Monday, July 8, 2024

ਸੱਚਾਈ ਤੋਂ ਚਿਹਰਾ ਛੁਪਾਉਣ ਦੀ ਆਪਣੀ ਪੁਰਾਣੀ ਨੀਤੀ ਤੋਂ ਬਾਜ਼ ਆਉਣ ਸਰਨਾ – ਦਿੱਲੀ ਕਮੇਟੀ

Parminder Pal Singhਨਵੀਂ ਦਿੱਲੀ, 6 ਜਨਵਰੀ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਅੱਜ ਪ੍ਰੈਸ ਕਾਨਫਰੰਸ ਰਾਹੀਂ ਮੌਜੂਦਾ ਕਮੇਟੀ ਦੀ ਕਾਰਜ ਪ੍ਰਣਾਲੀ ਬਾਰੇ ਚੁੱਕੇ ਗਏ ਸਵਾਲਾਂ ਦੇ ਜਵਾਬ ਕਮੇਟੀ ਵੱਲੋਂ ਵੀ ਮੀਡੀਆ ਨੂੰ ਜਾਰੀ ਕਰ ਦਿੱਤੇ ਗਏ ਹਨ।ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ ਦੇ ਅੱਜ ਦੇ ਸਵਾਲਾਂ ਨੂੰ ਸੱਚਾਈ ਤੋਂ ਚਿਹਰਾ ਛੁਪਾਉਣ ਅਤੇ ਅੱਧਾ ਲੁਕਾਉਣ ਦੀ ਸਰਨਾ ਦੀ ਪੁਰਾਣੀ ਨੀਤੀ ਦੇ ਵਿਸਤਾਰ ਨਾਲ ਜੋੜਿਆ ਹੈ।ਉਨ੍ਹਾਂ ਕਿਹਾ ਕਿ ਕੌਮੀ ਅਦਾਰਿਆਂ ਨੂੰ ਆਪਣੇ ਨਿੱਜੀ ਮੁਫਾਦਾਂ ਵਾਸਤੇ ਗਹਿਣੇ ਪਾਉਣ ਤੇ ਕਮੇਟੀ ਸਿਰ ਕਰੋੜਾਂ ਰੁਪਇਆਂ ਦੀਆਂ ਦੇਣਦਾਰੀਆਂ ਛੱਡ ਕੇ ਜਾਉਣ ਵਾਲਾ ਇਨਸਾਨ ਕਿਸ ਹੱਕ ਨਾਲ ਅੱਜ ਕਮੇਟੀ ਤੋਂ ਸਵਾਲ ਪੁੱਛ ਰਿਹਾ ਹੈ।
ਗੁਰਦੁਆਰਾ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਬਾਰੇ ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ ਜਿੱਥੇ ਸਰਨਾ ਵੱਲੋਂ ਗੈਰਕਾਨੂੰਨੀ ਤਰੀਕੇ ਨਾਲ ਐਨ.ਡੀ.ਐਮ.ਸੀ ਨਾਲ ਕੀਤੇ ਗਏ ਕਰਾਰ ਨੂੰ ਅੰਤ੍ਰਿਗ ਬੋਰਡ ਵਿੱਚ ਰੱਦ ਕੀਤਾ ਉਥੇ ਨਾਲ ਹੀ ਪਾਰਕਿੰਗ ਦੇ ਦੋਨੋਂ ਮੁੱਖ ਦਰਵਾਜਿਆਂ ਬਾਬਾ ਖੜਕ ਸਿੰਘ ਮਾਰਗ ‘ਤੇ ਬੰਗਲਾ ਸਾਹਿਬ ਲੇਨ ਵੱਲ ਦੋ ਦਰਸ਼ਨੀ ਡਿਉੜੀਆਂ ਦੀ ਉਸਾਰੀ ਕਰਕੇ ਪਾਰਕਿੰਗ ਨੂੰ ਗੁਰਦੁਆਰਾ ਦੀ ਹੱਦ ਦੇ ਅੰਦਰ ਲੈ ਆਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਬਾਲਾ ਸਾਹਿਬ ਹਸਪਤਾਲ ਨੂੰ ਕਾਨੂੰਨੀ ਸ਼ਿਕੰਜੇ ਤੋਂ 4 ਸਤੰਬਰ 2015, ਲਗਭਗ ਚਾਰ ਮਹੀਨੇ ਪਹਿਲੇ ਆਜ਼ਾਦ ਕਰਵਾ ਕੇ ਖਸਤਾ ਹਾਲ ਖੜੀ ਬਿਲਡਿੰਗ ਵਿੱਚ ਖੜੇ ਪਾਣੀ ਅਤੇ ਝਾੜੀਆਂ ਨੂੰ ਬਾਹਰ ਕੱਢਣ ਦਾ ਕੰਮ ਹੁਣ ਪੂਰਾ ਹੋ ਚੁੱਕਿਆ ਹੈ। ਹਸਪਤਾਲ ਨੂੰ ਅੱਗੇ ਚਲਾਉਣ ਵਾਸਤੇ ਮੈਡੀਕਲ ਮਾਹਿਰਾਂ ਅਤੇ ਬਿਲਡਿੰਗ ਦੀ ਮਜਬੂਤੀ ਵਾਸਤੇ ਇੰਜੀਨੀਅਰਾਂ ਨਾਲ ਕਈ ਦੌਰ ਦੀ ਬੈਠਕਾਂ ਹੋ ਚੁੱਕੀਆਂ ਹਨ। ਉਨਾਂ੍ਹ ਵਿਅੰਗ ਕੀਤਾ ਕਿ ਸਰਨਾ ਸਾਹਿਬ ਖੁਦ ਤਾਂ 10 ਸਾਲ ਦੌਰਾਨ ਹਸਪਤਾਲ ਚਲਾ ਨਹੀਂ ਸਕੇ ਤੇ ਸਾਡੇ ਤੋਂ ਚਾਰ ਮਹੀਨੀਆਂ ਵਿੱਚ ਹਸਪਤਾਲ ਚਲਾਉਣ ਦਾ ਰੋਡ ਮੈਪ ਭਾਲਦੇ ਹਨ ?
ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ 1984 ਸਿੱਖ ਕਤਲੇਆਮ ਦੀ ਯਾਦਗਾਰ ਦੀ ਉਸਾਰੀ ਤੇ ਸਰਨਾ ਵੱਲੋਂ ਕੀਤੇ ਗਏ ਕਿੰਤੂ ਦੇ ਜਵਾਬ ਵਿੱਚ ਉਨ੍ਹਾਂ ਸਰਨਾ ਤੇ ਯਾਦਗਾਰ ਦੀ ਉਸਾਰੀ ਨੂੰ ਰੋਕਣ ਵਾਸਤੇ ਅਦਾਲਤਾਂ ਤੱਕ ਜਾਣ ਦਾ ਵੀ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਜਦੋਂ ਸਰਨਾ ਦੀ ਹਮਾਇਤੀ ਕਾਂਗਰਸ ਸਰਕਾਰ ਦਾ ਰਾਜ ਸੀ ਤਾਂ ਸਰਨਾ ਨੇ ਜਿੱਥੇ ਪੰਜਾਬੀ ਬਾਗ ਵਿਖੇ 1984 ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਰਿੰਗ ਰੋਡ ‘ਤੇ ਬਣਨ ਵਾਲੇ ਪਾਰਕ ਦਾ ਕੰਮ ਦਿੱਲੀ ਦੀ ਸਾਬਕਾ ਮੁਖਮੰਤਰੀ ਸ਼ੀਲਾ ਦੀਕਸ਼ਿਤ ਦੇ ਤੁੱਗਲਕੀ ਫੁਰਮਾਨ ਨਾਲ ਰੁਕਵਾਇਆ ਸੀ, ਉਥੇ ਹੀ ਰਕਾਬਗੰਜ ਸਾਹਿਬ ਵਿਖੇ ਯਾਦਗਾਰ ਦੇ ਕਾਰਜ ਨੂੰ ਰੋਕਣ ਵਾਸਤੇ ਖ਼ੁਦ ਕੋਰਟ ਵੀ ਗਏ ਸੀ।
ਮਹਿਰੌਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਦੀ ਉਸਾਰੀ ਬਾਰੇ ਸਰਨਾ ਦੇ ਕਿੰਤੂ ਬਾਰੇ ਉਨ੍ਹਾਂ ਨੇ ਮਹਾਨ ਸ਼ਹੀਦਾਂ ਦੀ ਸ਼ਤਾਬਦੀ ‘ਤੇ ਸਰਨਾ ਨੂੰ ਸਿਆਸਤ ਨਾ ਕਰਨ ਦੀ ਵੀ ਅਪੀਲ ਕੀਤੀ।ਸਰਨਾ ਵੱਲੋਂ ਆਪਣੇ ਕਾਰਜਕਾਲ ਦੀ ਸਮਾਪਤੀ ਮੌਕੇ ਛੱਡੀਆਂ ਗਈਆਂ ਐਫ.ਡੀ.ਆਰ ਦੀ ਮੌਜੂਦਾ ਸਥਿਤੀ ‘ਤੇ ਉਨ੍ਹਾਂ ਨੇ ਕਮੇਟੀ ਵੱਲੋਂ ਛੇਤੀ ਹੀ ਪ੍ਰੈਸ ਕਾਨਫਰੰਸ ਕਰਕੇ ਕਮੇਟੀ ਦੇ ਮਾਲੀ ਹਾਲਾਤਾਂ ਬਾਰੇ ਵਾਇਟ ਪੇਪਰ ਜਾਰੀ ਕਰਨ ਦਾ ਵੀ ਦਾਅਵਾ ਕੀਤਾ। ਸਰਨਾ ਨੂੰ ਕਮੇਟੀ ਦੇ ਵਿਦਿਅਕ ਅਦਾਰਿਆਂ ਬਾਰੇ ਬੋਲਣ ਤੋਂ ਪਹਿਲਾ ਉਨ੍ਹਾਂ ਸਰਨਾ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ ਦੀ ਸਲਾਹ ਦਿੰਦੇ ਹੋਏ ਕਈ ਸਵਾਲ ਵੀ ਕੀਤੇ।
ਉਨ੍ਹਾਂ ਕਿਹਾ ਕਿ ਸਰਨਾ ਸਾਹਿਬ ਇਹ ਦੱਸਣ ਦੀ ਖੇਚਲ ਕਰਨਗੇ ਕਿ 27 ਫਰਵਰੀ 2013 ਨੂੰ ਜਦੋਂ ਉਹ ਆਪਣਾ ਕਾਰਜਕਾਲ ਛੱਡ ਕੇ ਗਏ ਸੀ ਤਾਂ ਕਿਤਨੇ ਵਿਦਿਅਕ ਅਦਾਰਿਆਂ ਅਤੇ ਸਕੂਲਾਂ ਦੀ ਮਾਨਤਾ ਰੱਦ ਸੀ ? ਕਮੇਟੀ ਅਤੇ ਸਕੂਲ ਸਟਾਫ ਨੂੰ ਕਿਤਨੇ ਮਹੀਨੇ ਦੀ ਤਣਖਾਹ ਦੇਣੀ ਬਾਕੀ ਸੀ? ਅਦਾਲਤ ਵਿੱਚ ਸਕੂਲ ਸਟਾਫ ਨੂੰ 6ਵੇਂ ਪੇ ਕਮਿਸ਼ਨ ਦੇ ਹਿਸਾਬ ਨਾਲ ਤਣਖਾਹ ਦੇਣ ਦਾ ਹੱਲਫਨਾਮਾ ਦੇਣ ਦੇ ਬਾਵਜੂਦ ਸਟਾਫ ਨੂੰ ਲਗਭਗ 110 ਕਰੋੜ ਰੁਪਏ ਜੋ ਕਿ ਉਨ੍ਹਾਂ ਦਾ ਬਣਦਾ ਹੱਕ ਸੀ, ਕਿਉਂ ਨਹੀਂ ਜਾਰੀ ਕੀਤਾ ਸੀ? ਉਨ੍ਹਾਂ ਸਰਨਾ ਨੂੰ ਆਪਣੇ ਕਾਰਜਕਾਲ ਦੀਆਂ ਐਫ.ਡੀ.ਆਰ ਦੇ ਨਾਲ ਹੀ ਕਮੇਟੀ ਦੇ ਸਿਰ ਛੱਡੀਆਂ ਗਈਆਂ ਕਰੋੜਾਂ ਰੁਪਏ ਦੀਆਂ ਦੇਣਦਾਰੀਆਂ ਨੂੰ ਵੀ ਜਨਤਕ ਕਰਨ ਦੀ ਵੀ ਚੁਨੌਤੀ ਦਿੱਤੀ ਹੈ।ਸ਼੍ਰੋਮਣੀ ਕਮੇਟੀ ਵੱਲੋਂ ਪੰਜ ਪਿਆਰਿਆਂ ਦੀ ਕੀਤੀ ਗਈ ਬਰਖਾਸਤਗੀ ਨੂੰ ਸਿਆਸੀ ਮੁੱਦਾ ਬਣਾਉਣ ਤੋਂ ਪਹਿਲਾ ਉਨ੍ਹਾਂ ਨੇ ਸਰਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਦਾ ਵੀ ਸੱਦਾ ਦਿੱਤਾ।

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply