(ਕਵਿਤਾ)
ਸਾਰੇ ਕਹਿੰਦੇ ਸੁਣੇ ਨੇ
ਪੰਦਰ੍ਹਾਂ ਅਗਸਤ ਨੂੰ
ਆ ਰਹੀ ਹੈ ਆਜ਼ਾਦੀ।
ਅਸੀਂ ਹਾਂ ਕੈਦੀ
ਵੱਡੇ ਸੇਠ ਦੀ
ਫੈਕਟਰੀ ਦੇ
ਜਿੱਥੇ
ਦੋ ਵਕਤ ਦੀ ਰੋਟੀ ਬਦਲੇ
ਖਰੀਦੀ ਗਈ ਹੈ ਸਾਡੀ ਜ਼ਿੰਦਗੀ।
ਇਕ ਦਹਿਲੀਜ਼ ਘਰ ਦੀ
ਜਿਸ ਅੰਦਰ
ਕੈਦ ਹਾਂ
ਸਦੀਆਂ ਤੋਂ।
ਰੀਤਾਂ ਰਸਮਾਂ ਵਿੱਚੋਂ
ਜੇ ਪਰ ਫੜ-ਫੜਾਏ
ਤਾਂ
ਕੈਦ ਹੀ ਮਿਲੀ ਸਜਾ।
ਇਕ ਉੱਥੇ
ਜਿੱਥੇ ਪੈਸੇ ਵਾਲਾ
ਖਰੀਦ ਕੇ ਗਵਾਹ
ਦੇ ਗਿਆ ਨਿਰਦੋਸ਼ ਨੂੰ
ਉਮਰਾਂ ਦੀ ਕੈਦ।
ਮੈਂ ਇਮਾਨਦਾਰੀ
ਕੈਦ ਹਾਂ ਬੇਈਮਾਨੀ ਦੇ ਅੰਦਰ
ਜਿੱਥੇ ਸਿਰ ਝੁੱਕਦੀ
ਦੇ ਦਿੰਦੇ ਨੇ
ਸਵਾਰਥੀ ਲੋਕ
ਧੱਕਾ ਮੈਨੂੰ
ਇਹ ਸਾਡੀਆਂ ਜੇਲ੍ਹਾਂ ਦੇ
ਸਿਰਨਾਵੇ ਨੇ।
ਜੇ ਆਈ ਤੂੰ ਆਜ਼ਾਦੀ ਏ
ਸਾਨੂੰ ਮਿਲ ਕੇ ਜਰੂਰ ਜਾਵੀਂ
ਅਸੀਂ ਹਾਂ
ਆਜ਼ਾਦ ਦੇਸ਼ ਦੇ ਕੈਦੀ।
ਜਿਉਂਦੇ ਹਾਂ
ਤੈਨੂੰ ਇਕ ਵਾਰ ਵੇਖਣ ਦੀ
ਆਸ ‘ਤੇ
ਦੇਖਣਾ ਹੈ ਤੈਨੂੰਂ
ਮਰਨ ਤੋਨ ਪਹਿਲਾਂ
ਇਕ ਵਾਰ
ਸਿਰਫ਼………ਇਕ ਵਾਰ।
– ਸੁਖਵਿੰਦਰ ਕੌਰ ‘ਹਰਿਆਓ’
ਸਕੱਤਰ ਮਾਲਵਾ ਲਿਖਾਰੀ ਸਭਾ, ਸੰਗਰੂਰ
sukhwinderhariao@gmail.com