ਕਿਹਾ ਬਿਨਾ ਬੁਲਾਏ ਇਕ ਨਿਮਾਣੇ ਸਿੱਖ ਦੀ ਤਰਾਂ ਭੁੱਲ ਦੀ ਖਿਮਾ ਯਾਚਨਾ ਕਰਨ ਪਹੁੰਚਿਆ ਮਜੀਠੀਆ
ਅੰਮ੍ਰਿਤਸਰ, 29 ਅਪ੍ਰੈਲ (ਪੰਜਾਬ ਪੋਸਟ ਬਿਊਰੋ) -ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ 18 ਵੈਸਾਖ ਸੰਮਤ ਨਾਨਕਸ਼ਾਹੀ 546 ਮੁਤਾਬਿਕ 1 ਮਈ 2014 ਨੂੰ ਰੱਖੀ ਗਈ ਇਕੱਤਰਤਾ ਵਿੱਚ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਇੱਕ ਨਿਮਾਣੇ ਸਿੱਖ ਵਜੋਂ ਪਹੁੰਚ ਕੇ ਆਪਣੀ ਗਲਤੀ ਸਵੀਕਾਰਦਿਆਂ ਹੋਈ ਭੁੱਲ-ਚੁੱਕ ਲਈ ਗੁਰੂ ਪੰਥ ਤੋਂ ਮੁਆਫ਼ੀ ਦੀ ਬੇਨਤੀ ਕੀਤੀ ਗਈ ਹੈ, ਸੰਬੰਧੀ ਵਿਚਾਰਾਂ ਹੋਣਗੀਆਂ।
ਉਕਤ ਜਾਣਕਾਰੀ ਦਿੰਦਿਆਂ ਦਫ਼ਤਰ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਮੀਡੀਆ ਦੇ ਇੱਕ ਹਿੱਸੇ ‘ਚ ਛਪੀਆਂ ਉਹਨਾਂ ਖ਼ਬਰਾਂ ਦਾ ਜ਼ੋਰਦਾਰ ਖੰਡਨ ਕੀਤਾ ਹੈ ਜਿਸ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਤਲਬ ਕਰਨ ਦੀ ਗੱਲ ਕਹੀ ਗਈ ਹੈ।ਸਿੰਘ ਸਾਹਿਬ ਜੀ ਵੱਲੋਂ ਸਪੱਸ਼ਟ ਕਿਹਾ ਗਿਆ ਹੈ ਕਿ ਉਕਤ ਮੀਟਿੰਗ ਵਿੱਚ ਸਿੰਘ ਸਾਹਿਬਾਨਾਂ ਵੱਲੋਂ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਸਮੇਤ ਹੋਰ ਧਾਰਮਿਕ ਮਸਲਿਆਂ ‘ਤੇ ਵਿਚਾਰ ਕੀਤੀ ਜਾਣੀ ਹੈ। ਉਨਾਂ ਕਿਹਾ ਕਿ ਸਿੱਖ ਧਾਰਮਿਕ ਮਸਲਿਆਂ ਨੂੰ ਵਿਚਾਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਸੰਸਥਾ ਹੈ, ਜਿੱਥੇ ਬਿਕਰਮ ਸਿੰਘ ਮਜੀਠੀਆ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਬਿਨਾ ਬੁਲਾਏ ਇਕ ਨਿਮਾਣੇ ਸਿੱਖ ਦੀ ਤਰਾਂ ਭੁੱਲ ਦੀ ਖਿਮਾ ਯਾਚਨਾ ਕਰਨ ਪਹੁੰਚਿਆ ਹੈ।ਸਿੰਘ ਸਾਹਿਬ ਜੀ ਵੱਲੋਂ ਇਹ ਵੀ ਆਦੇਸ਼ ਕੀਤਾ ਗਿਆ ਹੈ ਕਿ ਉਕਤ ਮਾਮਲਾ ਧਾਰਮਿਕ ਅਤੇ ਇੱਕ ਸੰਵੇਦਨਸ਼ੀਲ ਮੁੱਦਾ ਹੈ, ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਚਾਰ ਅਧੀਨ ਹੈ, ਲਿਹਾਜ਼ਾ ਹਰੇਕ ਵਿਅਕਤੀ ਨੂੰ ਉਕਤ ਮੁੱਦੇ ਨੂੰ ਆਪਣੇ ਰਾਜਸੀ ਹਿਤਾਂ ਲਈ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨਾਂ ਇਹ ਵੀ ਕਿਹਾ ਕਿ ਕੋਈ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦਾ ਸਹਾਰਾ ਲੈਂਦਿਆਂ ਉਕਤ ਤਰਾਂ ਦੇ ਮੁੱਦਿਆਂ ‘ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਨਾ ਕਰੇ ।ਦਫ਼ਤਰ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੇ ਆਦੇਸ਼ਾਂ ਅਨੁਸਾਰ ਪੰਜ ਸਿੰਘ ਸਾਹਿਬਾਨ ਦੀ ਇੱਕ ਮਈ ਨੂੰ ਹੋਣ ਵਾਲੀ ਇਕੱਤਰਤਾ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਤਖ਼ਤ ਸ੍ਰੀ ਕੇਸਗੜ ਸਾਹਿਬ (ਸ੍ਰੀ ਅਨੰਦਪੁਰ ਸਾਹਿਬ), ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਜੀ ਨੂੰ ਸੱਦਾ ਪੱਤਰ ਭੇਜੇ ਜਾ ਚੁਕੇ ਹਨ।