Friday, November 22, 2024

ਮਜੀਠਾ ਤੇ ਅਬਦਾਲੀ ‘ਚ ਜ਼ਿਲਾ ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ ਸਮੇਤ 70 ਕਾਂਗਰਸੀ ਪਰਿਵਾਰ ਅਕਾਲੀ ਦਲ ਵਿੱਚ ਸ਼ਾਮਿਲ

ਕੈਪਟਨ ਵੱਲੋਂ ਰਾਜ ਵਿੱਚ ਵਿੱਤੀ ਐਮਰਜੈਂਸੀ ਲਾਏ ਜਾਣ ਦੀ ਮੰਗ ਕਰਨੀ ਨਾ-ਸਮਝੀ ਦਾ ਸਬੂਤ- ਮਜੀਠੀਆ

PPN110402

ਮਜੀਠਾ/ਅੰਮ੍ਰਿਤਸਰ  11 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਲੋਕ ਸਭਾ ਹਲਕੇ ਅੰਮ੍ਰਿਤਸਰ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਦੀ ਚੋਣ ਮੁਹਿੰਮ ਨੂੰ ਮਜੀਠਾ ਹਲਕੇ ਵਿੱਚ ਅੱਜ ਉਸ ਵਕਤ ਇੱਕ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਕਸਬਾ ਮਜੀਠਾ ਅਤੇ ਪਿੰਡ ਅਬਦਾਲ ਵਿਖੇ ਜ਼ਿਲਾ ਕਾਂਗਰਸ ਅੰਮ੍ਰਿਤਸਰ ਦਿਹਾਤੀ ਦੇ ਜਨਰਲ ਸਕੱਤਰ ਕਾਬਲ ਸਿੰਘ ਮਜੀਠਾ ਸਮੇਤ 70 ਤੋਂ ਵੱਧ ਕਾਂਗਰਸੀ ਪਰਿਵਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਅਤੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਡਟਣ ਦਾ ਐਲਾਨ ਕਰ ਦਿੱਤਾ। ਨਗਰ ਕਮੇਟੀ ਮਜੀਠਾ ਦੇ ਸਾਬਕਾ ਪ੍ਰਧਾਨ ਪ੍ਰਭਦਿਆਲ ਸਿੰਘ ਮਜੀਠਾ ਦੇ ਘਰ ਵਿਖੇ ਸ: ਮਜੀਠੀਆ ਨੇ ਇਨਾਂ ਪਰਿਵਾਰਾਂ ਦੇ ਮੁਖੀਆਂ ਨੂੰ ਸਿਰੋਪੇ ਭੇਂਟ ਕਰਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕੀਤਾ। ਇੱਥੇ ਜ਼ਿਕਰਯੋਗ ਹੈ ਕਿ ਕਾਬਲ ਸਿੰਘ ਮਜੀਠਾ ਇੱਥੋਂ ਦਾ ਸਰਗਰਮ ਕਾਂਗਰਸੀ ਆਗੂ ਸੀ ਅਤੇ ਲਾਲੀ ਮਜੀਠੀਆ ਦਾ ਅਤਿ ਨਜ਼ਦੀਕੀ ਸਾਥੀ ਸੀ। ਇਸ ਮੌਕੇ ਹੋਏ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਮਜੀਠੀਆ ਨੇ ਕਿਹਾ ਕਿ ਦੇਸ਼ ਨੂੰ ਭ੍ਰਿਸ਼ਟਾਚਾਰ, ਗੁਰਬਤ, ਮਹਿੰਗਾਈ, ਫਿਰਕੂ ਦੰਗਿਆਂ ਅਤੇ ਕਾਲੇ ਧਨ ਦੀ ਦਲਦਲ ਵਿੱਚ ਧੱਕਣ ਵਾਲੀ ਅਤੇ ਪੰਜਾਬ ਵਰਗੇ ਸੂਬੇ ਨੂੰ ਹਜ਼ਾਰਾਂ ਕਰੋੜ ਦੇ ਕਰਜ਼ੇ ਹੇਠ ਦੱਬਣ ਵਾਲੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜ ਵਿੱਚ ਵਿੱਤੀ ਐਮਰਜੈਂਸੀ ਲਾਏ ਜਾਣ ਦੀ ਮੰਗ ਕਰਨੀ ਹਾਸੋਹੀਣੀ ਹੈ। ਉਨਾਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਵਿਤਕਰੇ, ਅੱਤਵਾਦ, ਸਾਕਾ ਨੀਲਾ ਤਾਰਾ, ਦਿੱਲੀ ਦਾ ਕਤਲੇਆਮ, ਅੱਤਵਾਦ ਦੌਰਾਨ ਚੜੇ ਕਰਜ਼ੇ ਅਤੇ ਨੌਕਰੀਆਂ ਤੇ ਸਬਸਿਡੀਆਂ ‘ਤੇ ਕੈਪਟਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਹਾਲੇ ਭੁੱਲੀਆਂ ਨਹੀਂ। ਉਨਾਂ ਕਿਹਾ ਕਿ ਕਾਂਗਰਸ ਹਾਈਕਮਾਨ, ਕਾਂਗਰਸ ਦੀ ਅਗਵਾਈ ਵਾਲੀਆਂ ਕੇਂਦਰ ਸਰਕਾਰਾਂ ਅਤੇ ਇਸ ਲੋਕ-ਵਿਰੋਧੀ ਪਾਰਟੀ ਦੀਆਂ ਸੂਬਾ ਸਰਕਾਰਾਂ ਨੇ ਹੁਣ ਤੱਕ ਪੰਜਾਬ ਨੂੰ ਇੱਕ ਵਿਸ਼ੇਸ਼ ਰਣਨੀਤੀ ਤਹਿਤ ਆਰਥਿਕ ਮੁਹਾਜ਼ ‘ਤੇ ਪਿੱਛੇ ਸੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਅਤੇ ਪੰਜਾਬ ਨੂੰ ਅੱਤਵਾਦ ਦੀ ਬਲਦੀ ਅੱਗ ਵਿੱਚ ਧੱਕਣ ਲਈ ਵੀ ਕਾਂਗਰਸ ਦੀਆਂ ਸ਼ਾਤਿਰ ਚਾਲਾਂ ਹੀ ਜ਼ਿੰਮੇਵਾਰ ਹਨ। ਮਜੀਠੀਆ ਨੇ ਕਿਹਾ ਕਿ ਇਸ ਵਿਤਕਰੇ ਅਤੇ ਬਦਨੀਤੀ ਦੇ ਬਾਵਜੂਦ ਅੱਜ ਪੰਜਾਬ ਵਿਕਾਸ ਦੇ ਰਾਹ ਚੱਲਦਿਆਂ ਲੋਕਾਂ ਨੂੰ ਆਟਾ-ਦਾਲ, ਸ਼ਗਨ ਸਕੀਮ, ਮੁਫ਼ਤ  ਬਿਜਲੀ, ਵਜ਼ੀਫ਼ੇ, ਸਾਈਕਲ, ਪੈਨਸ਼ਨਾਂ ਅਤੇ ਹੋਰ ਸਹੂਲਤਾਂ ਦੇਣ ਵਿੱਚ ਬਾਕੀ ਸਾਰੇ ਰਾਜਾਂ ਤੋਂ ਮੋਹਰੀ ਹੈ।

PPN110403

ਇਸੇ ਦੌਰਾਨ ਹਲਕਾ ਮਜੀਠਾ ਦੇ ਪਿੰਡ ਅਬਦਾਲ ਵਿਖੇ ਵੀ 16 ਤੋਂ ਵੱਧ ਕਾਂਗਰਸੀ ਪਰਿਵਾਰਾਂ ਨੇ ਸ: ਬਿਕਰਮ ਸਿੰਘ ਮਜੀਠੀਆ ਦੀ ਮੌਜੂਦਗੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋ ਕੇ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਕਰਾਰਾ ਝਟਕਾ ਦਿੱਤਾ ਹੈ।ਉਨਾਂ ਅਰੁਣ ਜੇਤਲੀ ਨੂੰ ਭਾਰੀ ਵੋਟਾਂ ਨਾਲ ਜਿੱਤਾ ਕੇ ਕੇਂਦਰ ਵਿੱਚ ਮੋਦੀ ਬਣਨ ਜਾ ਰਹੀ ਸਰਕਾਰ ਵਿੱਚ ਅਹਿਮ ਮੰਤਰੀ ਬਣਾਉਣ ਲਈ ਭੇਜਣ ਦੀ ਅਪੀਲ ਕੀਤੀ।ਮਜੀਠਾ ਕਸਬੇ ਵਿਖੇ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਕਾਬਲ ਸਿੰਘ ਮਜੀਠਾ ਸਾਬਕਾ ਜਨਰਲ ਸਕੱਤਰ ਜ਼ਿਲਾ ਕਾਂਗਰਸ ਅੰਮ੍ਰਿਤਸਰ ਦਿਹਾਤੀ, ਬਿਕਰਮਜੀਤ ਸਿੰਘ ਮਜੀਠਾ, ਬਲਕਾਰ ਸਿੰਘ ਸੁਖਦੇਵ ਸਿੰਘ, ਕੇਵਲ ਸਿੰਘ, ਗੁਰਨਾਮ ਸਿੰਘ, ਰਮੇਸ਼ ਕੁਮਾਰ, ਸੁਰਜੀਤ ਸਿੰਘ, ਸੁਨੀਲ ਕੁਮਾਰ, ਕੁਲਦੀਪ ਸਿੰਘ, ਹਰਦੀਪ ਸਿੰਘ ਸਮੇਤ ਕਈ ਸਰਗਰਮ ਕਾਂਗਰਸੀ ਸ਼ਾਮਿਲ ਸਨ। ਇਸ ਮੌਕੇ ‘ਤੇ ਮਜੀਠੀਆ ਦੇ ਨਾਲ ਤਲਬੀਰ ਸਿੰਘ ਗਿੱਲ, ਰਣਜੀਤ ਸਿੰਘ ਵਰਿਆਮ ਨੰਗਲ, ਜੋਧ ਸਿੰਘ ਸਮਰਾ, ਸ਼ਰਮਾ ਤੇ ਸਤਨਾਮ ਸਿੰਘ ਅਬਦਾਲ, ਗੁਰਵੇਲ ਅਲਕੜੇ, ਸਵਰਜੀਤ ਕੁਰਾਲੀਆ, ਸਲਵੰਤ ਸਿੰਘ ਸੇਠ,  ਪ੍ਰਭਦਿਆਲ ਸਿੰਘ, ਸਰਬਜੀਤ ਸਿੰਘ ਸਪਾਰੀਵਿੰਡ, ਸੁਰਿੰਦਰਪਾਲ ਗੋਕਲ, ਪ੍ਰੋ: ਸਰਚਾਂਦ ਸਿੰਘ, ਮੇਜਰ ਸ਼ਿਵੀ, ਬੱਬੀ ਭੰਗਵਾਂ, ਅਵਤਾਰ ਸਿੰਘ ਗਿੱਲ, ਮੁਖਵਿੰਦਰ ਸਿੰਘ, ਰਾਜੇਸ਼ ਲਾਟੀ, ਸੱਜਣ ਸਿੰਘ ਡੱਡੀਆਂ, ਯੂਨਸ ਮਸੀਹ, ਦੁਰਗਾ ਦਾਸ ਪਟਵਾਰੀ, ਬਿੱਲਾ ਆੜਤੀਆ, ਸ਼ਰਮਾ ਅਤੇ ਸਤਨਾਮ ਸਿੰਘ ਅਬਦਾਲ, ਗੁਰਵੇਲ ਸਿੰਘ ਅਲਕੜੇ, ਜਗਰੂਪ ਚੰਦੀ, ਸਵਰਨਜੀਤ ਕੁਰਾਲੀਆ, ਤਰਲੋਚਨ ਸਿੰਘ, ਧਰਮਿੰਦਰ ਸਿੰਘ, ਦਵਿੰਦਰਜੀਤ ਸਿੰਘ, ਨਵਜੀਤ ਸਿੰਘ ਅਤੇ ਸਾਹਿਬ ਜੀਤ ਸਿੰਘ ਆਦਿ ਵੀ ਮੌਜੂਦ ਸਨ।

 

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply