Monday, July 1, 2024

ਗ਼ਰੀਬਾਂ ਲਈ ਵਰਦਾਨ ਸਿੱਧ ਹੋ ਰਹੀਆਂ ਹਨ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ-ਰਣੀਕੇ

ਸ਼ਗਨ ਸਕੀਮ ਦੇ 774 ਲਾਭਪਾਤਰੀਆਂ ਨੂੰ 1 ਕਰੋੜ 16 ਲੱਖ ਦੇ ਚੈੱਕ ਵੰਡੇ

PPN2802201605ਅੰਮ੍ਰਿਤਸਰ, 28 ਫਰਵਰੀ (ਜਗਦੀਪ ਸਿੰਘ ਸੱਗੂ) – ਸੂਬਾ ਸਰਕਾਰ ਸਮਾਜ ਦੇ ਗ਼ਰੀਬ ਅਤੇ ਪੱਛੜੇ ਤਬਕੇ ਦੇ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਭਲਾਈ ਸਕੀਮਾਂ ਵਰਦਾਨ ਸਿੱਧ ਹੋ ਰਹੀਆਂ ਹਨ। ਇਹ ਪ੍ਰਗਟਾਵਾ ਭਲਾਈ ਮੰਤਰੀ ਪੰਜਾਬ ਸ. ਗੁਲਜ਼ਾਰ ਸਿੰਘ ਰਣੀਕੇ ਨੇ ਅੱਜ ਡਾ. ਬੀ. ਆਰ ਅੰਬੇਦਕਰ ਭਵਨ, ਤਹਿਸੀਲਪੁਰਾ ਵਿਖੇ ਸ਼ਗਨ ਸਕੀਮ ਦੇ ਲਾਭਪਾਤਰੀਆਂ ਲਈ ਕਰਵਾਏ ਜ਼ਿਲ੍ਹਾ ਪੱਧਰੀ ਚੈੱਕ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੇ 774 ਲਾਭਪਾਤਰੀਆਂ ਨੂੰ ਦਸੰਬਰ ਮਹੀਨੇ ਦੇ 1 ਕਰੋੜ 16 ਲੱਖ 10 ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ।ਇਸ ਮੌਕੇ ਛੂਆ-ਛਾਤ ਵਿਸ਼ੇ ‘ਤੇ ਇਕ ਪ੍ਰਭਾਵਸ਼ਾਲੀ ਸੈਮੀਨਾਰ ਵੀ ਕਰਵਾਇਆ ਗਿਆ।
ਸ. ਰਣੀਕੇ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਲਈ ਸ਼ੁਰੂ ਕੀਤੀ ਗਈ ਸ਼ਗਨ ਸਕੀਮ ਇਕ ਵਿਲੱਖਣ ਸਕੀਮ ਹੈ, ਜਿਸ ਤਹਿਤ ਉਨ੍ਹਾਂ ਦੇ ਵਿਆਹ ਮੌਕੇ 15000 ਰੁਪਏ ਸ਼ਗਨ ਵਜੋਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ, ਪੱਛੜੀਆਂ ਸ਼੍ਰੇਣੀਆਂ ਜਾਂ ਕਿਸੇ ਵੀ ਜਾਤੀ ਦੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰ, ਜਿਨ੍ਹਾਂ ਦੀ ਸਾਲਾਨਾ ਆਮਦਨ 32790 ਰੁਪਏ ਤੋਂ ਘੱਟ ਹੋਵੇ, ਲੜਕੀ ਦੇ ਵਿਆਹ ਤੋਂ ਇਕ ਮਹੀਨਾ ਪਹਿਲਾਂ ਤੇ ਇਕ ਮਹੀਨਾ ਬਾਅਦ ਤੱਕ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਸਕੀਮ ਤਹਿਤ ਅਦਾਇਗੀ ਆਨਲਾਈਨ ਕੀਤੀ ਜਾਂਦੀ ਸੀ, ਜਿਸ ਨਾਲ ਲੋਕਾਂ ਦੀ ਖੱਜਲ-ਖੁਆਰੀ ਹੁੰਦੀ ਸੀ। ਇਸ ਲਈ ਹੁਣ ਸੂਬਾ ਸਰਕਾਰ ਨੇ ਪੈਨਸ਼ਨਾਂ ਦੇ ਨਾਲ-ਨਾਲ ਸ਼ਗਨ ਸਕੀਮ ਤਹਿਤ ਮਿਲਣ ਵਾਲੀ ਵਿੱਤੀ ਸਹਾਇਤਾ ਵੀ ਪੰਚਾਇਤਾਂ ਦੀ ਸ਼ਨਾਖ਼ਤ ਤੇ ਪੰਚਾਇਤਾਂ ਦੇ ਮਾਰਫ਼ਤ ਹੀ ਲਾਭਪਾਤਰੀਆਂ ਤੱਕ ਪੁੱਜਦੀ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਇਕ ਤਾਂ ਪੰਚਾਇਤੀ ਰਾਜ ਸੰਸਥਾਵਾਂ ਦੀ ਲੋਕਰਾਜ ਵਿਚ ਭਾਗੀਦਾਰੀ ਮਜ਼ਬੂਤ ਹੋਵੇਗੀ, ਇਸ ਦੇ ਨਾਲ ਹੀ ਲਾਭਪਾਤਰੀਆਂ ਨੂੰ ਸਿੱਧੇ ਰਾਸ਼ੀ ਮਿਲਣ ਲੱਗੇਗੀ ਜਿਸ ਨਾਲ ਉਹ ਖੱਜਲ-ਖੁਆਰੀ ਤੋਂ ਬਚ ਸਕਣਗੇ। ਸ. ਰਣੀਕੇ ਨੇ ਇਸ ਮੌਕੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਇਕ ਲੋਕ ਭਲਾਈ ਦਾ ਕੰਮ ਹੈ ਅਤੇ ਇਸ ਕੰਮ ਨੂੰ ਸੇਵਾ ਸਮਝ ਕੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਲਾਭਪਾਤਰੀ ਇਕ ਹਫ਼ਤਾ ਦੇਰੀ ਨਾਲ ਵੀ ਆਉਂਦਾ ਹੈ ਤਾਂ ਉਸ ਨੂੰ ਮੋੜਿਆ ਨਾ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਕੋਈ ਵੀ ਲੋੜਵੰਦ ਇਸ ਸਕੀਮ ਦੇ ਲਾਭ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਸ. ਰਣੀਕੇ ਨੇ ਦੱਸਿਆ ਕਿ ਇਸ ਸਕੀਮ ਦੇ ਜਨਵਰੀ ਦੀ ਰਾਸ਼ੀ ਵੀ ਆ ਚੁੱਕੀ ਹੈ, ਜੋ ਕਿ ਮੰਗ ਦੇ ਅਨੁਸਾਰ ਜਲਦ ਵੰਡ ਦਿੱਤੀ ਜਾਵੇਗੀ। ਸ. ਰਣੀਕੇ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਅਨੁਸੂਚਿਤ ਜਾਤੀ ਨਾਲ ਸਬੰਧਤ ਵਿਦਿਆਰਥੀਆਂ ਨੂੰ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ 30 ਮਾਰਚ ਤੱਕ ਕਿਤਾਬਾਂ ਦੀ ਮੁਫ਼ਤ ਵੰਡ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 8 ਬਲਾਕਾਂ ਵਿਚ ਵਿਦਿਆਰਥੀਆਂ ਨੂੰ ਕਿਤਾਬਾਂ ਵੰਡੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਪੱਤਰਕਾਰਾਂ ਵੱਲੋਂ ਆਮ ਆਦਮੀ ਪਾਰਟੀ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਸ. ਰਣੀਕੇ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ‘ਆਪ’ ਦੇ ਆਗੂਆਂ ਦੀਆਂ ਚਾਲਾਂ ਵਿਚ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਦਾ ਅਸਲੀ ਹਮਦਰਦ ਕੌਣ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਇਆ ਸੂਬੇ ਦਾ ਵਿਕਾਸ ਅੱਜ ਮੂੰਹੋਂ ਬੋਲਦਾ ਹੈ ਜਦਕਿ ਸ੍ਰੀ ਕੇਜਰੀਵਾਲ ਨੇ ਦਿੱਲੀ ਵਿਚ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਉਥੇ ਲੋਕ ਪਾਣੀ ਖੁਣੋਂ ਤ੍ਰਾਹ-ਤ੍ਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੰਜਾਬ ਦਾ ਕੀ ਸੰਵਾਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਹ ‘ਆਮ ਆਦਮੀ’ ਦੀ ਵਿਆਖਿਆ ਕਰਨ, ਕਿਉਂਕਿ ਆਮ ਆਦਮੀ ਤਾਂ ਮਜ਼ਦੂਰ ਅਤੇ ਗ਼ਰੀਬ ਹੁੰਦਾ ਹੈ ਪਰੰਤੂ ‘ਆਪ’ ਤਾਂ ਰੱਜੇ-ਪੁੱਜੇ ਅਤੇ ਨਾਮੀਂ ਲੋਕਾਂ ਦਾ ਜਮਾਵੜਾ ਹੈ।
ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀ ਸੰਜੀਵ ਮੰਨਣ ਨੇ ਇਸ ਮੌਕੇ ਭਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਤੇ ਛੂਆ-ਛਾਤ ਸਬੰਧੀ ਕਾਨੂੰਨਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਮੌਕੇ ਬੈਕਫਿੰਕੋ ਦੇ ਡਾਇਰੈਕਟਰ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸ. ਪਵਨਦੀਪ ਸਿੰਘ ਤੋਂ ਇਲਾਵਾ ਭਲਾਈ ਵਿਭਾਗ ਦੇ ਅਧਿਕਾਰੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਸਟੇਜ ਦੀ ਕਾਰਵਾਈ ਸ. ਆਰ ਐਸ ਚੱਠਾ ਨੇ ਬਾਖੂਬੀ ਨਿਭਾਈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply