ ਵੇਚਣ ਸਮੇਂ ਗ੍ਰਾਹਕਾਂ ਨੂੰ ਉਤਸ਼ਾਹਿਤ ਕਰਦੇ ਹਨ ਤੇ ਲੋਕ ਸ਼ਰੇਆਮ ਖੋਖਿਆਂ ਤੇ ਖੜ੍ਹ ਕੇ ਬੀੜੀ, ਸਿਗਰਟ, ਤੰਬਾਕੂ ਦਾ ਸੇਵਨ ਕਰਦੇ ਹਨ ਤੇ ਖੋਖਿਆਂ ਤੇ ਲਟਕਾਏ ਗਏ ਛੋਟੇ ਬੋਰਡ ਸਿਰਫ ਵਿਖਾਵੇ ਲਈ ਹੀ ਹਨ। ਇਸ ਨਾਲ ਜਿਥੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰਤਾ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਆਉਣ ਵਾਲੀਆਂ ਸੰਗਤਾਂ ਤੇ ਮਾੜ੍ਹਾ ਪ੍ਰਭਾਵ ਪੈਂਦਾ ਹੈ, ਉਥੇ ਇਹ ਖੋਖਿਆਂ ਵਾਲੇ ਕਾਨੂੰਨ ਦੀ ਵੀ ਸ਼ਰੇਆਮ ਧੱਜੀਆਂ ਉਡਾ ਰਹੇ ਹਨ। ਕੰਵਰਬੀਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਇਸ ਸਬੰਧੀ ਚੌਕਸੀ ਵਰਤਦੇ ਹੋਏ ਵਿਭਾਗ ਦੇ ਕਰਮਚਾਰੀਆਂ ਵੱਲੋਂ ਕੀਤੀ ਜਾਂਦੀ ਚੈਕਿੰਗ ਨੂੰ ਹੋਰ ਸਖਤ ਕਰੇ। ਤਾਂ ਹੀ ਸਿਹਤ ਵਿਭਾਗ ਵੱਲੋਂ ਇਨ੍ਹਾਂ ਤੇ ਠੱਲ ਤਾਂ ਪਾਈ ਜਾ ਸਕਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਇਸ ਦੇ ਪੱਕੇ ਹੱਲ ਲਈ ਸਾਰੇ ਹੀ ਖੋਖਿਆਂ ਨੂੰ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ‘ਚੌਗਿਰਦੇ’ ਅੰਦਰ ਆਉਂਦੇ ਹਨ, ਉਹਨਾਂ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਇਹ ਤਾਂ ਸਰਕਾਰ ਦੇ ਅਧਿਕਾਰਾਂ ਹੇਠ ਦਾ ਕੰਮ ਹੈ। ਇਸ ਲਈ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਨੂੰ ਕਾਰਜਕਾਰਣੀ ਕਮੇਟੀ ਵਿੱਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਕਾਰਵਾਈ ਹਿੱਤ ਭੇਜੇ। ਗਿੱਲ ਨੇ ਕਿਹਾ ਕਿ ਸਿਹਤ ਵਿਭਾਗ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਸਾਰੇ ਹੀ ਰਸਤਿਆਂ, ਚੌਕਾਂ ਉਤੇ ਬੀੜੀ, ਸਿਗਰਟ, ਤੰਬਾਕੂ ਦੇ ਸੇਵਨ ਤੇ ਵਿੱਕਰੀ ਦੀ ਪਾਬੰਧੀ ਦੇ ‘ਸਾਈਨ ਬੋਰਡ’ ਵੱਧ ਤੋਂ ਵੱਧ ਲਗਾਵੇ ਉਸ ਦੇ ਨਾਲ ਹੀ ਦੂਰੋ-ਨੇੜਿਓ ਤੇ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਥ੍ਰੀ ਵੀਲ੍ਹਰਾਂ ਰਾਹੀ ਪਾਬੰਧੀ ਸਬੰਧੀ ਪ੍ਰਚਾਰ ਵੀ ਕੀਤਾ ਜਾਵੇ, ਉਹਨਾਂ ਕਿਹਾ ਕਿ ਆਈ.ਐਸ.ਓ ਵੱਲੋਂ ਅੱਜ ਤੋਂ ਕੁੱਝ ਸਮੇਂ ਪਹਿਲਾਂ ਵੀ ਇਸ ਮਸਲੇ ਸਬੰਧੀ ਅਵਾਜ਼ ਬੁਲੰਦ ਕੀਤੀ ਸੀ, ਜਿਸ ਤੇ ਸਿਹਤ ਵਿਭਾਗ ਦੀ ਕਾਰਵਾਈ ਦੇ ਬਹੁਤ ਚੰਗੇ ਨਤੀਜੇ ਸਾਹਮਣੇ ਆਏ ਸਨ। ਵਫਦ ਦੀ ਪੂਰੀ ਗੱਲਬਾਤ ਤੋਂ ਬਾਅਦ ਸਿਹਤ ਅਫਸਰ ਸ਼ਿਵਕਰਨ ਸਿੰਘ ਕਾਹਲੋਂ ਵੱਲੋਂ ਜਲਦ ਪੂਰਨ ਕਾਰਵਾਈ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਇਹਨਾਂ ਖੋਖਿਆਂ ਵੱਲੋਂ ਕੀਤੀ ਜਾ ਰਹੀ ਉਲੰਘਣਾ ਰੋਕਣ ਲਈ ਸਖਤੀ ਨਾਲ ਨਿਜੱਠਣ ਦੀ ਹਦਾਇਤ ਕਰਨਗੇ ਅਤੇ 2-4 ਦਿਨਾਂ ਦੇ ਅੰਦਰ-ਅੰਦਰ ਹੀ ਫਲੈਕਸ ਬੋਰਡਾਂ, ਸਟੀਕਰਾਂ ਅਤੇ ਹੋਰ ਸਾਧਨਾਂ ਦੀ ਵਰਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਬਾਬਾ ਗੁਰਚਰਨ ਸਿੰਘ, ਜਗਮੋਹਨ ਸਿੰਘ ਸ਼ਾਂਤ, ਬਿਕਰਮਜੀਤ ਸਿੰਘ, ਹਰਮਿੰਦਰਪ੍ਰੀਤ ਸਿੰਘ ਪ੍ਰਿੰਸ, ਮਨਬੀਰ ਸਿੰਘ ਖਹਿਰਾ, ਸੰਦੀਪ ਸਿੰਘ ਖਾਲਸਾ, ਸਾਹਿਬ ਸਿੰਘ, ਗਗਨਦੀਪ ਸਿੰਘ ਆਦਿ ਹਾਜ਼ਰ ਸਨ।