Monday, July 8, 2024

ਨਗਰ ਕੀਰਤਨਾਂ ਵਿੱਚ ਸਕੂਲੀ ਬੱਚਿਆਂ ਦੀ ਸੁਰੱਖਿਆ ਤੇ ਸੰਗਤੀ ਅਨੁਸ਼ਾਸਨ ਦਿੱਲੀ ਕਮੇਟੀ ਦਾ ਮੁੱਖ ਟੀਚਾ

PPN1801201606

ਨਵੀਂ ਦਿੱਲੀ, 18 ਜਨਵਰੀ (ਅੰਮ੍ਰਿਤ ਲਾਲ ਮੰਨਣ) – ਨਗਰ ਕੀਰਤਨਾਂ ਦੌਰਾਨ ਸੰਗਤਾਂ ਨੂੰ ਅਨੁਸ਼ਾਸਨ ਵਿੱਚ ਰਹਿਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅਪੀਲ ਕੀਤੀ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਫ਼ਤਾ ਭਰ ਚਲੇ ਵੱਖ-ਵੱਖ ਸਮਾਗਮਾਂ ਦੇ ਸਮਾਪਤੀ ਦੀਵਾਨ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਜੀ.ਕੇ. ਨੇ ਇਸ ਸਬੰਧੀ ਆਪਣੇ ਮਨ ਦੇ ਦਰਦ ਨੂੰ ਸੰਗਤਾਂ ਨਾਲ ਸਾਂਝਾ ਕੀਤਾ। 10 ਜਨਵਰੀ 2016 ਨੂੰ ਕਮੇਟੀ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਸ਼ਿਵ ਨਗਰ ਤਕ 16 ਮੀਲ ਲੰਬੇ ਸਜਾਏ ਗਏ ਨਗਰ ਕੀਰਤਨ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਪਾਲਕੀ ਸਾਹਿਬ 3 ਘੰਟੇ ਦੇਰ ਨਾਲ ਪਹੁੰਚਣ ਦੀ ਜਾਣਕਾਰੀ ਸੰਗਤਾਂ ਨੂੰ ਦਿੱਤੀ।
ਜੀ.ਕੇ. ਨੇ ਕਿਹਾ ਕਿ ਨਗਰ ਕੀਰਤਨ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੋਂ ਬਾਅਦ ਪਾਲਕੀ ਸਾਹਿਬ ਨੂੰ ਅੱਗੇ ਚਲਾਉਣ ਦੇ ਨਤੀਜ਼ੇ ਗੁਰੂ ਨਾਨਕ ਦੇਵ ਜੀ ਦੀ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸਜਾਏ ਗਏ ਨਗਰ ਕੀਰਤਨਾਂ ਦੌਰਾਨ ਉਸਾਰੂ ਸਾਹਮਣੇ ਆਏ ਸੀ ਤੇ ਸ਼ਾਮ 8 ਵਜੇ ਤਕ ਪਾਲਕੀ ਸਾਹਿਬ ਆਪਣੇ ਨੀਅਤ ਸਥਾਨ ਤੇ ਪੁੱਜ ਗਈ ਸੀ। ਪਰ ਇਸ ਵਾਰ ਸੰਗਤਾਂ ਦੇ ਨਗਰ ਕੀਰਤਨ ਰੂਟ ਵਿੱਚ ਆਪਣੀ ਲਗਭਗ 250 ਨਿਜ਼ੀ ਗੱਡੀਆਂ ਪਾਲਕੀ ਸਾਹਿਬ ਤੋਂ ਅੱਗੇ ਮੇਨ ਰੋਡਾਂ ਦੇ ਵਿਚਾਲੇ ਤੋਂ ਆਉਂਦੇ ਰਸਤਿਆਂ ਤੋਂ ਟਾਫ਼ੀ ਵੰਡਣ ਦੇ ਨਾਂ ਤੇ ਵਾੜ ਕੇ ਸਾਰੇ ਅਨੁਸ਼ਾਸਨ ਨੂੰ ਭੰਗ ਕੀਤਾ ਹੈ।ਜੀ.ਕੇ. ਨੇ ਕਿਹਾ ਕਿ ਅਸੀਂ ਜਦੋਂ ਨਗਰ ਕੀਰਤਨ ਦੇ ਰੂਪ ਵਿੱਚ ਸ਼ਹਿਰ ਦੀਆਂ ਸੜਕਾਂ ਤੇ ਉਤਰਦੇ ਹਾਂ ਤਾਂ ਸਾਡੀ ਕਾਰਗੁਜਾਰੀ ਦੂਜੇ ਧਰਮਾਂ ਦੇ ਲੋਕਾਂ ਦੀ ਨਜ਼ਰਾਂ ਵਿਚ ਜਰੂਰ ਆਉਂਦੀ ਹੈ ਕਿਉਂਕਿ ਉਸ ਵੇਲੇ ਅਸੀਂ ਆਪਣੇ ਗੁਰੂ ਦੇ ਸਿਧਾਂਤ ਨੂੰ ਲੋਕਾਂ ਦੀ ਪਾਰਖੀ ਨਜ਼ਰ ਦੇ ਸਾਹਮਣੇ ਰੱਖ ਰਹੇ ਹੁੰਦੇ ਹਾਂ। ਨਗਰ ਕੀਰਤਨ ਰੂਟ ਵਿੱਚ ਪਟਾਕਿਆਂ ਦੀਆਂ ਲੜੀਆਂ ਚਲਾਉਣ ਵਾਲੇ ਪ੍ਰੇਮੀਆਂ ਨੂੰ ਸਾਵਧਾਨੀ ਵਰਤਣ ਦੀ ਹਦਾਇਤ ਦਿੰਦੇ ਹੋਏ ਜੀ.ਕੇ. ਨੇ ਇਸ ਨਗਰ ਕੀਰਤਨ ਦੌਰਾਨ ਪਟੇਲ ਨਗਰ ਵਿਖੇ ਵੱਡਾ ਹਾਦਸਾ ਪਟਾਕਿਆਂ ਕਰਕੇ ਹੋਣ ਤੋਂ ਬਚਣ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਘਟਨਾ ਦਾ ਵੇਰਵਾ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਪਟਾਕਿਆਂ ਦੀ ਆਵਾਜ ਤੋਂ ਪਰੇਸ਼ਾਨ ਹੋ ਕੇ ਇੱਕ ਅਵਾਰਾ ਸੰਢਾ ਤੇਜ਼ ਗਤੀ ਨਾਲ ਨਿਸ਼ਾਨਚੀ ਸਿੰਘਾਂ ਦੇ ਵਿਚੋਂ ਲੰਘਦਾ ਹੋਇਆ ਸੱਤ-ਅੱਠ ਬੰਦਿਆਂ ਨੂੰ ਫੱਟੜ ਕਰ ਗਿਆ, ਪਰ ਅੱਗੇ ਸੇਵਾਦਾਰਾਂ ਦੀ ਮੁਸਤੈਦੀ ਸਦਕਾ ਉਸ ਨੂੰ ਕਿਸੇ ਗਲੀ ਦੇ ਰਾਸਤੇ ਨਗਰ ਕੀਰਤਨ ਰੂਟ ਤੋਂ ਬਾਹਰ ਕੱਢ ਦਿੱਤਾ ਗਿਆ। ਜੀ.ਕੇ ਨੇ ਖਦਸ਼ਾ ਜਤਾਇਆ ਕਿ ਜੇਕਰ ਉਹ ਸੰਢਾ ਪਾਲਕੀ ਸਾਹਿਬ ਦੇ ਪਿੱਛੇ ਚਲ ਰਹੇ ਸਕੂਲੀ ਬੱਚਿਆਂ ਤੱਕ ਪੁੱਜ ਜਾਂਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
ਟਾਫੀਆਂ ਲੈ ਕੇ ਨਿਜ਼ੀ ਗੱਡੀਆਂ ਨੂੰ ਨਗਰ ਕੀਰਤਨ ਰੂਟ ਵਿੱਚ ਨਾ ਆਉਣ ਪਿੱਛੇ ਜੀ.ਕੇ ਨੇ ਅਨੁਸ਼ਾਸਨ ਨੂੰ ਕਾਇਮ ਰੱਖਣ ਅਤੇ ਕੌਮ ਦੀ ਉਸਾਰੂ ਛਵੀ ਨੂੰ ਬਰਕਰਾਰ ਰੱਖਣ ਵਾਸਤੇ ਜਰੂਰੀ ਦੱਸਿਆ। ਜੀ.ਕੇ ਨੇ ਸਾਫ਼ ਕੀਤਾ ਕਿ ਇਤਨੇ ਲੰਬੇ ਰੂਟ ਤੇ ਕਮੇਟੀ ਸੇਵਾਦਾਰਾਂ ਅਤੇ ਵਾਲੰਟਿਅਰਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਨੂੰ ਮੁਸਤੈਦੀ ਨਾਲ ਨਹੀਂ ਚਲਾ ਸਕਦੀ ਜਦੋਂ ਤਕ ਸੰਗਤਾਂ ਦਾ ਸਹਿਯੋਗ ਕਮੇਟੀ ਨੂੰ ਨਹੀਂ ਮਿਲਦਾ।ਜੀ.ਕੇ ਨੇ ਕਮੇਟੀ ਵੱਲੋਂ ਸਜਾਏ ਜਾਂਦੇ ਸਾਲਾਨਾ ਤਿੰਨ ਨਗਰ ਕੀਰਤਨਾਂ ਤੋਂ ਇਲਾਵਾ ਸਥਾਨਿਕ ਨਗਰ ਕੀਰਤਨਾਂ ਵਿਚ ਕਮੇਟੀ ਸਕੂਲਾਂ ਦੇ ਬੱਚਿਆਂ ਨੂੰ ਨਾ ਭੇਜਣ ਦਾ ਫੈਸਲਾ ਕਮੇਟੀ ਵੱਲੋਂ ਪੁਰਾਣੇ ਪ੍ਰਬੰਧਕਾਂ ਦੇ ਉਲਟ ਲੈੈਣ ਦੇ ਪਿੱਛੇ ਵੀ ਬੱਚਿਆਂ ਦੀ ਪੜਾਈ ਦਾ ਧਿਆਨ ਤੇ ਸੁਰੱਖਿਆ ਨੂੰ ਅਹਿਮ ਕਾਰਨ ਵੱਜੋਂ ਦੱਸਿਆ। ਜੀ.ਕੇ. ਨੇ ਜੋਰ ਦੇ ਕੇ ਕਿਹਾ ਕਿ ਜਿਹੜੇ ਲੋਕ ਨਗਰ ਕੀਰਤਨ ਵਿੱਚ ਅਨੁਸ਼ਾਸਨ ਭੰਗ ਕਰਦੇ ਹਨ ਉਨ੍ਹਾਂ ਨੂੰ ਘਟੋ-ਘਟ ਨਗਰ ਕੀਰਤਨ ਵਿੱਚ ਸ਼ਾਮਿਲ ਸਕੂਲੀ ਬੱਚਿਆਂ ਦੀ ਸੁਰੱਖਿਆਂ ਨੂੰ ਤਾਕ ਤੇ ਨਹੀਂ ਰੱਖਣਾ ਚਾਹੀਦਾ ਹੈ। ਜੀ.ਕੇ. ਨੇ ਸਵਾਲ ਕੀਤਾ ਕਿ ਅਸੀਂ ਖੁੱਦ ਤਾਂ ਕਿਤੇ ਨਗਰ ਕੀਰਤਨਾਂ ਨੂੰ ਮਨਜੂਰੀ ਦਿੰਦੇ ਸਰਕਾਰੀ ਅਧਿਕਾਰੀਆਂ ਨੂੰ ਇਸ ਨੂੰ ਰੋਕਣ ਦਾ ਸੱਦਾ ਦੇਣ ਵੱਲ ਤਾਂ ਆਪਣੀ ਗੈਰ ਅਨੁਸ਼ਾਸਨਿਕ ਸੋਚ ਨਾਲ ਨਹੀਂ ਤੁਰ ਪਏ ?

Check Also

ਗੁਰਜੀਤ ਔਜਲਾ ਨੇ ਤੀਜ਼ੀ ਵਾਰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕੀ

ਅੰਮ੍ਰਿਤਸਰ, 25 ਜੂਨ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਤੋਂ ਤੀਜੀ ਵਾਰ ਚੋਣ ਜਿੱਤ ਕੇ ਲੋਕ …

Leave a Reply