28 ਦਸੰਬਰ 2015 ਲਈ ਵਿਸ਼ੇਸ਼:
ਸਿੱਖ ਧਰਮ ਜਿਥੇ ਸੇਵਾ ਤੇ ਸਿਮਰਨ ਦੀ ਪ੍ਰੇਰਨਾ ਦਿੰਦਾ ਹੈ, ਉਥੇ ਜ਼ਬਰ ਜੁਲਮ ਦੇ ਵਿਰੁੱਧ ਡਟਣ ਦਾ ਸਾਹਸ ਵੀ ਜਗਾਉਂਦਾ ਹੈ। ਸਿੱਖ ਧਰਮ ਦਾ ਮਨੋਰਥ ਮਨੁੱਖਤਾ ਦਾ ਕਲਿਆਣ ਕਰਨ ਲਈ ਹੱਕ, ਸੱਚ, ਨਿਆਂ ਦਾ ਰਾਜ ਸਥਾਪਤ ਕਰਨਾ ਸੀ। ਅਜਿਹੇ ਰਾਜ ਦੀ ਸਥਾਪਤੀ ਲਈ ਸਮਕਾਲੀ ਅਨਿਆਂ ਤੇ ਅਤਿਆਚਾਰ ਵਿਰੁੱਧ ਅਵਾਜ਼ ਉਠਾਉਣੀ ਹੀ ਪੈਣੀ ਸੀ। ਜ਼ੁਲਮ ਤੇ ਅਨਿਆਂ ਵਿਰੁੱਧ ਸ੍ਰੀ ਗੁਰੂ ਅਰਜਨ ਦੇਵ ਜੀ ਲਾਹੌਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਵਿਚ ਸ਼ਹਾਦਤ ਦਿੱਤੀ। ਦਸਮੇਸ਼ ਪਿਤਾ ਜੀ ਨੇ ਖ਼ਾਲਸਾ ਪੰਥ ਦੀ ਸਾਜਣਾ ਕਰਕੇ ਖ਼ਾਲਸਾ-ਪੰਥ ਨੂੰ ਧਰਮ ਯੁੱਧ ਲਈ ਤਿਆਰ ਕਰ ਦਿੱਤਾ। ਇਸ ਹੱਕ-ਸੱਚ ਦੀ ਲੜਾਈ ਦੇ ਇਤਿਹਾਸ ਵਿਚ ਅਨੇਕਾਂ ਸਾਕੇ ਤੇ ਘੱਲੂਘਾਰੇ ਵਰਤੇ। ਇਨ੍ਹਾਂ ਸਾਕਿਆਂ ਦੇ ਇਤਿਹਾਸ ਦੀ ਲੜੀ ਵਿਚ ਸਾਕਾ ਸਰਹਿੰਦ ਜਿਸ ਨੂੰ ‘ਨਿੱਕੀਆਂ ਜਿੰਦਾਂ ਵੱਡਾ ਸਾਕਾ’ ਵੀ ਕਿਹਾ ਜਾਂਦਾ ਹੈ ਅਹਿਮ ਤੇ ਦਰਦਮਈ ਘਟਨਾ ਹੈ, ਜਿਸ ਵਿਚ ਦਸਮੇਸ਼ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਮਿਸਾਲ ਸ਼ਹਾਦਤ ਹੋਈ।
ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਉਪਰੰਤ ਸਰਸਾ ਨਦੀ ਦੇ ਕੰਢੇ ਘੋਰ ਯੁੱਧ ਹੋਇਆ। ਸਰਸਾ ਨਦੀ ਦੇ ਤੇਜ ਵਹਾ ਨੂੰ ਪਾਰ ਕਰਦਿਆਂ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪੈ ਗਿਆ। ਵੱਡੇ ਸਾਹਿਬਜ਼ਾਦੇ ਤੇ ਸਤਿਗੁਰ ਜੀ ਚਮਕੌਰ ਨੂੰ ਨਿਕਲ ਗਏ, ਮਾਤਾ ਗੁਜਰੀ ਜੀ ਦੋ ਮਸੂਮ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਗੁਰੂ ਘਰ ਦੇ ਰਸੋਈਏ ਗੰਗੂ ਨਾਲ ਉਸਦੇ ਪਿੰਡ ਖੇੜੀ (ਸਹੇੜੀ) ਚਲੇ ਗਏ। ਮਾਤਾ ਜੀ ਪਾਸ ਧਨ ਵੇਖ, ਗੰਗੂ ਦਾ ਮਨ ਡੋਲ ਗਿਆ। ਇਸਦੇ ਨਾਲ ਕੁਝ ਧਨ ਸਰਕਾਰੋਂ ਪ੍ਰਾਪਤ ਹੋ ਜਾਣ ਦੀ ਲਾਲਸਾ ਉਸ ਨੂੰ ਮੋਰਿੰਡੇ ਥਾਣੇ ਲੈ ਗਈ। ਉਸ ਦੀ ਇਸ ਹਰਕਤ ਨੂੰ ਕਵੀ ਹਕੀਮ ਅੱਲ੍ਹਾ ਯਾਰ ਖਾਂ ਜੋਗੀ ਨੇ ਬਿਆਨਦਿਆਂ ਕਿਹਾ ਹੈ:
ਬਦਜ਼ਾਤ ਬਦ-ਸਿਫ਼ਾਤ ਵੁਹ ਗੰਗੂ ਨਮਕ ਹਰਾਮ।
ਟੁਕੜੋਂ ਪ: ਸਤਗੁਰੂ ਕੇ ਜੋ ਪਲਤਾ ਰਹਾ ਮੁਦਾਮ।
ਘਰ ਲੇ ਕੇ ਸ਼ਾਹਜ਼ਾਦੋਂ ਕੋ ਆਯਾ ਜੋ ਬਦਲਗਾਮ।
ਥਾ ਜ਼ਰ ਕੇ ਲੂਟਨੇ ਕੋ ਕਿਯਾ ਸਬ ਯਿਹ ਇੰਤਿਜ਼ਾਮ।
ਦੁਨਿਯਾ ਮੇਂ ਅਪਨੇ ਨਾਮ ਕੋ ਬਦਨਾਮ ਕਰ ਗਯਾ।
ਦੁਸ਼ਮਨ ਭੀ ਜੋ ਨਾ ਕਰਤਾ ਵੁਹ ਯਿਹ ਕਾਮ ਕਰ ਗਯਾ॥60॥
(ਸ਼ਹੀਦਾਨਿ ਵਫ਼ਾ)
ਦਿਨ ਚੜ੍ਹਦਿਆਂ ਹੀ ਮੋਰਿੰਡੇ ਦਾ ਕੋਤਵਾਲ ਚੜ੍ਹ ਆਇਆ ਜੋ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਫੜ ਕੇ ਲੈ ਗਿਆ ਅਤੇ ਜਾ ਵਜ਼ੀਰ ਖਾਂ ਦੇ ਹਵਾਲੇ ਕੀਤਾ। ਪੋਹ ਦੀਆਂ ਠੰਡੀਆਂ ਰਾਤਾਂ, ਦੋ ਕੋਮਲ ਤੇ ਨੰਨੀਆਂ ਜਿੰਦਾਂ ਅਤੇ ਮਾਤਾ ਗੁਜਰੀ ਜੀ ਸਰਕਾਰੀ ਹੁਕਮ ਨਾਲ ਭੁੱਖਣ ਭਾਣੇ ਠੰਡੇ ਬੁਰਜ ਵਿਚ ਕੈਦ ਕਰ ਦਿੱਤੇ। ਕਹਿਰ ਦੀ ਭਾਰੀ ਸੀਤ, ਠਰੂ-ਠਰੂ ਕਰਦੇ ਦਾਦੀ ਮਾਂ ਦੀ ਗੋਦੀ ਵਿਚ ਨੰਨੇ ਬਾਲਾਂ ਦੀ, ਬਾਬਿਆਂ ਦਾਦਿਆਂ ਦੀ ਕੁਰਬਾਨੀ, ਅਤੇ ਪਿਤਾ ਦਸਮੇਸ਼ ਦੀ ਸੂਰਮਗਤੀ ਦੀਆਂ ਸਾਖੀਆਂ ਸੁਣਦਿਆਂ ਰਾਤ ਲੰਘ ਗਈ। ਦਿਨ ਚੜ੍ਹਿਆ ਤਾਂ ਸਾਹਿਬਜ਼ਾਦਿਆਂ ਨੂੰ, ਦਰਬਾਰ ਦੇ ਪੇਸ਼ਕਾਰ ਸੁੱਚਾ ਨੰਦ ਨੇ ਵਜ਼ੀਰ ਖਾਂ ਦੇ ਪੇਸ਼ ਕੀਤਾ। ਵਜ਼ੀਰ ਖਾਂ, ਕਾਜ਼ੀ ਤੇ ਹੋਰ ਦਰਬਾਰੀ ਅਹਿਲਕਾਰ ਹਾਜ਼ਰ ਸਨ। ਬੱਚਿਆਂ ਨੂੰ ਪਿਆਰਦਿਆਂ ਧਨ-ਦੌਲਤਾਂ, ਜਗੀਰਾਂ ਤੇ ਰਾਜ-ਭਾਗ ਦੇ ਲਾਲਚ ਦੇ ਕੇ ਪ੍ਰੇਰਦਿਆਂ ਪੁੱਛਿਆ ਇਸਲਾਮ ਧਾਰਨ ਕਰੋਗੇ, ਕਿ ਮੌਤ ? ਗੁਰੂ ਕੇ ਲਾਲਾਂ ਦੀਆਂ ਕੋਮਲ ਬੁੱਲ੍ਹੀਆਂ ਦੇ ਬੋਲ ਸਨ ਮੌਤ! ਜੋ ਸਾਡੇ ਪੁਰਖਿਆਂ ਦੀ ਰੀਤ ਹੈ:
ਹਮਰੇ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨ ਜਾਈ॥
(ਗੁ.ਪ੍ਰ. ਸੂਰਜ ਗ੍ਰੰਥ)
ਫਿਰ ਅਗਲੇ ਦਿਨ ਦਰਬਾਰ ਵਿਚ ਪੇਸ਼ ਕਰਨ ਦਾ ਹੁਕਮ ਹੋਇਆ। ਭੁੱਖਣ-ਭਾਣੇ ਸਾਹਿਬਜ਼ਾਦਿਆਂ ਨੂੰ ਮੁੜ ਠੰਡੇ ਬੁਰਜ ਵਿੱਚ ਭੇਜ ਦਿੱਤਾ ਗਿਆ। ਇਸ ਬਿਪਤਾ ਮਾਰੇ ਸਮੇਂ ਵਿੱਚ ਰੱਬੀ ਰੂਹ ਮੋਤੀ ਰਾਮ ਮਹਿਰਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ ਰਾਖੀ ਕਰ ਰਹੇ ਸਿਪਾਹੀਆਂ ਨੂੰ ਵੱਢੀ ਦੇ ਕੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ। ਪਿਛੋਂ ਜ਼ਾਲਮਾਂ ਨੇ ਭਾਈ ਮੋਤੀ ਰਾਮ ਮਹਿਰਾ ਨੂੰ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿਤਾ।
ਅਗਲੇ ਦਿਨ ਦੋਬਾਰਾ ਪੇਸ਼ੀ ਹੋਈ ਮੁੜ ਲਾਲਚ, ਡਰਾਵੇ ਅਤੇ ਕਸ਼ਟ ਦਿੱਤੇ ਪਰ ਸਾਹਿਬਜ਼ਾਦਿਆਂ ਅਡੋਲ ਰਹਿੰਦਿਆਂ ਬੁਲੰਦ ਹੌਸਲੇ ਨਾਲ ਜਵਾਬ ਦਿੰਦਿਆਂ ਕਿਹਾ:
ਤੁਮ ਸੇ ਹਜ਼ਾਰੋਂ ਬੜ ਕੇ ਹੈਂ ਹਮ ਬੇ-ਨਜ਼ੀਰ ਹੈਂ।
ਅਪਨੀ ਨਜ਼ਰ ਮੇਂ ਮਾਲ ਤੁਮ੍ਹਾਰੇ ਹਕੀਰ ਹੈਂ।
ਪਰਵਾਰ ਨਹੀਂ ਹੈ ਬੇਸਰੋ ਸਾਮਾਂ ਲੜੇਂਗੇ ਹਮ।
ਜ਼ਾਲਿਮ ਸੇ ਬੁਤ-ਪ੍ਰਸਤ ਸੇ ਹਾਂ ਹਾਂ ਲੜੇਂਗੇ ਹਮ॥94॥
(ਸ਼ਹੀਦਾਨਿ ਵਫ਼ਾ)
ਸਾਹਿਬਜ਼ਾਦਿਆਂ ਦੇ ਦਲੇਰੀ ਭਰੇ ਬੋਲ ਸੁਣ ਕੇ ਸਭ ਦਰਬਾਰੀਆਂ ਦੇ ਸਿਰ ਨੀਵੇਂ ਹੋ ਗਏ, ਖਮੋਸ਼ੀ ਛਾ ਗਈ। ਕਾਜ਼ੀ ਨੂੰ ਸਜ਼ਾ ਨਿਸਚਿਤ ਕਰਨ ਲਈ ਕਿਹਾ। ਮਲੇਰਕੋਟਲੇ ਦੇ ਸ਼ੇਰ ਮੁਹੰਮਦ ਖਾਨ ਨੂੰ ਜਿਸ ਦਾ ਭਰਾ ਖਿਜ਼ਰ ਖਾਂ ਦਸਮੇਸ਼ ਜੀ ਨਾਲ ਜੰਗ ਵਿਚ ਮਾਰਿਆ ਗਿਆ ਸੀ, ਨੂੰ ਬੱਚਿਆਂ ਰਾਹੀਂ ਬਦਲਾ ਲੈਣ ਲਈ ਕਿਹਾ, ਪਰ ਉਸ ਨੇ ਨਾਂਹ ਕਰਦਿਆਂ ਕਿਹਾ, ਜੇ ਬਦਲਾ ਲੈਣਾ ਹੋਇਆ ਤਾਂ ਬਾਪ ਤੋਂ ਹੀ ਲਿਆ ਜਾਵੇਗਾ। ਪਰ ਇਹ ਵੱਡਾ ਪਾਪ ਹੈ, ਇੰਝ ਨਹੀਂ ਹੋਣਾ ਚਾਹੀਦਾ:
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ॥104॥
(ਸ਼ਹੀਦਾਨਿ ਵਫ਼ਾ)
ਅੰਤ ਕਾਜੀ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣ ਕੇ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ।ਅਜ ਸਾਹਿਬਜ਼ਾਦਿਆਂ ਨੂੰ ਲੈਣ ਲਈ ਸਿਪਾਹੀਆਂ ਦੀ ਟੋਲੀ ਆਈ। ਮਾਤਾ ਗੁਜਰੀ ਜੀ ਨੇ ਬੜ੍ਹੇ ਪਿਆਰ ਨਾਲ ਪੋਤਿਆਂ ਨੂੰ ਤਿਆਰ ਕੀਤਾ, ਜਿਵੇਂ ਵਿਆਹ ਲਈ ਲਾੜ੍ਹੇ ਨੂੰ ਤਿਆਰ ਕੀਤਾ ਜਾਂਦਾ ਹੈ।ਦੋਵਾਂ ਦੇ ਸਿਰਾਂ ਤੇ ਕਲਗ਼ੀਆਂ ਸਜਾਈਆਂ ਤੇ ਮੌਤ ਲਾੜੀ ਨੂੰ ਪਰਨਾਉਣ ਲਈ ਤੋਰਦਿਆਂ ਵਡੇਰਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦੀ ਸਿੱਖਿਆ ਦਿੱਤੀ। ਕਵੀ ਅੱਲ੍ਹਾ ਯਾਰ ਖਾਂ ਜੋਗੀ ਨੇ ਇਸ ਵਾਕਿਆ ਦਾ ਬਿਆਨ ਇੰਝ ਹੈ:
ਜਾਨੇ ਸੇ ਪਹਲੇ ਆਓ ਗਲੇ ਸੇ ਲਗਾ ਤੋ ਲੂੰ।
ਕੇਸੋਂ ਕੋ ਕੰਘੀ ਕਰ ਦੂੰ ਜ਼ਰਾ ਮੂੰਹ ਧੁਲਾ ਤੋ ਲੂੰ।
ਪ੍ਰਯਾਰੇ ਸਰੋਂ ਪ: ਨਨ੍ਹੀ ਸੀ ਕਲਗ਼ੀ ਸਜਾ ਤੋ ਲੂੰ।
ਮਰਨੇ ਸੇ ਪਹਲੇ ਤੁਮ ਕੋ ਦੂਲ੍ਹਾ ਬਨਾ ਤੋ ਲੂੰ…॥72॥
(ਸ਼ਹੀਦਾਨਿ ਵਫ਼ਾ)
ਗੁਰੂ ਦੇ ਲਾਲਾਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਬੇਖੌਫ, ਬਿਨਾਂ ਡਰ ਖੁਸ਼ੀ ਨਾਲ ਜੈਕਾਰੇ ਲਾਉਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਮਾਤਾ ਗੁਜਰੀ ਜੀ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਠੰਡੇ ਬੁਰਜ ਅੰਦਰ ਅਤ ਦੀ ਠੰਡ ਵਿਚ ਤਸੀਹੇ ਝਲਦੇ ਹੋਏ ਅਕਾਲ ਚਲਾਣਾ ਕਰ ਗਏ। ਦੀਵਾਨ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਲਈ ਸੋਨੇ ਦੀਆਂ ਮੋਹਰਾਂ ਵਿਛਾ ਕੇ ਥਾਂ ਮੁੱਲ ਲਈ ਤੇ ਅੰਤਿਮ ਸੰਸਕਾਰ ਕੀਤਾ।
ਗੁਰੂ ਜੀ ਦੇ ਲਾਲਾਂ ਨੇ ਜਿਸ ਦਲੇਰੀ ਨਾਲ ਕਚਹਿਰੀ ਵਿਚ ਉਤਰ ਦਿੰਦਿਆਂ ਸਿਦਕ ਦਿਲੀ ਨਾਲ, ਮੌਤ ਦੇ ਭੈਅ ਤੋਂ ਰਹਿਤ ਹੋ ਕੇ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ, ਉਹ ਸਾਡੇ ਸਭ ਲਈ ਅਤੇ ਵਿਸ਼ੇਸ਼ ਕਰ ਨੌਜੁਆਨਾਂ ਅਤੇ ਬੱਚਿਆਂ ਲਈ ਸਿੱਖ ਧਰਮ ਦੀਆਂ ਉਚੀਆਂ-ਸੁੱਚੀਆਂ ਕਦਰਾਂ ਕੀਮਤਾਂ ‘ਤੇ ਪਹਿਰਾ ਦੇਣ ਲਈ ਸਦਾਤਤਪਰ ਰਹਿਣ ਦੀ ਪ੍ਰੈਰਨਾ ਹੈ। ਆਉ! ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਦੀ ਯਾਦ ਨੂੰ ਸਿਰ ਚਕਾਉਂਦੇ ਹੋਏ, ਦਸਮੇਸ਼ ਜੀ ਦੁਆਰਾ ਬਖਸ਼ਿਸ਼ ਕੀਤੇ ਸਿੱਖੀ ਸਰੂਪ ਨੂੰ ਪਿਆਰ ਕਰਦਿਆਂ ਖੰਡੇ-ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰਸਿੱਖੀ ਮਾਰਗ ਉੱਤੇ ਚੱਲਦੇ ਆਪਣਾ ਜੀਵਨ ਸਫਲਾ ਕਰੀਏ।
-ਜਥੇ. ਅਵਤਾਰ ਸਿੰਘ
ਪ੍ਰਧਾਨ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ।