Saturday, July 27, 2024

ਮਾਮਲਾ ਲੰਗਰ ਦੀ ਇਮਾਰਤ ਦੇ ਵਿਸਥਾਰ ਸਮੇਂ ਮਰਿਆਦਾ ਦੇ ਉਲੰਘਣ ਦਾ — ਢਾਡੀ ਤੇ ਕਵੀਸ਼ਰ 17 ਫਰਵਰੀ ਤੋਂ ਬੈਠਣਗੇ ਮਰਨ ਵਰਤ ‘ਤੇ- ਐਮ.ਏ

080202

ਅੰਮ੍ਰਿਤਸਰ, 8 ਫਰਵਰੀ (ਨਰਿੰਦਰ ਪਾਲ ਸਿੰਘ)- ਸ੍ਰੀ ਦਰਬਾਰ ਸਾਹਿਬ ਸਥਿਤ ਲੰਗਰ ਗੁਰੂ ਰਾਮਦਾਸ ਦੀ ਮੌਜੂਦਾ ਇਮਾਰਤ ਦੇ ਵਿਸਥਾਰ ਲਈ ਉਸਾਰੀ ਦਾ ਕੰਮ ਇੱਕ ਨਿੱਜੀ ਠੇਕੇਦਾਰ ਨੂੰ ਸੌਪੇ ਜਾਣ ਨਾਲ ਸਿੱਖ ਮਰਿਆਦਾ ਦੀ ਹੋ ਰਹੀ ਉਲੰਘਣਾ ਦਾ ਮੁੱਦਾ ਉਠਾਉਣ ਵਾਲੇ ਢਾਡੀਆਂ ਤੇ ਕਵੀਸ਼ਰਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਪਣਾ ਅੜ੍ਹੀਅਲ ਰਵੱਈਆ ਨਾਂ ਬਦਲਿਆ ਤਾਂ ਉਹ 17 ਫਰਵਰੀ ਤੋਂ ਮਰਨ ਵਰਤ ਤੇ ਬੈਠਣਗੇ।ਉਨਾਂ ਇਹ ਵੀ ਐਲਾਨ ਕੀਤਾ ਹੈ, ਜੇਕਰ ਪੰਜ ਸਿੰਘ ਸਾਹਿਬਾਨ ਹੀ ਇਹ ਕਹਿ ਦੇਣ ਕਿ ਲੰਗਰ ਦੀ ਵਿਸਥਾਰ ਲਈ ਬਣ ਰਹੀ ਇਮਾਰਤ ਸਿੱਖ ਮਰਿਆਦਾ ਅਨੁਸਾਰ ਬਣ ਰਹੀ ਹੈ ਤਾਂ ਉਹ ਆਪਣਾ ਸੰਘਰਸ਼ ਵਾਪਸ ਲੈ ਲੈਣਗੇ ।ਸ਼੍ਰੋਮਣੀ ਕਮੇਟੀ ਮੈਂਬਰ ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਢਾਡੀ ਸਭਾ ਦੇ ਪ੍ਰਧਾਨ ਸ੍ਰ. ਬਲਦੇਵ ਸਿੰਘ ਐਮ.ਏ ਦੀ ਅਗਵਾਈ ਵਿਚ ਸੈਂਕੜੇ ਢਾਡੀ ਤੇ ਕਵੀਸ਼ਰ, ਮਿੱਥੇ ਸਮੇਂ ਅਨੁਸਾਰ ਸਥਾਨਕ ਭਾਈ ਗੁਰਦਾਸ ਹਾਲ ਵਿਖੇ ਇਕੱਤਰ  ਹੋਏ ਲੇਕਿਨ ਉਨ੍ਹਾਂ ਦੀ ਹੈਰਾਨੀ ਦੀ ਉਸ ਵੇਲੇ ਕੋਈ ਹੱਦ ਨਾ ਰਹੀ ਜਦ ਕਮੇਟੀ ਮੁਲਾਜਮਾਂ ਨੇ ਇਹ ਕਹਿ ਕੇ ਭਾਈ ਗੁਰਦਾਸ ਹਾਲ ਵਿਚਾਰਾਂ ਵਾਸਤੇ ਦੇਣ ਤੋਂ ਨਾਂਹ ਕਰ ਦਿੱਤੀ ਕਿ ‘ਹਾਲ ਤਾਂ ਪਹਿਲਾਂ ਹੀ ਕਿਸੇ ਹੋਰ ਧਿਰ ਵਲੋਂ ਬੁੱਕ ਹੈ’।ਕੋਈ ਵੀ ਵਾਹ ਨਾ ਚੱਲਦੀ ਵੇਖ ਢਾਡੀਆਂ ਤੇ ਕਵੀਸ਼ਰਾਂ ਨੇ ਭਾਈ ਗੁਰਦਾਸ ਹਾਲ ਦੇ ਖੁੱਲੇ ਵਿਹੜੇ ਵਿੱਚ ਜਮੀਨ ਤੇ ਹੀ ਬਿਨ੍ਹਾਂ ਕਿਸੇ ਦਰੀ ਦੇ ਆਸਣ ਜਮਾ ਦਿੱਤੇ ।ਢਾਡੀ ਸਭਾ ਵਲੋਂ ਆਰੰਭੇ ਇਸ ਉਪਰਾਲੇ ਨੂੰ ਸਮੱਰਥਨ ਦੇਣ ਲਈ ਪੁੱਜੇ ਖਾਲੜਾ ਮਿਸ਼ਨ ਦੇ ਐਡਵੋਕੇਟ ਸੁਰਿੰਦਰ ਸਿੰਘ ਘਰਿਆਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਢਾਡੀ ਤੇ ਕਵੀਸ਼ਰ ਤਾਂ ਗੁਰੂ ਪਾਤਸ਼ਾਹ ਦੇ ਆਪ ਵਰੋਸਾਏ ਹੋਏ ਹਨ ਤੇ ਉਨ੍ਹਾਂ ਨੇ ਹੁਣ ਤੀਕ ਸਿੱਖੀ ਸਿਧਾਂਤਾਂ, ਗੁਰ ਇਤਿਹਾਸ ਤੇ ਸਿੱਖ ਇਤਿਹਾਸ ਨੂੰ ਆਪਣੀ ਅਣਥੱਕ ਮਿਹਨਤ ਸਦਕਾ ਅੱਗੇ ਪਹੁੰਚਾਇਆ ਹੈ।ਉਨ੍ਹਾਂ ਕਿਹਾ ਕਿ ਗੁਰੂ ਘਰ ਦੇ ਪ੍ਰਚਾਰਕਾਂ ਨੂੰ ਆਪਣੇ ਮਿਸ਼ਨ ਵਿਚ ਅੱਗੇ ਵਧਣਾ ਚਾਹੀਦਾ ਹੈ ਤੇ ਸਿੱਖ ਮਰਿਆਦਾ ਦੀ ਹੋ ਰਹੀ ਉਲੰਘਣਾ ਖਿਲਾਫ ਝੰਡਾ ਬੁਲੰਦ ਰੱਖਣਾ ਚਾਹੀਦਾ ਹੈ, ਗੁਰੂ ਪਾਤਸ਼ਾਹ ਆਪ ਸਹਾਈ ਹੋਣਗੇ ।ਖਾਲੜਾ ਮਿਸ਼ਨ ਦੇ ਹੀ ਭਾਈ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਕਿ ਸੱਚ ਕਹਿਣ ਲਈ ਤਾਂ ਸਿਰ ਵੀ ਦੇਣੇ ਪੈਂਦੇ ਹਨ ਇਸ ਲਈ ਢਾਡੀ ਤੇ ਕਵੀਸ਼ਰਾਂ ਦਾ ਸਾਥ ਦੇਣ ਲਈ ਗੁਰੂ ਘਰ ਦੇ ਕੀਰਤਨੀਆਂ, ਕਥਾਵਾਚਕਾਂ, ਗੰਰਥੀ ਸਾਹਿਬਾਨ ਤੇ ਪ੍ਰਚਾਰਕਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।ਬੁਲਾਰਿਆਂ ਵਿੱਚ, ਸ੍ਰ ਰਾਜੀਵ ਸਿੰਘ ਖਾਲੜਾ ਮਿਸ਼ਨ, ਭਾਈ ਗੁਰਮੇਜ ਸਿੰਘ ਬਾਦਲ, ਭਾਈ ਬਲਦੇਵ ਸਿੰਘ ਬੈਂਕਾਂ, ਭਾਈ ਸਵਿੰਦਰ ਸਿੰਘ ਭੰਗੂ, ਲਖਬੀਰ ਸਿੰਘ ਕੋਮਲ, ਪੂਰਣ ਸਿੰਘ ਅਰਸ਼ੀ, ਸਰਬਜੀਤ ਸਿੰਘ ਵਡਾਲੀ ਪ੍ਰਮੁਖ ਸਨ।ਵਿਚਾਰਾਂ ਨੂੰ ਸਮੇਟਦਿਆਂ ਭਾਈ ਬਲਦੇਵ ਸਿੰਘ ਐਮ.ਏ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਅਜੇ ਤੀਕ ਲੰਗਰ ਦੀ ਇਮਾਰਤ ਦੇ ਵਿਸਥਾਰ ਦੀ ਉਸਾਰੀ ਸਮੇਂ ਸਿੱਖ ਮਰਿਆਦਾ ਦੇ ਹੋ ਰਹੇ ਉਲੰਘਣ ਨੂੰ ਰੋਕਣ ਦੀ ਬਜਾਏ ਅੜੀਅਲ ਵਤੀਰਾ ਅਪਣਾਇਆ ਹੈ ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਉਨਾਂ ਦਾ ਸੰਘਰਸ਼ ਕਿਸੇ ਵਿਅਕਤੀ ਜਾਂ ਸੰਸਥਾ ਵਿਰੁਧ ਨਹੀ ਹੈ ਲੇਕਿਨ ਉਹ ਪੰਥ ਦੇ ਬੁਲਾਰੇ ਹਨ, ਸਿੱਖ ਰਵਾਇਤਾਂ ਨੂੰ ਪ੍ਰਚਾਰਨਾ ਉਨ੍ਹਾਂ ਦਾ ਫਰਜ ਵੀ ਹੈ ਤੇ ਰੋਜੀ ਰੋਟੀ ਦਾ ਸਾਧਨ ਵੀ, ਲੇਕਿਨ ਜੇ ਇਨ੍ਹਾਂ ਰਵਾਇਤਾਂ ਨੂੰ ਕਾਇਮ ਰੱਖਣ ਲਈ ਸਿਰ ਦੇਣ ਦੀ ਲੋੜ ਪਈ ਤਾਂ ਉਹ ਪਿੱਛੇ ਨਹੀ ਹਟਣਗੇ।ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਬੀਤੇ ਕੱਲ੍ਹ ਦਿੱਤੇ ਢਾਡੀਆਂ ਬਾਰੇ ਦਿੱਤੇ ਬਿਆਨ ਤੇ ਟਿਪਣੀ ਕਰਦਿਆਂ ਸ੍ਰ. ਐਮ.ਏ ਨੇ ਕਿਹਾ ਕਿ ਇਹ ਤਾਂ ਸਮਾਂ ਦਸੇਗਾ ਕਿ ਕੂੜ ਪ੍ਰਚਾਰ ਸ੍ਰ ਮੱਕੜ ਕਰ ਰਹੇ ਹਨ ਜਾਂ ਢਾਡੀ ਤੇ ਕਵੀਸ਼ਰ।ਪੇਸ਼ ਕੀਤੇ ਗਏ ਅਹਿਮ ਮਤੇ ਵਿਚ ਐਲਾਨ ਕੀਤਾ ਗਿਆ ਜੇਕਰ ਕਮੇਟੀ ਨੇ ਇਹ ਉਲੰਘਣ ਨਾ ਰੋਕਿਆ ਤਾਂ ਢਾਡੀ ਤੇ ਕਵੀਸ਼ਰ 17 ਫਰਵਰੀ ਤੋਂ ਮਰਨ ਵਰਤ ਤੇ ਬੈਠਣਗੇ ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …

Leave a Reply