ਜਿਲਾ ਲੋਕ ਸੰਪਰਕ ਅਤੇ ਸੂਚਨਾ ਅਫਸਰ ਸ਼ੇਰਜੰਗ ਸਿੰਘ ਹੁੰਦਲ ਮੁੱਖ ਮਹਿਮਾਨ ਵਜੋ ਹੋਏ ਹਾਜ਼ਿਰ
ਜੰਡਿਆਲਾ ਗੁਰੂ, 3 ਮਈ (ਹਰਿੰਦਰਪਾਲ ਸਿੰਘ)- ਸੋਸ਼ਲ ਐਜੁਕੇਸ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਸ਼ਵ ਪ੍ਰੈਸ ਆਜਾਦੀ ਦਿਵਸ ਦੀ 21ਵੀ ਵਰੇਗੰਢ ਬੜੀ ਹੀ ਧੂਮਧਾਮ ਨਾਲ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਵਿਖੇ ਮਨਾਈ ਗਈ। ਜਿਲਾ ਲੋਕ ਸੰਪਰਕ ਅਤੇ ਸੂਚਨਾ ਵਿਭਾਗ ਅਫਸਰ ਸ੍ਰ: ਸ਼ੇਰਜੰਗ ਸਿੰਘ ਹੁੰਦਲ ਮੁੱਖ ਮਹਿਮਾਨ ਵਜੋ ਹਾਜ਼ਿਰ ਹੋਏ। ਪ੍ਰੋਗਰਾਮ ਦਾ ਆਰੰਭ ਮੁੱਖ ਮਹਿਮਾਨ ਅਤੇ ਸੇਵਾ ਦੇ ਪ੍ਰਧਾਨ ਸ੍ਰ: ਜਗਬੀਰ ਸਿੰਘ ਅਤੇ ਸ੍ਰ: ਸ਼ੇਰਜੰਗ ਸਿੰਘ ਡੀ. ਪੀ. ਆਰ. ਓ. ਅੰਮ੍ਰਿਤਸਰ ਵਲੋਂ ਸ਼ਮਾਂ ਰੋਸ਼ਨ ਕਰਕੇ ਕੀਤਾ ਗਿਆ। ਪ੍ਰਧਾਨ ਜਗਬੀਰ ਸਿੰਘ ਜੀ ਨੇ ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਕਿਹਾ ਕਿ ਪ੍ਰੈਸ ਨੂੰ ਭਾਰਤ ਦੇ ਲੋਕਤੰਤਰ ਦਾ ਚੋਥਾ ਥੰਮ ਮੰਨਿਆ ਜਾਂਦਾ ਹੈ, ਜਿਸ ਦੇ ਵਿੱਚ ਪੱਤਰਕਾਰਿਤਾ ਦੀ ਆਪਣੀ ਇਕ ਅਹਮ ਜਗਾ ਹੈ। ਜਿਸਦੇ ਸਦਕਾ ਹੀ ਦੇਸ਼ ਵਿਦੇਸ਼ ਵਿਚ ਹੋਣ ਵਾਲੀਆਂ ਹਲਚਲਾਂ ਬਾਰੇ ਆਮ ਜਨਤਾ ਨੂੰ ਬੜੀ ਹੀ ਆਸਾਨੀ ਨਾਲ ਪਤਾ ਚਲਦਾ ਹੈ ਅਤੇ ਲੋਕ ਅਪਣੇ ਹੱਕਾ ਪ੍ਰਤੀ ਜਾਗਰੂਕ ਹੁੰਦੇ ਹਨ। ਇਸ ਕਰਕੇ ਖਬਰਾਂ ਇੱਕਠਾ ਕਰਨ ਵਾਲੇ ਪੱਤਰਕਾਰਾਂ ਦੀ ਮਿਹਨਤ ਨੂੰ ਅਣਗੋਲਿਆ ਨਹੀਂ ਕੀਤਾ ਜਾ ਸਕਦਾ।
ਇਸ ਕਰਕੇ ਵਿਸ਼ਵ ਪ੍ਰੈਸ ਅਜਾਦੀ ਦਿਵਸ ਦੇ ਇਸ ਮੋਕੇ ‘ਤੇ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਜਿਸਦੇ ਵਿੱਚ ਲਾਈਫ ਟਾਈਮ ਐਵਾਰਡ ਡਾ. ਜੋਗਿੰਦਰ ਸਿੰਘ ਕੈਰੋਂ ਸ਼ਿਲਾਲੇਖ, ਸਟਾਰ ਆੱਫ ਪੰਜਾਬੀ ਪੱਤਰਕਾਰਿਤਾ ਐਵਾਰਡ ਸ੍ਰ: ਵਰਿੰਦਰ ਸਿੰਘ ਮਲਹੋਤਰਾ ਪ੍ਰਧਾਨ ਜੰਡਿਆਲਾ ਪ੍ਰੈਸ ਕਲੱਬ, ਸਟਾਰ ਆੱਫ ਅੰਗਰੇਜੀ ਪੱਤਰਕਾਰਿਤਾ ਰਵਿੰਦਰ ਸਿੰਘ ਰੋਬਿਨ ਏ. ਐਨ. ਆਈ ਏਜੰਸੀ ਨੂੰ ਦੇ ਕੇ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਨਾਲ ਹੀ ਪੱਤਰਕਾਰਾਂ ਵਲੋਂ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਵਿਦਿਆਰਥੀਆਂ ਨਾਲ ਪੱਤਰਕਾਰਿਤਾ ਦੇ ਬਾਰੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਵਲੋਂ ਸਕਿਟ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਪ੍ਰੋਗਰਾਮ ਦੇ ਅੰਤ ਵਿਚ ਸਾਰੇ ਪੱਤਰਕਾਰਾਂ ਨੂੰ ਸੁਚਾਰੂ ਅਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਸੋਂਹ ਚੁੱਕ ਕੇ ਪ੍ਰੋਗਰਾਮ ਦਾ ਅੰਤ ਕੀਤਾ ਗਿਆ। ਸਮਾਗਮ ਵਿੱਚ ਪੱਤਰਕਾਰ ਰਣਜੀਤ ਸਿੰਘ ਜੋਸਨ, ਦਿਨੇਸ਼ ਬਜਾਜ, ਅੰਮ੍ਰਿਤਪਾਲ ਸਿੰਘ, ਹਰੀਸ਼ ਕੱਕੜ, ਵਰੁਣ ਸੋਨੀ, ਮੈਡਮ ਮੀਨਾਕਸ਼ੀ ਸ਼ਰਮਾ, ਸੁਖਚੈਨ ਸਿੰਘ, ਪੰਜਾਬ ਪੋਸਟ ਤੋਂ ਹਰਿੰਦਰਪਾਲ ਸਿੰਘ ਤੇ ਸਿਕੰਦਰ ਸਿੰਘ ਖਾਲਸਾ, ਨਰਿੰਦਰ ਸੂਰੀ, ਗੁਲਸ਼ਨ ਵਿਨਾਇਕ, ਸਿਮਰਤਪਾਲ ਸਿੰਘ, ਰਾਮਸ਼ਰਨ ਸਿੰਘ, ਕੁਲਜੀਤ ਸਿੰਘ, ਕੀਮਤੀ ਜੈਨ, ਜਸਪਾਲ ਸ਼ਰਮਾ, ਜਗਮੋਹਨ ਸੇਠੀ, ਦਿਆਲ ਚੰਦ ਬਿੱਲਾ, ਅਸ਼ਵਨੀ ਸ਼ਰਮਾ, ਬਲਵਿੰਦਰ ਸਿੰਘ, ਰਾਜੀਵ ਮਲਹੋਤਰਾ, ਰਾਕੇਸ਼ ਸੂਰੀ ਸਮੇਤ ਅੰਮ੍ਰਿਤਸਰ ਤੋਂ ਵੀ ਪੱਤਰਕਾਰ ਭਾਈਚਾਰਾ ਪਹੁੰਚਿਆ ਹੋਇਆ ਸੀ।