ਹਰਿਮੰਦਰ ਸਾਹਿਬ ਮੱਥਾ ਟੇਕ ਕੇ ਲਿਆ ਅਸ਼ੀਰਵਾਦ
ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ)- ਅੰਮ੍ਰਿਤਸਰ ਤੋਂ ਐਲਾਨੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਦਲਜੀਤ ਸਿੰਘ ਨੇ ਕਿਹਾ ਕਿ 1947 ਤੋਂ ਹੁਣ ਤੱਕ ਸਿਆਸਤ ਵਿੱਚ ਜੋ ਨਿਘਾਰ ਆਇਆ ਹੈ, ਉਸ ਨੂੰ ਠੀਕ ਕਰਨ ਲਈ ਆਮ ਆਦਮੀ ਪਾਰਟੀ ਨੇ ਜੋ ਝਾੜੂ ਉਠਾਇਆ ਹੈ, ਉਸ ਤੋਂ ਪ੍ਰਭਾਵਿਤ ਹੋ ਕੇ ਹੀ ਉਨ੍ਹਾਂ ਨੇ ਗੁਰੂ ਨਗਰੀ ਤੋਂ ਸੰਸਦੀ ਚੋਣ ਲੜਣ ਦਾ ਫੈਸਲਾ ਕੀਤਾ ਹੈ।ਆਪ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਆਪਣੀ ਰਿਹਾਇਸ਼ ‘ਤੇ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਡਾ. ਦਲਜੀਤ ਸਿੰਘ ਨੇ ਕਿਹਾ ਕਿ ਸਿਆਸਤ ਸਹੀ ਮਾਅਨਿਆਂ ਵਿੱਚ ਡਾਕਟਰੀ ਹੈ ਅਤੇ ਜੇਕਰ ਡਾਕਟਰ ਸਹੀ ਤੇ ਸਮਝਦਾਰ ਹੋਵੇਗਾ ਤਾਂ ਮਰੀਜ ਦਾ ਸਹੀ ਇਲਾਜ ਹੋ ਸਕੇਗਾ।ਉਨ੍ਹਾਂ ਕਿਹਾ ਕਿ ਬੇਸ਼ੱਕ ਉਨ੍ਹਾਂ ਦਾ ਕਿੱਤਾ ਅੱਖਾਂ ਦੀ ਸਰਜਰੀ ਦਾ ਹੈ, ਪ੍ਰੰਤੂ ਹੁਣ ਉਹ ਰਾਜਨੀਤੀ ਦੀ ਨਜ਼ਰ ਦਾ ਅਪਰੇਸ਼ਨ ਕਰਨ ਆਏ ਹਨ, ਜਿਸ ਨੇ ਘਪਲਿਆਂ ਤੇ ਘੋਟਾਲਿਆਂ ਨਾਲ ਭਾਰਤ ਦੇ ਗਰੀਬ ਨੂੰ ਹੋਰ ਗਰੀਬ ਤੇ ਆਪ ਅਮੀਰ ਹੋਣ ਦਾ ਕੰਮ ਅਰੰਭਿਆ ਹੋਇਆ ਹੈ।ਚੋਣਾਂ ਦੇ ਖਰਚ ਸਬੰਧੀ ਕੀਤੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਡਾਕਟਰ ਦਲਜੀਤ ਸਿੰਘ ਨੇ ਕਿਹਾ ਕਿ ਚੋਣਾਂ ਵਿੱਚ ਉਨ੍ਹਾਂ ਵੱਲੋਂ ਕੋਈ ਖਰਚਾ ਨਹੀਂ ਕੀਤਾ ਜਾਵੇਗਾ, ਬਲਕਿ ਉਨ੍ਹਾਂ ਦੀ ਪਾਰਟੀ ਦੇ ਵਰਕਰ ਤੇ ਸਮੱਰਥਕ ਆਪਣੇ ਵਿੱਤ ਮੁਤਾਬਿਕ ਲੋੜੀਂਦਾ ਖਰਚ ਕਰਨਗੇ, ਕਿਉਂਕਿ ਉਹ ਸਿਆਸਤ ਵਿੱਚ ਕੇਵਲ ਭ੍ਰਿਸ਼ਟਾਚਾਰ ਤੇ ਹੋਰ ਬੁਰਾਈਆਂ ਦੂਰ ਕਰਨ ਤੇ ਕਾਨੂੰਨ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਵਾਊਣ ਲਈ ਆਏ ਹਨ ਅਤੇ ਉਨ੍ਹਾਂ ਦਾ ਮਨੋਰਥ ਪੈਸਾ ਬਨਾਉਣਾ ਨਹੀਂ ਹੈ। ਉਨ੍ਹਾਂ ਹੋਰ ਕਿਹਾ ਕਿ ਜਿੰਨ੍ਹਾਂ ਨੇ ਪੈਸਾ ਕਮਾਉਣਾ ਹੁੰਦਾ ਹੈ, ਉਹੀ ਪੈਸੇ ਲਗਾਉਂਦੇ ਹਨ ਅਤੇ ਉਸ ਨੂੰ ਦੁਗਣਾ ਤਿਗੁਣਾ ਕਰਨ ਲਈ ਕਈ ਤਰ੍ਹਾਂ ਦੇ ਭ੍ਰਿਸ਼ਟ ਤਰੀਕੇ ਅਪਨਾਉਂਦੇ ਹਨ।
ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕਰਦਿਆਂ ਉਨ੍ਹਾਂ ਹਿਕਾ ਕਿ ਗੁਰੂ ਨਗਰੀ ਜੋ ਪੂਰੀ ਦੁਨੀਆਂ ਵਿੱਚ ਸਭ ਤੋਂ ਵੱਧ ਦੇਖੇ ਜਾਣ ਵਾਲੇ ਸਥਾਨਾਂ ਵਿੱਚ ਸੁਮਾਰ ਰੱਖਦੀ ਹੈ, ਉਸ ਦੀ ਹਾਲਤ ਅਜਿਹੀ ਹੋਣੀ ਚਾਹੀਦੀ ਹੈ ਕਿ ਇੱਥੇ ਆਉਣ ਵਾਲੇ ਖੁਸ਼ ਹੋ ਕੇ ਜਾਣ।ਉਨ੍ਹਾਂ ਕਿਹਾ ਕਿ ਜੇਕਰ ਗੁਰੂ ਨਗਰੀ ਦੇ ਵਾਸੀ ਉਨ੍ਹਾਂ ਨੂੰ ਸੇਵਾ ਦਾ ਮੌਕਾ ਬਖਸ਼ਦੇ ਹਨ ਤਾਂ ਸੰਸਦ ਮੈਂਬਰ ਬਨਣ ਉਪਰੰਤ ਉਹ ਲੋੜੀਂਦੇ ਕਾਰਜ ਪਹਿਲ ਦੇ ਅਧਾਰ ਤੇ ਕਰਵਾਉਣਗੇ।ਇਸ ਤੋਂ ਪਹਿਲਾਂ ਸਵੇਰੇ ਡਾਕਟਰ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਸਮੇਤ ਰਾਮ ਬਾਗ ਸਥਿਤ ਮਹਾਤਮਾ ਗਾਂਧੀ ਦੇ ਬੁੱਤ ਤੋਂ ਸ੍ਰੀ ਦਰਬਾਰ ਸਾਹਿਬ ਤੱਕ ਪੈਦਲ ਮਾਰਚ ਕੀਤਾ ਅਤੇ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਲਿਆ।ਇਸ ਮੌਕੇ ਹਰਿੰਦਰ ਸਿੰਘ ਪੰਜਾਬ ਚੋਣ ਕਮੇਟੀ, ਪ੍ਰੋ. ਮਨਜੀਤ ਸਿੰਘ ਪੰਜਾਬ ਚੋਣ ਕਮੇਟੀ ਤੇ ਬੁਲਾਰੇ, ਗੁਲਸ਼ਨ ਛਾਬੜਾ ਸੈਕਟਰੀ ਚੋਣ ਪ੍ਰਚਾਰ ਕਮੇਟੀ, ਅਸ਼ੋਕ ਤਾਲਵਾੜ, ਨਰਿੰਦਰ ਸਿੰਘ ਵਾਲੀਆ, ਰਵਿੰਦਰ ਕੁਮਾਰ ਸੁਲਤਾਨਵਿੰਡ, ਰੋਟਰੀ ਗਵਰਨਰ ਗੁਰਜੀਤ ਸਿੰਘ ਸੇਖੋਂ, ਸਰਦਾਰਾ ਸਿੰਘ ਗਿੱਲ, ਐਡਵੋਕੇਟ ਜੇ.ਐਸ. ਗਿੱਲ, ਹਰਜਿੰਦਰ ਸਿੰਘ ਧੰਜਲ, ਜਗਦੀਪ ਸਿੰਘ, ਵਿਜੇ ਮਹਿਤਾ, ਜਗਜੀਤ ਸਿੰਘ, ਅਸ਼ੌਕ ਸ਼ਰਮਾ, ਰਜੇਸ਼ਵਰ, ਡਾ. ਡਾਵਰ, ਡਾ. ਇੰਦੂ ਅਰੋੜਾ, ਪ੍ਰਿੰਸੀਪਲ ਅਮਨਦੀਪ ਸੇਖੋਂ, ਜੋਬਨਪ੍ਰੀਤ ਸਿੰਘ, ਪ੍ਰਿੰਸਪਾਲ ਸਿੰਘ, ਵਿਨੋਦ ਕੁਮਾਰ ਆਦਿ ਵੀ ਹਾਜਰ ਸਨ।