
ਬਟਾਲਾ, 3 ਫਰਵਰੀ (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਵੱਲੋਂ ਸ਼ਹਿਰਾਂ ਦੀ ਤਰਜ਼ ‘ਤੇ ਪਿੰਡ ਵਾਸੀਆਂ ਨੂੰ ਪੀਣ ਲਈ ਸਾਫ ਤੇ ਸ਼ੁਧ ਪਾਣੀ ਦੇਣ ਦੇ ਆਪਣੇ ਵਾਅਦੇ ਨੂੰ ਵਫਾ ਕੀਤਾ ਜਾ ਰਿਹਾ ਹੈ।ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਹਰਪੁਰਾ ਤੇ ਮੁਰਾਦਪੁਰਾ ਦੇ ਨਿਵਾਸੀਆਂ ਨੂੰ ਬਹੁਤ ਜਲਦੀ ਸਾਫ ਪਾਣੀ ਦੀ ਸਹੂਲਤ ਮਿਲਣ ਜਾ ਰਹੀ ਹੈ। ਪਿੰਡ ਹਰਪੁਰਾ ਵਿੱਚ 60.48 ਲੱਖ ਰੁਪਏ ਅਤੇ ਪਿੰਡ ਮੁਰਾਦਪੁਰ ਵਿਖੇ 32 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਦੇ ਪ੍ਰੋਜੈਕਟ ਚੱਲ ਰਹੇ ਹਨ ਜੋ ਕਿ ਛੇਤੀ ਹੀ ਮੁਕੰਮਲ ਹੋ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਿੰਡ ਹਰਪੁਰਾ ਤੇ ਮੁਰਾਦਪੁਰਾ ਦੇ ਲੋਕਾਂ ਦੀ ਸਾਫ ਤੇ ਸ਼ੁੱਧ ਪਾਣੀ ਦੀ ਮੰਗ ਨੂੰ ਪੂਰਿਆਂ ਕਰਦਿਆਂ ਪੰਜਾਬ ਸਰਕਾਰ ਵੱਲੋਂ ਦੋਵਾਂ ਪਿੰਡਾਂ ਦੀ ਜਲ ਸਪਲਾਈ ਯੋਜਨਾ ਲਈ 92.48 ਲੱਖ ਰੁਪਏ ਮਨਜੂਰ ਕੀਤੇ ਗਏ ਸਨ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਇਨ੍ਹਾਂ ਦੋਹਾਂ ਪਿੰਡਾਂ ‘ਚ ਜਲ ਸਪਲਾਈ ਦਾ ਪ੍ਰੋਜੈਕਟ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਹਰਪੁਰਾ ਤੇ ਮੁਰਾਦਪੁਰਾ ‘ਚ ਪਾਣੀ ਦੀਆਂ ਟੈਂਕੀਆਂ ਬਣ ਕੇ ਤਿਆਰ ਹੋ ਗਈਆਂ ਹਨ ਅਤੇ ਟਿਊਬਵੈੱਲ ਦੇ ਡੂੰਘੇ ਬੋਰ ਵੀ ਕੀਤੇ ਜਾ ਚੁੱਕੇ ਹਨ। ਐੱਸ.ਡੀ.ਐੱਮ. ਬਟਾਲਾ ਨੇ ਦੱਸਿਆ ਕਿ ਇਨ੍ਹਾਂ ਪਿੰਡਾਂ ‘ਚ ਘਰ-ਘਰ ਸਾਫ ਪਾਣੀ ਦੇਣ ਲਈ ਪੂਰੇ ਪਿੰਡ ‘ਚ ਪਾਈਪ ਲਾਈਨਾਂ ਵੀ ਵਿਛਾਈਆਂ ਜਾ ਚੁੱਕੀਆਂ ਹਨ ਅਤੇ ਹਰ ਘਰ ‘ਚ ਕੁਨੈਕਸ਼ਨ ਦੇ ਕੇ ਛੇਤੀ ਹੀ ਸਾਫ ਪਾਣੀ ਦੇਣ ਦੀ ਸਹੂਲਤ ਸ਼ੁਰੂ ਕਰ ਦਿਤੀ ਜਾਵੇਗੀ।
ਪਿੰਡ ਹਰਪੁਰਾ ਤੇ ਮੁਰਾਦਪੁਰ ‘ਚ ਜਲ ਸਪਲਾਈ ਦੀ ਸਹੂਲਤ ਮਿਲਣ ‘ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਪਿੰਡ ਹਰਪੁਰਾ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਿੰਡ ਦੇ ਨਲਕਿਆਂ ਦਾ ਪਾਣੀ ਸਾਫ ਨਹੀਂ ਆ ਰਿਹਾ ਸੀ ਜਿਸ ਕਾਰਨ ਪਿੰਡ ਵਾਸੀ ਸਾਫ ਤੇ ਸ਼ੁੱਧ ਪਾਣੀ ਦੀ ਮੰਗ ਕਰ ਰਹੇ ਸਨ। ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡ ਵਾਸੀਆਂ ਦੀ ਸਾਫ ਤੇ ਸ਼ੁਧ ਪਾਣੀ ਦੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ ਜਿਸ ਲਈ ਉਹ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਤੇ ਹਲਕਾ ਵਿਧਾਇਕ ਸ. ਦੇਸਰਾਜ ਸਿੰਘ ਧੁੱਗਾ ਦੇ ਧੰਨਵਾਦੀ ਹਨ।
Punjab Post Daily Online Newspaper & Print Media