ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41 ਵੇਂ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦਾ ਜਨਮ 14 ਜਨਵਰੀ 1942 ਨੂੰ ਮਾਤਾ ਇੰਦਰ ਕੌਰ ਦੀ ਕੁੱਖੋਂ ਪਿਤਾ ਗੁਰਚਰਨ ਸਿੰਘ ਜੀ ਦੇ ਘਰ ਹੋਇਆ। ਆਪ ਬੀ.ਐਨ ਖਾਲਸਾ ਕਾਲਜ ਦੀ ਮੁੱਢਲੀ ਪੜ੍ਹਾਈ ਗਿਆਨੀ, ਬੀ.ਏ. ਅਤੇ ਫਿਰ ਮਹਿੰਦਰਾ ਕਾਲਜ ਤੋਂ ਐਮ.ਏ. ਅੰਗਰੇਜ਼ੀ ਕਰਦਿਆਂ ਵਿਦਿਆਰਥੀਆਂ ਸਰਗਰਮੀਆਂ ਵਿਚ ਹਿੱਸਾ ਲੈਂਦਿਆਂ ਵਿਦਿਆਰਥੀ ਲੀਡਰ ਵਜੋਂ ਉਭਰੇ।ਆਪ ਦਿਨ ਰਾਤ ਸਾਹਿਤ ਪੜ੍ਹਦੇ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਕ੍ਰਾਂਤੀਕਾਰੀ ਤਰੀਕੇ ਨਾਲ ਅਵਾਜ਼ ਉਠਾਉਂਦੇ ਰਹੇ।ਆਪ ਨੇ ਪਬਲਿਕ ਹੈਲਥ, ਮਿਊਂਸੀਪਲ ਕਮੇਟੀ ਤੇ ਭਾਸ਼ਾ ਵਿਭਾਗ ਵਿੱਚ ਵੀ ਕੰਮ ਕੀਤਾ।ਆਪ ਹਾਈਰ ਸੈਕੰਡਰੀ ਸਕੂਲ ਲੋਪੋਕੇ ਵਿਚ ਲੈਕਚਰਾਰ ਨਿਯੁਕਤ ਹੋਏ ਅਤੇ ਫਿਰ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਵਿਖੇ ਪੜ੍ਹਾਉਂਦੇ ਰਹੇ।ਆਪ ਦਾ ਅਨੰਦ ਕਾਰਜ ਬੀਬੀ ਨਿਰਮਲ ਕੌਰ ਜੀ ਨਾਲ ਹੋਇਆ।ਆਪ ਦੇ ਬੱਚੇ-ਬੱਚੀਆਂ, ਪੋਤਰੇ-ਪੋਤਰੀਆਂ ਤੇ ਦੋਹਤਰੇ-ਦੋਹਤਰੀਆਂ ਨੇ ਸਿੱਖੀ ਸਰੂਪ ਵਿੱਚ ਰਹਿ ਕੇ ਆਪ ਦਾ ਸਿਰ ਉੱਚਾ ਕੀਤਾ।
ਆਪ ਨੇ ਆਪਣੇ ਬੌਧਿਕ ਚਰਿੱਤਰ ਦੇ ਬਲਬੂਤੇ ਰਾਜਨੀਤੀ ਵਿਚ ਪ੍ਰਵੇਸ਼ ਕੀਤਾ।ਰਾਜਨੀਤਿਕ ਵਿਸ਼ਾਲਤਾ ਹੋਣ ਸਦਕਾ ਅਕਾਲੀ ਦਲ ਦਿਹਾਤੀ ਪਟਿਆਲਾ ਦੇ ਜਨਰਲ ਸਕੱਤਰ ਬਣੇ।ਐਮਰਜੈਂਸੀ ਮੋਰਚੇ ਸਮੇਂ ਵੱਡੇ ਜਥੇ ਦੀ ਅਗਵਾਈ ਵਿਚ ਉਨ੍ਹਾਂ ਜੇਲ੍ਹ ਯਾਤਰਾ ਵੀ ਕੀਤੀ।ਮੇਰਠ ਗੁਰਦੁਆਰੇ ਦੇ ਮੋਰਚੇ, ਕਪੂਰੀ ਮੋਰਚੇ, ਧਰਮ ਯੁੱਧ ਮੋਰਚੇ ਸਮੇਂ ਲੰਮਾ ਸਮਾਂ ਜੇਲ੍ਹ ਵਿਚ ਬੰਦ ਰਹੇ। ਆਪ ਨੇ ਸੰਨ 1990 ਵਿੱਚ ਸਮਾਣਾ ਹਲਕੇ ਤੋਂ ਐਮ.ਐਲ.ਏ. ਦੀ ਚੋਣ ਲੜੀ।ਬਰਨਾਲਾ ਸਰਕਾਰ ਦੌਰਾਨ ਆਪ ਅਕਾਲੀ ਦਲ ਦੇ ਆਰਗੇਨਾਈਜ਼ਿੰਗ ਸੈਕਟਰੀ ਰਹੇ। 1996 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਾਮਜ਼ਦ ਹੋਏ ਅਤੇ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਿਚ ਬਤੌਰ ਸਕੱਤਰ ਅਹਿਮ ਭੂਮਿਕਾ ਨਿਭਾਈ। ਆਪ ਆਪਣੀ ਸੂਖਮਤਾ, ਸਹਿਜਤਾ ਸਦਕਾ ਸਿਰਮੌਰ ਕੱਦਾਵਾਰ ਆਗੂਆਂ ਵਿਚ ਸ਼ਾਮਲ ਹਨ। ਉਸਾਰੂ ਕਾਰਜਸ਼ੈਲੀ ਸਦਕਾ ਬਾਦਲ ਸਰਕਾਰ ਦੇ ਸਮੇਂ ਓ.ਐਸ.ਡੀ. ਦੇ ਵਿਸ਼ੇਸ਼ ਅਹੁੱਦੇ ‘ਤੇ ਬਿਰਾਜਮਾਨ ਹੋ ਕੇ ਆਪ ਨੇ ਸਰਕਾਰੀ ਕਾਰਜ ਪ੍ਰਣਾਲੀ ਚਲਾਉਣ ‘ਚ ਅਹਿਮ ਭੂਮਿਕਾ ਨਿਭਾਈ। ਆਪ ਆਪਣੇ ਸਿਰੜ, ਸਿਦਕ, ਇਮਾਨਦਾਰੀ, ਮਿਹਨਤ ਅਤੇ ਦੂਰ ਦ੍ਰਿਸ਼ਟੀ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਨਿਰੰਤਰ ਸੇਵਾ ਕਰਦੇ ਹੋਏ 30 ਨਵੰਬਰ 2001 ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ‘ਤੇ ਸੁਸ਼ੋਭਿਤ ਹੋਏ। ਆਪ 2 ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਜੁਲਾਈ 2003 ਤੀਕ ਇਸ ਪਦ ‘ਤੇ ਰਹੇ।
ਆਪ ਆਪਣੇ ਸਾਊਪੁਣੇ, ਦੀਰਘ ਦ੍ਰਿਸ਼ਟੀ ਕਰਕੇ ਸਮੁੱਚੇ ਸਿੱਖ ਪੰਥ ‘ਚ ਸਤਿਕਾਰੇ ਜਾਂਦੇ ਹਨ। ਆਪ ਦਾ ਬਤੌਰ ਪ੍ਰਧਾਨ ਕਾਰਜ ਸ਼੍ਰੋਮਣੀ ਕਮੇਟੀ, ਸਿੱਖ ਸੰਸਾਰ ਅਤੇ ਇਸ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਤੇ ਵਰਤਾਰਿਆਂ ਲਈ ਲਾਭਕਾਰੀ ਸਿੱਧ ਹੋਇਆ ਹੈ। ਆਪ ਦੀ ਮਿੱਠਬੋਲੜੀ ਸ਼ਖਸੀਅਤ ਨੇ ਆਪ ਦੇ ਵਿਰੋਧੀਆਂ ਨੂੰ ਵੀ ਆਪਣੇ ਬਣਾ ਲੈਣ ਦੀ ਯੋਗਤਾ ਦਾ ਪ੍ਰਦਰਸ਼ਨ ਕੀਤਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …