ਕੇਸ ਨੂੰ ਖਾਰਜ ਕਰਨ ਦੀ ਦਰਖਾਸਤ ਨੂੰ ਕੀਤਾ ਰੱਦ
ਬਠਿੰਡਾ, 21 ਮਈ (ਜਸਵਿੰਦਰ ਸਿੰਘ ਜੱਸੀ)- ਸਥਾਨਕ ਚੀਫ਼ ਜ਼ੁਡੀਸ਼ੀਅਲ ਮੈਜਿਸਟਰੇਟ ਮਾਨਯੋਗ ਰਮਨ ਕੁਮਾਰ ਨੇ ਡੇਰਾ ਸਿਰਸਾ ਸਾਧ ਵਿਰੁੱਧ ਸਿੱਖ ਭਾਈਚਾਰੇ ਦੀ ਧਾਰਮਿਕ ਸ਼ਰਧਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਚੱਲ ਰਹੇ ਕੇਸ ਨੂੰ ਖਾਰਜ ਕਰਨ ਦੀ ਦਰਖਾਸਤ ਨੂੰ ਰੱਦ ਕਰਦਿਆਂ ਉਸ ਨੂੰ 8 ਅਗਸਤ 2014 ਨੂੰ ਨਿੱਜੀ ਤੌਰ ‘ਤੇ ਅਦਾਲਤ ਵਿਚ ਹਾਜ਼ਰ ਹੋਣ ਲਈ ਆਦੇਸ਼ ਦਿੱਤੇ ਹਨ। ਇਥੇ ਜ਼ਿਕਰਯੋਗ ਹੈ ਕਿ ਸਥਾਨਕ ਕੋਤਵਾਲੀ ਪੁਲਿਸ ਨੇ ਗੁਰਦੁਆਰਾ ਸਿੰਘ ਸਭਾ ਖਾਲਸਾ ਦੀਵਾਨ ਦੇ ਪ੍ਰਧਾਨ ਰਜਿੰਦਰ ਸਿੰਘ ਸਿੱਧੂ ਦੀ ਸ਼ਿਕਾਇਤ ‘ਤੇ ਡੇਰਾ ਸਿਰਸਾ ਮੁੱਖੀ ਵਿਰੁੱਧ ਮੁਕੱਦਮਾ ਨੰਬਰ 262, ਮਿਤੀ 20 ਮਈ 2007 ਅਧੀਨ ਧਾਰਾ 295-ਏ, 298 ਅਤੇ 153-ਏ ਹਿੰਦ ਦੰਡਾਵਲੀ ਅਧੀਨ ਕੇਸ ਦਰਜ ਕੀਤਾ ਸੀ। ਡੇਰਾ ਮੁੱਖੀ ‘ਤੇ ਦੋਸ਼ ਸੀ ਕਿ ਉਸ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਸਲਾਬਤਪੁਰਾ ਵਿਖੇ ਆਪਣੇ ਡੇਰੇ ਵਿਚ ਦਸਵੇਂ ਸਿੱਖ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰੰਪਰਾਗਤ ਪਹਿਰਾਵਾ ਵਰਗੇ ਪਹਿਰਾਵੇ ਨੂੰ ਪਹਿਨ ਕੇ ਅਤੇ ਸਿਰ ‘ਤੇ ਕਲਗੀ ਲਾ ਕੇ ਗੁਰੂ ਰੂਪ ਵਿਚ ਆਪਣੇ ਸ਼ਰਧਾਲੂਆਂ ਨੂੰ ਜਾਮੇ ਇੰਸਾਂ ਪਿਲਾ ਕੇ ਉਨ੍ਹਾਂ ਲਈ ਧਾਰਮਿਕ ਮਰਯਾਦਾ ਤੈਅ ਕਰਕੇ ਇਸ ‘ਤੇ ਅਮਲ ਕਰਨ ਦਾ ਆਦੇਸ਼ ਦਿੱਤਾ ਸੀ।
ਇਸ ਘਟਨਾ ਕਾਰਨ ਸਮੁੱਚੇ ਸਿੱਖ ਭਾਈਚਾਰੇ ਵਿਚ ਤਿੱਖਾ ਪ੍ਰਤੀਕਰਮ ਹੋਇਆ ਸੀ। ਮਾਲਵੇ ਇਲਾਕੇ ਵਿਚ ਹਿੰਸਕ ਅਤੇ ਤੋੜ ਫੋੜ ਦੀਆਂ ਘਟਨਾਵਾਂ ਹੋਈਆਂ ਸਨ ਅਤੇ ਸਮੁੱਚੇ ਇਲਾਕੇ ਵਿਚ ਤਣਾਓ ਭਰੇ ਮਾਹੌਲ ਵਿਚ ਕਈ ਵਿਅਕਤੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋਏ ਸਨ। ਇਥੋਂ ਤੱਕ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ੫ ਸਿੱਖ ਸਾਹਿਬਾਨ ਨੇ ਸਿੱਖ ਭਾਈਚਾਰੇ ਨੂੰ ਡੇਰਾ ਸਿਰਸਾ ਮੁੱਖੀ ਦੇ ਸਮਾਜਿਕ ਬਾਈਕਾਟ ਦਾ ਆਦੇਸ਼ ਵੀ ਦਿੱਤਾ ਸੀ । ਲੇਕਿਨ ਕੇਸ ਦਰਜ ਹੋਣ ਦੇ ਬਾਵਜੂਦ ਬਠਿੰਡਾ ਪੁਲਿਸ ਇਸ ਕੇਸ ਵਿਚ ਡੇਰਾ ਸਿਰਸਾ ਮੁੱਖੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਸੀ।
ਫਰਵਰੀ 2012 ਦੇ ਅਖ਼ੀਰਲੇ ਹਫ਼ਤੇ ਬਠਿੰਡਾ ਪੁਲਿਸ ਨੇ ਇਸ ਕੇਸ ਵਿਚ ਸ਼ਿਕਾਇਤ ਕਰਤਾ ਰਜਿੰਦਰ ਸਿੰਘ ਸਿੱਧੂ ਦਾ ਬਠਿੰਡਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚ ਇਕ ਹਲਫ਼ੀਆ ਬਿਆਨ ਪੇਸ਼ ਕੀਤਾ ਅਤੇ ਨਾਲ ਹੀ ਇਸ ਕੇਸ ਨੂੰ ਵਾਪਿਸ ਲੈਣ ਲਈ ਅਦਾਲਤ ਵਿਚ ਆਪਣੀ ਰਿਪੋਰਟ ਪੇਸ਼ ਕਰ ਦਿੱਤੀ, ਪ੍ਰੰਤੂ ਰਜਿੰਦਰ ਸਿੰਘ ਸਿੱਧੂ ਨੇ ਅਦਾਲਤ ਵਿਚ ਨੇ ਪਿਲਸ ਦੇ ਪੱਖ਼ ਦੀ ਵਿਰੋਧਤਾ ਕੀਤੀ ਤੇ ਡੇਰਾ ਮੁੱਖੀ ਵਿਰੁੱਧ ਕੇਸ ਵਾਪਿਸ ਲੈਣ ਸਬੰਧੀ ਹਲਫ਼ੀਆ ਬਿਆਨ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਸ: ਰਛਪਾਲ ਸਿੰਘ ਵੀ ਇਸ ਕੇਸ ਵਿਚ ਇਹ ਕਹਿਕੇ ਸ਼ਿਕਾਇਤ ਕਰਤਾ ਬਣ ਗਏ ਕਿ ਇਹ ਮਾਮਲਾ ਵਿਸ਼ਵ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੇ ਧਾਰਮਿਕ ਜ਼ਜ਼ਬਾਤਾਂ ਨਾਲ ਜੁੜਿਆ ਹੋਇਆ ਹੈ ਅਤੇ ਇਸ ਕੇਸ ਦਾ ਸਬੰਧ ਕਿਸੇ ਨਿੱਜੀ ਵਿਅਕਤੀ ਨਾਲ ਨਹੀਂ ਹੈ। ਇਸ ਕੇਸ ਵਿਚ ਰਜਿੰਦਰ ਸਿੰਘ ਸਿੱਧੂ ਵੱਲੋਂ ਜਤਿੰਦਰ ਰਾਏ ਖੱਟੜ ਵਕੀਲ ਪੇਸ਼ ਹੋਏ ਜਦੋਂਕਿ ਬਾਬਾ ਹਰਦੀਪ ਸਿੰਘ ਆਦਿ ਦੀ ਤਰਫ਼ੋਂ ਚੰਡੀਗੜ੍ਹ ਦੇ ਉੱਘੇ ਵਕੀਲ ਨਵਕਿਰਨ ਸਿੰਘ ਪੇਸ਼ ਹੋਏ, ਉਨ੍ਹਾਂ ਦੀਆਂ ਦਲੀਲਾਂ ਨਾਲ ਸਹਿਮਤ ਹੋ ਕੇ ਬਠਿੰਡਾ ਦੇ ਉਸ ਸਮੇਂ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਸ: ਹਰਜੀਤ ਸਿੰਘ ਨੇ ਡੇਰਾ ਸਿਰਸਾ ਮੁੱਖੀ ਵਿਰੁੱਧ ਕੇਸ ਖਾਰਜ ਕਰਨ ਤੋਂ ਨਾਂਹ ਕਰਦਿਆਂ ਡੇਰਾ ਸਿਰਸਾ ਮੁੱਖੀ ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ, ਪਰ ਪੁਲਿਸ ਡੇਰਾ ਸਿਰਸਾ ਮੁੱਖੀ ਨੂੰ ਅਦਾਲਤ ‘ਚ ਪੇਸ਼ ਨਾ ਕਰ ਸਕੀ ਅਤੇ ਨਾ ਹੀ ਇਸ ਕੇਸ ਦਾ ਅਦਾਲਤ ਵਿਚ ਚਲਾਨ ਪੇਸ਼ ਕੀਤਾ ਗਿਆ।
ਇਸ ਮਗਰੋਂ ਡੇਰਾ ਸਿਰਸਾ ਮੁੱਖੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਇਹ ਰਿੱਟ ਕਰ ਦਿੱਤੀ ਕਿ ਕਿਉਂਕਿ ਪੁਲਿਸ ਇਸ ਕੇਸ ਵਿਚ ਤਿੰਨ ਸਾਲਾਂ ਦੇ ਅੰਦਰ ਚਲਾਨ ਪੇਸ਼ ਨਹੀਂ ਕਰ ਸਕੀ, ਇਸ ਲਈ ਜ਼ਾਬਤਾ ਫੌਜਦਾਰੀ ਦੀ ਧਾਰਾ 468 ਅਧੀਨ ਇਹ ਕੇਸ ਅੱਗੇ ਨਹੀਂ ਚਲਾਇਆ ਜਾ ਸਕਦਾ, ਹਾਈਕੋਰਟ ਨੇ ਇਸ ਮਾਮਲੇ ਨੂੰ ਹੇਠਲੀ ਅਦਾਲਤ ਵਿਚ ਉਠਾਉਣ ਸਬੰਧੀ ਗੱਲ ਕਹਿ ਕੇ ਰਿੱਟ ਤੇ ਕੋਈ ਕਾਰਵਾਈ ਨਾ ਕੀਤੀ, ਜਿਸ ਦੇ ਬਾਅਦ ਡੇਰਾ ਸਿਰਸਾ ਮੁੱਖੀ ਦੇ ਵਕੀਲਾਂ ਨੇ ਪੁਲਿਸ ਵੱਲੋਂ ਤਿੰਨ ਸਾਲ ਦੇ ਸਮੇਂ ਦੇ ਅੰਦਰ ਇਸ ਕੇਸ ਦਾ ਚਲਾਨ ਨਾ ਪੇਸ਼ ਕਰਨ ਦਾ ਮੁੱਦਾ ਉਠਾ ਕੇ ਇਸ ਕੇਸ ਨੂੰ ਤਕਨੀਕੀ ਆਧਾਰ ‘ਤੇ ਖਾਰਜ ਕਰਨ ਲਈ ਬਠਿੰਡਾ ਦੀ ਅਦਾਲਤ ਵਿਚ ਦਰਖਾਸਤ ਦਿੱਤੀ, ਪ੍ਰੰਤੂ ਮੁੱਦਈ ਪੱਖ਼ ਦੇ ਵਕੀਲ ਜਤਿੰਦਰ ਕੁਮਾਰ ਖੱਟੜ ਨੇ ਅਦਾਲਤ ਵਿਚ ਬਹਿਸ ਕਰਦਿਆਂ ਦਲੀਲ ਦਿੱਤੀ ਕਿ ਇਸ ਕੇਸ ਵਿਚ ਲੱਗੀ ਧਾਰਾ ੧੫੩-ਏ ਵਿਚ ਚਲਾਨ ਪੇਸ਼ ਕਰਨ ਦੀ ਮਿਆਦ ੫ ਸਾਲ ਤੱਕ ਹੈ, ਜੋ ਅਜੇ ਰਹਿੰਦੀ ਹੈ, ਇਸ ਲਈ ਇਹ ਕੇਸ ਖਾਰਜ ਨਹੀਂ ਕੀਤਾ ਜਾ ਸਕਦਾ।
ਜਦੋਂਕਿ ਬਚਾਓ ਪੱਖ਼ ਦੀ ਤਰਫ਼ੋਂ ਇਸ ਕੇਸ ਵਿਚ ਐਸ. ਪੀ. ਗਰਗ ਵਕੀਲ ਪੇਸ਼ ਹੋਏ। ਬਹਿਸ ਮੁਕੰਮਲ ਹੋਣ ਦੇ ਬਾਅਦ ਅਦਾਲਤ ਨੇ ਇਸ ਕੇਸ ਦਾ ਫ਼ੈਸਲਾ ਦੇਣ ਲਈ ਅੱਜ 21 ਮਈ 2014 ਦੀ ਤਾਰੀਖ਼ ਤੈਅ ਕੀਤੀ ਸੀ । ਅਦਾਲਤ ਦੇ ਫ਼ੈਸਲੇ ਨੂੰ ਸੁਨਣ ਲਈ ਅੱਜ ਵੱਡੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ ਅਤੇ ਬਾਅਦ ਦੁਪਹਿਰ ਅਦਾਲਤ ਨੇ ਡੇਰਾ ਸਿਰਸਾ ਮੁੱਖੀ ਦੇ ਵਕੀਲਾਂ ਵੱਲੋਂ ਇਸ ਕੇਸ ਨੂੰ ਖਾਰਜ ਕਰਨ ਦੀ ਦਰਖਾਸਤ ਰੱਦ ਕਰਕੇ ਡੇਰਾ ਮੁੱਖੀ ਨੂੰ 8 ਅਗਸਤ 2014 ਨੂੰ ਨਿੱਜੀ ਰੂਪ ਵਿਚ ਕੇਸ ਦਾ ਸਾਹਮਣਾ ਕਰਨ ਲਈ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕਰ ਦਿੱਤੇ।