Friday, July 5, 2024

ਪੈਂਚਾਵਾਲੀ ਦੀ ਸਰਪੰਚ ਤੇ ਉਸ ਦੇ ਪਤੀ ‘ਤੇ ਲੱਖਾਂ ਦੇ ਗ਼ਬਨ ਦੇ ਦੋਸ਼

PPN150516

ਫ਼ਾਜ਼ਿਲਕਾ, 15 ਮਈ (ਵਿਨੀਤ ਅਰੋੜਾ)-ਫ਼ਾਜ਼ਿਲਕਾ ਦੇ ਨੇੜਲੇ ਪਿੰਡ ਪੈਂਚਾਵਾਲੀ ਦੇ ਮੌਜੂਦਾ ਪੰਚਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੀ ਸਰਪੰਚ, ਉਸ ਦੇ ਪਤੀ ਅਤੇ ਚੰਦਰ ਭਾਨ ਪੰਚਾਇਤ ਸਕੱਤਰ ਵਿਰੁੱਧ ਲੱਖਾਂ ਰੁਪਏ ਦੀ ਰਾਸ਼ੀ ਦੇ ਗ਼ਬਨ ਕਰਨ ਦੇ ਦੋਸ਼ ਲਗਾਏ ਹਨ। ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਨੂੰ ਦਿੱਤੇ ਆਪਣੇ ਮੰਗ ਪੱਤਰ ਵਿਚ ਪਿੰਡ ਦੀ ਪੰਚ ਪਰਮਜੀਤ ਕੌਰ, ਪੰਚ ਕੁਲਦੀਪ ਸਿੰਘ, ਹੰਸ ਰਾਜ, ਦੇਸ ਰਾਜ, ਲੇਖ ਰਾਜ ਪ੍ਰਧਾਨ ਯੂਥ ਯੂਥ ਕਲੱਬ, ਰਾਕੇਸ਼ ਕੁਮਾਰ, ਜਤਿੰਦਰ ਕੁਮਾਰ, ਮੋਹਨ ਲਾਲ, ਸ਼ਾਮ ਲਾਲ, ਸੁਭਾਸ਼ ਚੰਦਰ, ਬਲਵਿੰਦਰ ਸਿੰਘ, ਗੁਰਮੀਤ ਸਿੰਘ, ਰਾਮ ਚੰਦ, ਚੌਧਰੀ ਪੁੰਨੂੰ ਰਾਮ, ਮਲਕੀਤ ਸਿੰਘ, ਭਗਵਾਨ ਦਾਸ, ਸੰਦੀਪ ਸਿੰਘ, ਭਰਾਵਾਂ ਬਾਈ, ਰੀਨਾ ਰਾਣੀ, ਸੀਮਾ ਰਾਣੀ, ਰਾਜ ਕੁਮਾਰ, ਗੁੱਰਾਂ ਦਿੱਤਾ, ਝੰਡਾ ਰਾਮ, ਪੂਰਨ ਚੰਦ, ਮਨਜੀਤ ਸਿੰਘ, ਅਮਨਦੀਪ ਕੌਰ, ਸੀਮਾ ਰਾਣੀ ਆਦਿ ਨੇ ਕਿਹਾ ਹੈ ਕਿ ਪਿੰਡ ਦੀ ਸਰਪੰਚ ਸੰਤੋਸ਼ ਰਾਣੀ ਨੇ ਜਦੋਂ ਪੁਰਾਣੀ ਪੰਚਾਇਤ ਪਾਸੋਂ ਚਾਰਜ ਲਿਆ ਸੀ ਤਾਂ ਉਸ ਸਮੇਂ ਬੈਂਕ ਵਿਚ 4 ਲੱਖ 619 ਰੁਪਏ ਬਕਾਇਆ ਸਨ, ਉਸ ਤੋਂ ਬਾਅਦ ਪਿੰਡ ਦੀ ਵਾਹੀ ਯੋਗ ਜ਼ਮੀਨ ਨੂੰ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੁੱਲ੍ਹੀ ਬੋਲੀ ਰਾਹੀ ਠੇਕੇ ‘ਤੇ ਚੜ੍ਹਾਇਆ ਗਿਆ, ਇਸ ਤਰ੍ਹਾਂ ਪੰਚਾਇਤੀ ਜ਼ਮੀਨ ਦੀ ਬੋਲੀ ਰਾਹੀ ਪੰਚਾਇਤ ਨੂੰ ਲਗਭਗ 12 ਲੱਖ ਤੋਂ ਵੱਧ ਦੀ ਆਮਦਨ ਹੋਈ। ਇਸ ਤੋਂ ਬਾਅਦ ਸਰਪੰਚ ਸੰਤੋਸ਼ ਰਾਣੀ, ਉਸ ਦੇ ਪਤੀ ਹਰਬੰਸ ਲਾਲ ਨੇ ਪਿੰਡ ਦੇ ਪੰਚਾਇਤ ਸਕੱਤਰ ਚੰਦਰ ਭਾਨ ਨਾਲ ਮਿਲ ਕੇ ਪੰਚਾਇਤ ਦੀ ਇਹ ਲੱਖਾਂ ਰੁਪਏ ਦੀ ਰਕਮ ਦਾ ਗ਼ਬਨ ਕੀਤਾ ਹੈ। ਜਦੋਂਕਿ 1 ਸਾਲ ਦੇ ਕਰੀਬ ਇਹ ਨਵੀਂ ਪੰਚਾਇਤ ਬਣਿਆ ਹੋ ਗਿਆ ਹੈ, ਪਿੰਡ ਵਿਚ ਵਿਕਾਸ ਦੇ ਨਾਂਅ ‘ਤੇ ਇਕ ਵੀ ਇੱਟ ਨਹੀ ਲੱਗੀ। ਮਹਿਲਾ ਪੰਚ ਪਰਮਜੀਤ ਕੌਰ ਦੇ ਪਤੀ ਹੰਸ ਰਾਜ ਨੇ ਦੱਸਿਆ ਕਿ ਹੁਣ ਜਦੋਂ ਅਸੀਂ ਸਰਪੰਚ ਤੋਂ ਇਸ ਬਾਰੇ ਪੁੱਛਦੇ ਹਾਂ ਤਾਂ ਉਸ ਦਾ ਪਤੀ ਹਰਬੰਸ ਲਾਲ ਸਾਨੂੰ ਗਾਲ਼ੀ ਗਲੋਚ ਕਰਕੇ ਧਮਕਾ ਰਿਹਾ ਹੈ। ਜਦੋਂ ਇਸ ਸਾਰੇ ਮਾਮਲੇ ਸਬੰਧੀ ਪਿੰਡ ਦੀ ਸਰਪੰਚ ਸੰਤੋਸ਼ ਰਾਣੀ ਦੇ ਪਤੀ ਹਰਬੰਸ ਲਾਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਜ਼ਮੀਨ ਠੇਕੇ ‘ਤੇ ਲਈ ਹੈ, ਉਨ੍ਹਾਂ ਪੰਚਾਇਤ ਦੇ ਨਾਂਅ ‘ਤੇ ਚੈ ੱਕ ਦਿੱਤੇ ਹਨ, ਇਸ ਤਰ੍ਹਾਂ ਪੰਚਾਇਤ ਦੇ ਪੈਸਿਆਂ ਨੂੰ ਖ਼ੁਰਦ ਬੁਰਦ ਨਹੀਂ ਕੀਤਾ ਜਾ ਸਕਦਾ, ਪੰਚਾਇਤੀ ਚੋਣਾਂ ਦੀ ਧੜੇਬੰਦੀ ਕਾਰਨ ਸਾਡੇ ‘ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਇਸ ਮਾਮਲੇ ਸਬੰਧੀ ਪੰਚਾਇਤ ਸਕੱਤਰ ਚੰਦਰ ਭਾਨ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੰਚਾਇਤੀ ਪੈਸਿਆਂ ਦੀ ਕੋਈ ਦੁਰਵਰਤੋਂ ਨਹੀਂ ਹੋਈ, ਸਾਰੇ ਪੈਸੇ ਬੈਂਕ ਵਿਚ ਜਮ੍ਹਾਂ ਹਨ, ਪਿੰਡ ਵਿਚ ਸਿਆਸੀ ਧੜੇਬੰਦੀ ਕਾਰਨ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply