ਆਮ ਆਦਮੀ ਪਾਰਟੀ ਤੀਜੇ ਅਤੇ ਬਸਪਾ ਛੇਵੇਂ ਸਥਾਨ ਤੇ ਰਹੀ
ਅੰਮ੍ਰਿਤਸਰ, 16 ਮਈ ( ਪੰਜਾਬ ਪੋਸਟ ਬਿਊਰੋ)- ਅੰਮ੍ਰਿਤਸਰ ਸੰਸਦੀ ਸੀਟ ਤੋ ਕਾਂਗਰਸ ਦੇ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਭਾਜਪਾ ਦੇ ਸੀਨੀਅਰ ਨੇਤਾ ਤੇ ਮੈਂਬਰ ਰਾਜ ਸਭਾ ਨੂੰ 102770 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਇਸ ਵੱਕਾਰੀ ਸੀਟ ‘ਤੇ ਕਬਜ਼ਾ ਕਰ ਲਿਆ ਹੈ । ਕੈਪਟਨ ਅਮਰਿੰਦਰ ਸਿੰਘ ਨੇ ਕੁੱਲ 482876 ਵੋਟਾਂ ਹਾਸਲ ਕੀਤੀਆਂ ਜਦਕਿ ਅਰੁਣ ਜੇਤਲੀ ਨੂੰ 380106 ਵੋਟਾਂ ਹਾਸਲ ਹੋਈਆਂ ਜਦਕਿ ਪਹਿਲੀ ਵਾਰ ਪੰਜਾਬ ਵਿੱਚ ਨਿੱਤਰੀ ਆਮ ਆਦਮੀ ਪਾਰਟੀ ਦੇ ਡਾ. ਦਲਜੀਤ ਸਿੰਘ 82633 ਵੋਟਾਂ ਪ੍ਰਾਪਤ ਕਰਕੇ ਤੀਸਰੇ ਸਥਾਨ ‘ਤੇ ਰਹੇ। ਇਸੇ ਸੀਟ ਤੋਂ ਸੀ.ਪੀ.ਆਈ ਦੇ ਕਾਮਰੇਡ ਅਮਰਜੀਤ ਸਿੰਘ ਆਸਲ ਨੂੰ 12902, ਅਜਾਦ ਅਰੁਣ ਕੁਮਾਰ ਜੋਸ਼ੀ ਨੂੰ 9023 ਅਤੇ ਬਹੁਜਨ ਸਮਾਜ ਪਾਰਟੀ ਦੇ ਪਰਦੀਪ ਸਿੰਘ ਵਾਲੀਆ ਨੂੰ 5870 ਵੋਟਾਂ ਨਾਲ ਛੇਵੇਂ ਸਥਾਨ ‘ਤੇ ਸਬਰ ਕਰਨਾ ਪਿਆ।ਅੰਮ੍ਰਿਤਸਰ ਸੰਸਦੀ ਸੀਟ ਤੋਂ ਕੁੱਲ 23 ਉਮੀਦਵਾਰ ਮੈਦਾਨ ਵਿੱਚ ਸਨ । ਇਸ ਵਾਰ ਨੋਟਾ ਦੇ ਬਟਨ ਦੀ ਵਰਤੋਂ ਕਰਦਿਆਂ 2533 ਵੋਟਰਾਂ ਨੇ ਸਾਰੇ ਉਮੀਦਵਾਰਾਂ ਨੂੰ ਨਕਾਰ ਦਿੱਤਾ।