ਫਾਜ਼ਿਲਕਾ, 1 ਅਕਤੂਬਰ (ਵਨੀਤ ਅਰੋੜਾ)- ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸਰਜੀਤ ਕੁਮਾਰ ਜਿਆਣੀ ਨੇ ਅੱਜ ਫਾਜ਼ਿਲਕਾ ਦੇ ਸਰਹੱਦੀ ਖੇਤਰਾਂ ਵਿਚ ਬਣੇ ਰਾਹਤ ਕੇਂਦਰਾਂ ਦਾ ਦੌਰਾ ਕਰਕੇ ਇੱਥੇ ਰਹਿ ਰਹੇ ਲੋਕਾਂ ਨਾਲ ਮੁਲਾਕਾਤ ਕਰਕੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਇੱਥੇ ਉਪਲਬੱਧ ਕਰਵਾਈਆਂ ਸਹੁਲਤਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਰਾਹਤ ਕੇਂਦਰਾਂ ਵਿਚ ਡਾਕਟਰੀ ਟੀਮਾਂ ਦੀ ਤਾਇਨਾਤੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਨਾਲ ਹੀ ਉਨ੍ਹਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੀਤੇ ਪ੍ਰਬੰਧਾਂ ਤੇ ਸਤੁੰਸ਼ਟੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਰਾਹਤ ਕੈਂਪਾਂ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਕੋਈ ਦਿੱਕਤ ਨਾ ਆਉਣ ਦਿੱਤੀ ਜਾਵੇ।
ਇਸ ਮੌਕੇ ਸਿਹਤ ਮੰਤਰੀ ਚੌਧਰੀ ਸਰਜੀਤ ਕੁਮਾਰ ਜਿਆਣੀ ਨੇ ਸਰਹੱਦ ‘ਤੇ ਬਣੇ ਮਾਹੌਲ ਕਾਰਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਪੰਜਾਬ ਸਰਕਾਰ ਦੀ ਤਰਫੋਂ ਹਰ ਤਰਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਚੋਧਰੀ ਜਿਆਣੀ ਨੇ ਕਿਹਾ ਕਿ ਸਰਹੱਦ ‘ਤੇ ਰਹਿੰਦੇ ਲੋਕ ਬਹੁਤ ਬਹਾਦਰ ਅਤੇ ਹੌਂਸਲੇ ਵਾਲੇ ਹਨ ਅਤੇ ਪਿਛਲੀਆਂ ਜੰਗਾਂ ਵਿਚ ਫੌਜ ਨੂੰ ਭੋਜਨ ਤੇ ਹੋਰ ਸਹਾਇਤਾ ਤੱਕ ਦਿੰਦੇ ਰਹੇ ਹਨ, ਇਸ ੨ਲਈ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਨਾਂ ਕਿਹਾ ਕਿ ਬੀਤੇ ਦਿਨੀਂ ਜੋ ਸਰਜੀਕਲ ਅਪਰੇਸ਼ਨ ਜੰਮੂ-ਕਸ਼ਮੀਰ ਖੇਤਰ ਵਿਚ ਫੌਜ ਨੇ ਕੀਤਾ ਸੀ, ਉਸ ਨੂੰ ਵੇਖਦੇ ਹੋਏ ਕਿ ਕਿਧਰੇ ਪਾਕਿਸਤਾਨ ਇਧਰ ਕੋਈ ਸ਼ਰਾਰਤ ਨਾ ਕਰੇ, ਇਸ ਲਈ ਸਰਹੱਦ ਨਾਲ ਲੱਗਦਾ 10 ਕਿਲੋਮੀਟਰ ਦਾ ਖੇਤਰ ਖਾਲੀ ਕਰਵਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ 31 ਆਰਜੀ ਕੈਂਪ ਬਣਾ ਦਿੱਤੇ ਗਏ ਹਨ, ਜਿੰਨਾਂ ਵਿਚ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੇਂਦਰਾਂ ਵਿਚ ਲੋਕਾਂ ਦੇ ਖਾਣ-ਪੀਣ, ਰਹਿਣ-ਸਹਿਣ, ਡਾਕਟਰੀ ਸਹਾਇਤਾ, ਬਿਜਲੀ, ਟੁਆਇਲਟ, ਪਸ਼ੂਆਂ ਦੇ ਚਾਰੇ ਆਦਿ ਦੇ ਢੁਕਵੇਂ ਪ੍ਰਬੰਧ ਸਰਕਾਰ ਵੱਲੋਂ ਕੀਤੇ ਜਾ ਰਹੇ ਹਨ।
ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਰਕਾਰ ਉਨਾਂ ਦੇ ਝੋਨੇ ਦਾ ਦਾਣਾ-ਦਾਣਾ ਖਰੀਦੇਗੀ, ਇਸ ਲਈ ਉਹ ਕਾਹਲੀ ਵਿਚ ਝੋਨੇ ਦੀ ਅਗੇਤੀ ਵਾਢੀ ਨਾ ਕਰਨ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਸਾਸ਼ਨ ਦੇ ਅਧਿਕਾਰੀਆਂ ਤੋਂ ਇਲਾਵਾ ਸ੍ਰੀ ਵਿਨੋਦ ਬਜਾਜ, ਚੇਅਰਮੈਨ ਮਾਰਕਿਟ ਕਮੇਟੀ, ਸ੍ਰੀ ਪਰਮਜੀਤ ਸਿੰਘ ਪੰਮਾ ਵੈਰੜ, ਪ੍ਰਧਾਨ ਟਰੱਕ ਯੁਨੀਅਨ, ਸ੍ਰੀ ਵਿਨੋਦ ਜਾਗਿੰੜ, ਸ੍ਰੀ ਕੰਵਰ ਸੈਨ ਪ੍ਰਧਾਨ ਦਿਹਾਤ ਮੰਡਲ, ਓਮ ਸਿੰਘ ਪ੍ਰਧਾਨ ਲਾਧੂਕਾ ਮੰਡਲ, ਸ੍ਰੀ ਪਰਮਜੀਤ ਸਿੰਘ ਸ਼ੇਰਾ ਜ਼ਿਲ੍ਹਾ ਸਕੱਤਰ ਭਾਜਪਾ ਆਦਿ ਵੀ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ
ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …
Punjab Post Daily Online Newspaper & Print Media