ਜ਼ਿੰਦਗੀ ਦੀਆਂ ਉਚਾਈਆਂ ਨੂੰ ਛੂਹਣਾ ਲਈ ਮਿਹਨਤ, ਲਗਨ ਤੇ ਦ੍ਰਿੜਤਾ ਜਰੂਰੀ – ਪ੍ਰਿੰ: ਮਨਦੀਪ ਕੌਰ
ਅੰਮ੍ਰਿਤਸਰ, 21 ਫਰਵਰੀ (ਕੁਲਦੀਪ ਸਿੰਘ ਨੋਬਲ) – ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀਆਂ +1 ਦੀਆਂ 640 ਵਿਦਿਆਰਥਣਾਂ ਨੇ +2 ਦੀਆਂ ਸਾਇੰਸ, ਕਾਮਰਸ, ਵੋਕੇਸ਼ਨਲ ਅਤੇ ਆਰਟਸ ਦੀਆਂ 603 ਵਿਦਿਆਰਥਣਾਂ ਨੂੰ ਭਾਵਪੂਰਤ ਵਿਦਾਇਗੀ ਪਾਰਟੀ ਦਿੱਤੀ। ਇਸ ਮੌਕੇ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਰੰਗਾਰੰਗ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਲੋਕ ਗੀਤ, ਸੋਲੋ ਡਾਂਸ, ਐਕਸ਼ਨ ਡਾਂਸ, ਕਵਿਤਾ ਅਤੇ ਲੋਕ ਨਾਚ ਪੇਸ਼ ਕਰਕੇ ਸਮਾਂ ਬੰਨ ਦਿੱਤਾ ।ਇਸ ਅਵਸਰ ‘ਤੇ ਮਿਸ ਮਾਲ ਹਰਪ੍ਰੀਤ ਕੌਰ ਨੂੰ, ਮਿਸ ਮਾਲ ਰਨਰ ਅੱਪ ਸਾਕਸ਼ੀ ਨੂੰ ਅਤੇ ਮਿਸ ਮਾਲ ਸੈਕੰਡ ਰਨਰ ਅੱਪ ਹਰਪ੍ਰੀਤ ਕੌਰ ਨੂੰ ਚੁਣਿਆ ਗਿਆ।ਇਸੇ ਤਰ੍ਹਾਂ ਮਿਸ ਪੰਜਾਬਣ ਪ੍ਰੀਤ ਇੰਦਰ ਕੌਰ ਨੂੰ, ਮਿਸ ਪੰਜਾਬਣ ਰਨਰ ਅੱਪ ਸਿਮਰਨ ਨੂੰ ਚੁਣਿਆ ਗਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਵਿਦਿਆਰਥੀਆਂ ਨੂੰ ਸ਼ੁਭ ਇਛਾਵਾਂ ਦਿੰਦਿਆਂ ਕਿਹਾ ਕਿ ਮਿਹਨਤ, ਲਗਨ, ਦ੍ਰਿੜਤਾ ਤੇ ਪ੍ਰਤਿਬੱਧਤਾ ਨਾਲ ਹੀ ਜ਼ਿੰਦਗੀ ਦੀਆਂ ਉਚਾਈਆਂ ਨੂੰ ਛੂਹਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸੰਪੂਰਨ ਸ਼ਖਸੀਅਤ ਲਈ ਨੈਤਿਕ ਕਦਰਾ ਕੀਮਤਾਂ ਨੂੰ ਧਾਰਨ ਕਰਨਾ ਅੱਜ ਸਮੇਂ ਦੀ ਮੁੱਖ ਲੋੜ ਹੈ।ੳਨ੍ਹਾਂ ਕਿਹਾ ਕਿ ਮੰਜ਼ਲ ਉੱਤੇ ਉਹ ਹੀ ਪਹੁੰਚਦੇ ਹਨ ਜਿੰਨ੍ਹਾਂ ਨੂੰ ਆਪਣੇ ਟੀਚੇ ਸਪੱਸ਼ਟ ਹੁੰਦੇ ਹਨ ਅਤੇ ਅਜਿਹੇ ਲੋਕਾਂ ਦੇ ਰਾਹ ਵਿੱਚ ਕੋਈ ਵੀ ਔਕੜ ਜਾਂ ਮੁਸ਼ਕਲ ਰੋੜਾ ਨਹੀਂ ਬਣਦੀ।ਇਸ ਅਵਸਰ ਤੇ ਮੰਚ ਸੰਚਾਲਨ ਮੈਡਮ ਜਤਿੰਦਰ ਕੌਰ ਅਤੇ ਮੈਡਮ ਮਨਿੰਦਰ ਕੌਰ ਨੇ ਕੀਤਾ।