ਮੰਡੀ ਵਿੱਚ ਜਿਣਸ ਵੇਚਣ ਆਏ ਕਿਸਾਨਾਂ ਨੂੰ ਕੋਈ ਤੰਗੀ ਨਹੀ ਆਉਣ ਦਿੱਤੀ ਜਾਵੇਗੀ-ਕਮਿਸ਼ਨਰ ਜਲੰਧਰ ਡਵੀਜ਼ਨ
ਅੰਮ੍ਰਿਤਸਰ, 2 ਮਈ (ਸੁਖਬੀਰ ਸਿੰਘ)- ਸ੍ਰੀ ਆਰ.ਵੈਕਟਰਤਨਮ ਕਮਿਸ਼ਨਰ ਜਲੰਧਰ ਡਵੀਜ਼ਨ ਵਲੋ ਜਿਲੇ ਅੰਦਰ ਕਣਕ ਦੀ ਖਰੀਦ ਸਬੰਧੀ ਅਧਿਕਾਰੀਆਂ ਨਾਲ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਅਤੇ ਮੰਡੀਆਂ ਵਿਚ ਕਣਕ ਦੀ ਕੀਤੀ ਜਾ ਰਹੀ ਖਰੀਦ ਆਦਿ ਬਾਰੇ ਮੁਕੰਮਲ ਜਾਣਕਾਰੀ ਹਾਸਿਲ ਕੀਤੀ।ਇਸ ਮੌਕੇ ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਆਰ ਵੈਂਕਟਰਤਨਮ ਨੇ ਕਣਕ ਦੀ ਖ੍ਰੀਦ ਤੇ ਚੁਕਾਈ ਸਬੰਧੀ ਸਬੰਧਿਤ ਅਧਿਕਾਰੀਆਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਆੜਤੀਆਂ ਤੇ ਜਿਣਸ ਵੇਚਣ ਆਏ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀ ਹੋਣੀ ਚਾਹੀਦੀ ਹੈ। ਉਨਾਂ ਸਬੰਧਿਤ ਅਧਿਕਾਰੀਆਂ ਨੂੰ ਕਣਕ ਦੀ ਚੁਕਾਈ ਵਿਚ ਤੇਜੀ ਲਿਆਉਣ ਲਈ ਕਿਹਾ। ਮੀਟਿੰਗ ਤੋ ਉਪਰੰਤ ਉਨਾਂ ਕੁਝ ਮੰਡੀਆਂ ਦਾ ਦੌਰਾ ਵੀ ਕੀਤਾ ਅਤੇ ਕਣਕ ਨਾਲ ਭਰੇ ਗਏ ਤੋੜਿਆਂ ਦੇ ਤੋਲ ਦਾ ਨਿਰੀਖਣ ਕੀਤਾ।ਉਨਾਂ ਜੈਤੀਪੁਰ ਮੰਡੀ ਵਿਖੇ ਕਣਕ ਦੀ ਖ੍ਰੀਦ ਸਬੰਧੀ ਕਿਸਾਨਾਂ ਦੀਆਂ ਸ਼ਿਕਾਇਤਾਂ ਸੁਣੀਆਂ ਤੇ ਖ੍ਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਉਨਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਬਾਰਦਾਨੇ ਦੀ ਕੋਈ ਕਮੀ ਨਹੀਂ ਹੈ। ਜਿਣਸ ਦੇ ਸਟੋਰ ਕਰਨ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਆੜ੍ਹਤੀਆਂ ਦੀ ਸਹੂਲਤ ਲਈ ਲੇਬਰ ਅਤੇ ਟਰਾਂਸਪੋਰਟ ਦੇ ਭਾਅ ਨਿਸ਼ਚਿਤ ਕੀਤੇ ਜਾ ਚੁੱਕੇ ਹਨ। ਇਸ ਮੌਕੇ ਜ਼ਿਲਾ ਮੰਡੀ ਅਫ਼ਸਰ ਸ੍ਰੀ ਸੁਖਮਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲੇ ਅੰਦਰ ਅੱਜ ਤਕ ਤਕਰੀਬਨ 3 ਲੱਖ 60 ਹਜਾਰ ਮੀਟਰਕ ਟਨ ਕਣਕ ਦੀ ਆਮਦ ਹੋਈ ਹੈ , ਜਿਸ ਵਿਚੋਂ 3 ਲੱਖ 54 ਹਜਾਰ ਮੀਟਰਕ ਟਨ ਦੀ ਖਰੀਦ ਕੀਤੀ ਜਾ ਚੁੱਕੀ ਹੈ।ਪਿਛਲੇ ਸਾਲ ਦੇ ਮੁਕਾਬਲੇ ਹੁਣ ਤਕ 70 ਪ੍ਰਤੀਸ਼ਤ ਕਣਕ ਮੰਡੀਆਂ ਵਿਚ ਆ ਚੁੱਕੀ ਹੈ।ਉਨਾਂ ਦੱਸਿਆ ਕਿ 1 ਲੱਖ 35 ਹਜਾਰ ਮੀਟਰਕ ਟਨ ਕਣਕ ਦੀ ਚੁਕਾਈ ਹੋਣ ਵਾਲੀ ਹੈ। ਇਸ ਮੌਕੇ ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਐਸ.ਡੀ.ਐਮ ਅੰਮ੍ਰਿਤਸਰ-2, ਸ੍ਰੀ ਵਿਮਲ ਸੇਤੀਆ ਐਸ.ਡੀ.ਐਮ ਅਮ੍ਰਿੰਤਸਰ-1, ਸ੍ਰੀ ਰੋਹਿਤ ਗੁਪਤਾ ਐਸ.ਡੀ.ਐਮ ਬਾਬਾ ਬਕਾਲਾ, ਜ਼ਿਲਾ ਮੰਡੀ ਅਫ਼ਸਰ ਸ੍ਰੀ ਸੁਖਮਿੰਦਰ ਸਿੰਘ ਖਹਿਰਾ, ਸ੍ਰੀ ਤਰਵਿੰਦਰ ਸਿੰਘ ਚੌਪੜਾ ਡੀ.ਐਫ.ਐਸ.ਓ , ਆੜ੍ਹਤੀ ਤੇ ਕਿਸਾਨ ਆਦਿ ਹਾਜ਼ਰ ਸਨ।