‘11 ਦਸੰਬਰ ਨੂੰ ਸੰਤ ਰਾਮ ਉਦਾਸੀ ਯਾਦਗਾਰੀ ਮੇਲੇ ‘ਤੇ ਵਿਸ਼ੇਸ਼’

‘ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਹਾਲੇ ਤੇਰਾ ਦਿਲ ਨਾ ਭਰੇ’
”ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੇ ਬਾਬਲਾ ਵੇ, ਕਿਹੜੀ ਗੱਲੋਂ ਰਿਹਾ ਹੈ ਤੂੰ ਝੂਰ,
ਧਰਤੀ ਤਿਹਾਈ ਜਿਉਂ ਪਸੀਨਾਂ ਮੰਗੇ ਕਾਮਿਆਂ ਦਾ, ਮਾਂਗ ਮੇਰੀ ਮੰਗਦੀ ਸੰਧੂਰ।”
ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ।
ਮੇਰੇ ਲਹੂ ਦਾ ਕੇਸਰ ਕਿਤੇ, ਰੇਤੇ ਨਾ ਰਲਾਇਓ
-ਲੋਕ ਕਵੀ ਸੰਤ ਰਾਮ ਉਦਾਸੀ
ਤੰਗੀਆਂ ਤੁਰਸ਼ੀਆਂ ਥੁੜਾਂ ਅਤੇ ਔਕੜਾਂ ਨੂੰ ਹੱਡੀਂ ਹੰਢਾਉਣ ਵਾਲਾ ਪ੍ਰਸਿੱਧ ਕਵੀ ਸੰਤ ਰਾਮ ਉਦਾਸੀ ਅੱਜ ਸਰੀਰਕ ਤੌਰ ਤੇ ਭਾਂਵੇ ਆਪਣੇ ਵਿਚਕਾਰ ਨਹੀਂ ਹੈ, ਪਰ ਉਸ ਦੀਆਂ ਰਚੀਆਂ ਰਚਨਾਵਾਂ ਅਤੇ ਉਸਦੇ ਜੁਝਾਰੂ ਬੋਲ ਹਰ ਪੰਜਾਬੀ ਦੇ ਜਿਹਨ ਵਿੱਚ ਸਦਾ ਘੁੰਮਦੇ ਰਹਿਣਗੇ। ਪੰਜਾਬੀ ਸਾਹਿਤ ਵਿੱਚ ਨਵੀਆਂ ਤੇ ਨਿਵੇਕਲੀਆਂ ਲੀਹਾਂ ਪਾਉਣ ਵਾਲਾ ਇਹ ਸ਼ਾਇਰ ਹਰ ਪੰਜਾਬੀ ਦੇ ਦਿਲਾਂ ਦੀ ਧੜਕਣ ਸੀ।ਗਰੀਬੀ ਨੂੰ ਹੱਡੀਂ ਹੰਢਾਉਣ ਵਾਲੇ ਕਵੀ ਸੰਤ ਰਾਮ ਉਦਾਸੀ ਦੀਆਂ ਰਚਨਾਵਾਂ, ਲੋਕ ਗੀਤ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਤੇ ਸਦਾ ਪਹਿਰਾ ਦਿੰਦੀਆਂ ਰਹਿਣਗੀਆਂ।ਇਕੱਲੇ ਪੰਜਾਬ ਜਾਂ ਭਾਰਤ ਹੀ ਨਹੀਂ ਸਗੋਂ ਬਾਹਰਲੇ ਦੇਸ਼ਾਂ ਅਤੇ ਸੱਤ ਸਮੁੰਦਰੋਂ ਤੋਂ ਪਾਰ ਪੰਜਾਬੀ ਦਿਲਾਂ ਦੀ ਧੜਕਣ ਸਨ ਸੰਤ ਰਾਮ ਉਦਾਸੀ ਦੀਆਂ ਰਚਨਾਵਾਂ। ਉਹ ਇਕ ਸਫ਼ਲ ਸੰਸਾਰ ਪ੍ਰਸਿੱਧ ਪੰਜਾਬੀ ਦਾ ਲੇਖਕ ਹੀ ਨਹੀਂ ਸੀ ਸਗੋਂ ਗੜਕਦੀ ਅਵਾਜ਼ ਵਾਲਾ ਸਦਾ ਬਹਾਰ ਵਾਲਾ ਗਾਇਕ ਵੀ ਸੀ। ਆਪਣੀ ਮਿੱਟੀ ਲਈ ਜਾਨ ਵਾਰਨ ਵਾਲਾ ਕਵੀ ਭਾਂਵੇ ਪੰਜਾਬ ਦੇ ਰਾਇਸਰ ਪਿੰਡ (ਬਰਨਾਲਾ) ਆਪਣੀ ਜਨਮ ਭੂਮੀ ਤੋਂ ਕੋਹਾਂ ਦੂਰ ਇਕ ਰੇਲ ਸਫ਼ਰ ਦੇਣ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ ਸੀ, ਪਰ ਪੰਜਾਬੀਆਂ ਦੇ ਦਿਲਾਂ ਤੇ ਆਪਣੀਆਂ ਸਦਾ ਬਹਾਰ ਰਚਨਾਵਾਂ ਨਾਲ ਅਮਿੱਟ ਛਾਪ ਛੱਡ ਗਿਆ। ਬੇਸ਼ੱਕ ਇਹ ਸ਼ਾਇਰ ਜਿੰਦਗੀ ਦੇ ਅਖ਼ੀਰਲੇ ਪੜਾਅ ਤੱਕ ਆਰਥਿਕ ਮੰਦਹਾਲੀ ਦਾ ਸ਼ਿਕਾਰ ਰਿਹਾ, ਪਰ ਇਸਦੀ ਕਲਮ ਨੇ ਸਦਾ ਸੱਚਾਈ ਤੇ ਹਕੀਕੀ ਤੇ ਪਹਿਰਾ ਦਿੱਤਾ। ਸਮੇਂ ਦੀਆਂ ਸਰਕਾਰਾਂ ਨੇ ਭਾਂਵੇ ਕਿੰਨੀਆਂ ਹੀ ਕੋਝੀਆਂ ਹਰਕਤਾਂ ਨਾਲ ਅਨੇਕ ਵਾਰ ਉਦਾਸੀ ਜੀ ਤੇ ਜਬਰ ਢਾਹਿਆ ਪਰ ਉਸ ਦੀ ਕਲਮ ਸਦਾ ਨਿਰੰਤਰ ਸੱਚਾਈ ਤੇ ਪਹਿਰਾ ਦਿੰਦੀ ਰਹੀ। ਉਸਦੀਆਂ ਰਚਨਾਵਾਂ ਵਿੱਚ ਸਿੱਖ ਇਤਿਹਾਸ ਦੀ ਪ੍ਰਤੱਖ ਨਜ਼ਰ ਪੈਂਦੀ ਹੈ। ਸਿੱਖ ਇਤਿਹਾਸ ਨੂੰ ਨਿਵੇਕਲੇ ਢੰਗ ਰੰਗ ਵਿੱਚ ਰੰਗਿਆ ਸੰਤ ਰਾਮ ਉਦਾਸੀ ਜੀ ਨੇ। ਆਪਣੀਆਂ ਰਚਨਾਵਾਂ ਦੇ ਪਾਤਰਾਂ ਨੂੰ ਵੀ ਉਸਨੇ ਦਲਿਤ ਸਮਾਜ ਵਿੱਚੋਂ ਲੁਕਾਈ ਦੇ ਸਨਮੁਖ ਕੀਤਾ, ਜਿਸਦਾ ਇਸ ਰਚਨਾ ਵਿੱਚੋਂ ਪ੍ਰਤੱਖ ਪ੍ਰਮਾਣ ਮਿਲਦਾ ਹੈ: ”ਜਿੱਥੇ ਬੰਦਾ ਜੰਮਦਾ ਸੀਰੀ ਏ, ਟਕਿਆਂ ਦੀ ਮੀਰੀ ਪੀਰੀ ਏ, ਜਿੱਥੇ ਕਰਜੇ ਹੇਠ ਪੰਜੀਰੀ ਏ।” ਕਾਮੇ ਦੀ ਆਰਥਿਕ ਲੁਟ ਘਸੁੱਟ ਨੂੰ ਉਸਨੇ ਬਾਖੂਬੀ ਬਿਆਨ ਕੀਤਾ:
”ਜਿੱਥੇ ਹਾਰ ਮੰਨ ਲਈ ਚਾਵਾਂ ਨੇ, ਜਿੱਥੇ ਕੂੰਜ ਘੇਰ ਲਈ ਕਾਵਾਂ ਨੇ, ਜਿੱਥੇ ਅਣਵਿਅਹਾਈਆਂ ਹੀ ਮਾਵਾਂ ਨੇ।”
ਆਪਣੇ ਵਤਨ ਪ੍ਰਤੀ ਵੀ ਉਸਦੀ ਵੇਦਨਾਂ ਇਸ ਰਚਨਾ ਵਿੱਚੋਂ ਪ੍ਰਤੱਖ ਨਜ਼ਰ ਪੈਂਦੀ ਹੈ :
”ਭੰਨ ਸੁੱਟੀਆਂ ਨਾਨਕ ਦੀਆਂ ਬਾਹਵਾਂ, ਪੁੱਟ ਸੁੱਟੀਆਂ ਸ਼ਿਵ ਦੀਆਂ ਜਟਾਵਾਂ, ਕਿਸ ਦਾ ਦਮਨ ਕਹੂੰਗਾ।
ਮੈਂ ਹੁਣ ਕਿਸਨੂੰ ਵਤਨ ਕਹੂੰਗਾ।”
ਹਰ ਇੱਕ ਸਾਹਿਤਕਾਰ ਦਾ ਜਾਂ ਕਹਿ ਲਵੋ ਲੇਖਕ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਹੈ, ਦਾਸ ਨੂੰ ਵੀ ਇਕ ਵਾਰ ਉਦਾਸੀ ਜੀ ਦੇ ਜੱਦੀ ਪਿੰਡ ਰਾਇਸਰ ਜਾਣ ਦਾ ਸੁਭਾਗ ਪ੍ਰਾਪਤ ਹੋਇਆ, ਇਕ ਰਾਤ ਉੱਥੇ ਠਹਿਰਨ ਤੋਂ ਬਾਅਦ ਉੱਥੋਂ ਦੇ ਕਈ ਸੱਜਣ ਸੁਨੇਹੀਆਂ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ, ਤਕਰੀਬਨ ਸਾਰੇ ਹੀ ਸੱਜਣਾਂ ਦੇ ਦਿਲ ਵਿੱਚ ਇਸ ਮਹਾਨ ਕਵੀ ਪ੍ਰਤੀ ਸਨੇਹ ਤੇ ਪਿਆਰ ਦੀ ਭਾਵਨਾ ਸਪੱਸ਼ਟ ਦਿਖਾਈ ਦਿੱਤੀ।ਐਸੇ ਮਹਾਨ ਇਨਸਾਨਾਂ ਦੀ ਯਾਦ ਵਿੱਚ ਮੇਲੇ ਜਾਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਜਾਂ ਸ਼ਰਧਾ ਦੇ ਫੁੱਲ ਭੇਂਟ ਕਰਨੇ ਵੀ ਸੁਭਾਵਿਕ ਹੁੰਦੇ ਹਨ।ਇਸੇ ਬਹਾਨੇ ਐਸੀ ਰੂਹ ਨੂੰ ਸਜ਼ਦਾ ਕਰਨਾ ਵੀ ਬਣਦਾ ਹੈ।ਸੋ, ਉਹਨਾਂ ਦੀ ਯਾਦ ਵਿੱਚ ਸਾਲ ਵਿੱਚ ਦੋ ਵਾਰ ਕਵੀ ਦਰਬਾਰਾਂ ਦੇ ਰੂਪ ਵਿੱਚ ਉਹਨਾਂ ਨੂੰ ਯਾਦ ਵੀ ਕੀਤਾ ਜਾਂਦਾ ਹੈ।
ਸੰਤ ਰਾਮ ਉਦਾਸੀ ਦੀ ਕਾਵਿ ਵਿਧੀ ਪੰਜਾਬੀ ਕਵਿਤਾ, ਸੰਨਾਤਨਵਾਦ, ਰਹੱਸਵਾਦ, ਰੋਮਾਂਸਵਾਦ, ਯਥਾਰਥਵਾਦ ਅਤੇ ਜੁਝਾਰੂਵਾਦ ‘ਚੋਂ ਗੁਜਰੀ ਰਚਨਾ ਹੈ ਪਰ ਉਪਰੋਕਤ ਤੋਂ ਬਿਨਾਂ ਕਵੀ ਦੀ ਰਚਨਾ ਤੇ ਨਕਸਲਵਾੜੀ ਲਹਿਰ ਦਾ ਪੂਰਾ ਪ੍ਰਭਾਵ ਸੀ। ਪੰਜਾਬ ਦਾ ਐਸਾ ਕੋਈ ਵੀ ਪਿੰਡ ਨਹੀਂ ਜਿੱਥੇ ਉਦਾਸੀ ਜੀ ਦੀ ਅਵਾਜ ਨਾਂ ਗੂੰਜੀ ਹੋਵੇ।ਐਸੀ ਕੋਈ ਪਿੰਡ ਦੀ ਸੱਥ ਨਹੀਂ ਜਿੱਥੇ ਇਸ ਜੁਝਾਰੂ ਕਵੀ ਦੀ ਗੱਲ ਨਾ ਚੱਲੀ ਹੋਵੇ।
ਉਦਾਸੀ ਜੀ ਦੇ ਚਾਰ ਕਾਵਿ ਸੰਗ੍ਰਹਿ :
‘ਲਹੂ ਭਿੱਜੇ ਬੋਲ, ਚੌ, ਨੌਕਰੀਆਂ ਸੀਖਾਂ, ਲਹੂ ਤੋਂ ਲੋਹੇ ਤੱਕ’ ਪ੍ਰਕਾਸ਼ਿਤ ਹੋਏ।
ਉਸ ਦੀ ਮੌਤ ਤੋਂ ਬਾਅਦ ਵੀ ‘ਕੰਮੀਆਂ ਦਾ ਵਿਹੜਾ’ ਡਾ: ਅਜਮੇਰ ਸਿੰਘ ਦੀ ਪੁਸਤਕ ‘ਸੂਹੇ ਬੋਲ ਉਦਾਸੀ ਦੇ’, ਡਾ: ਚਰਨਜੀਤ ਕੌਰ ਵੱਲੋਂ ਸੰਤ ਰਾਮ ਉਦਾਸੀ ‘ਜੀਵਨ ਤੇ ਰਚਨਾ’ ਵੀ ਛਪ ਚੁੱਕੀ ਹੈ। ਇਸ ਵਿੱਚ ਡਾ: ਸਾਹਿਬ ਨੇ ਉਦਾਸੀ ਜੀ ਨੂੰ ਕਰੁਣਾ ਦਾ ਸ਼ਾਇਰ ਕਿਹਾ ਹੈ।ਉਦਾਸੀ ਆਮ ਲੋਕਾਂ ਦੀ ਸ਼ਹੁਰਗ ਦਾ ਵੀ ਸੀ, ਜਿਸਦੀ ਪ੍ਰਤੱਖ ਨਜ਼ਰ ਉਸਦੀ ਇਸ ਨਜਮ ਵਿੱਚੋਂ ਝਲਕਦੀ ਹੈ :
‘ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ, ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ, ਜਿੱਥੇ ਵਾਲ ਤਰਸਦੇ ਕੰਘੀਆਂ ਨੂੰ।
ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ।ਤੂੰ ਮਘਦਾ ਰਹੀ ਵੇਂ ਸੂਰਜਾ ਕੰਮੀਆਂ ਦੇ ਵਿਹੜੇ।”
ਇਸੇ ਤਰਾਂ ਇਕ ਹੋਰ ਰਚਨਾ ਵਿੱਚ ਕਾਮੇ ਦੀ ਜਿੰਦਗੀ ਦੀ ਪ੍ਰਤੱਖ ਝਲਕ ਪੈਂਦੀ ਹੈ :
‘ਚੱਕ ਤੰਗਲੀ ਨਸੀਬਾਂ ਨੂੰ ਫਰੋਲੀਏ, ਤੂੜੀ ਵਿੱਚੋਂ ਪੁੱਤ ਜੱਗਿਆ।’
ਐਸੇ ਮਹਾਨ ਕਵੀ ਤੇ ਜਿੰਨਾ ਵੀ ਲਿਖਿਆ ਜਾਵੇ ਥੋੜਾ ਹੈ। ਵੇਖਣਾ ਇਹ ਹੈ ਕਿ, ਕੀ ਅਜੋਕੇ ਕਵੀ ਉਸ ਦੀ ਸੋਚ ਨੂੰ ਬਚਾ ਰਹੇ ਹਨ ਕਿ ਰੇਤੇ ਰੋਲ ਰਹੇ ਹਨ? ਐਸੇ ਮਹਾਨ ਕਵੀ ਨੂੰ ਅਜੋਕੇ ਲੇਖਕਾਂ ਅਤੇ ਸਾਹਿਤਕਾਰਾਂ ਦੀ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਸਦੀਆਂ ਲਿਖੀਆਂ ਰਚਨਾਵਾਂ ਨੂੰ ਜਨ-ਜਨ ਤੱਕ ਪਹੁੰਚਾਇਆ ਜਾਵੇ ਅਤੇ ਜਿੰਦਗੀ ਵਿੱਚ ਢਾਲਿਆ ਜਾਵੇ।ਇਸ ਲੇਖ ਦਾ ਨਾਮ ਵੀ ਉਹਨਾਂ ਦੀ ਲਿਖੀ ‘ਵਸੀਅਤ’ ਰਚਨਾ ਵਿੱਚੋਂ ਰੱਖਿਆ ਗਿਆ ਹੈ, ਜੋ ਉਹਨਾਂ ਨੇ ਪੰਜਾਬੀਆਂ ਦੇ ਨਾਮ ਲਿਖੀ। ਇਸ ਗੱਲ ਨੂੰ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜੁਝਾਰੂ ਤੇ ਲੋਕ ਕਵੀ ਸੰਤ ਰਾਮ ਉਦਾਸੀ ਦੀਆਂ ਕਾਵਿ ਰਚਨਾਵਾਂ ਰਹਿੰਦੀ ਦੂਨੀਆਂ ਤੱਕ ਅਮਰ ਤਾਂ ਰਹਿਣਗੀਆਂ ਹੀ, ਬਲਕਿ ਹਰ ਓਸ ਸਖ਼ਸ਼ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਿਆਰ ਕਰਦੇ ਹਨ ਸਦਾ ਜੁਬਾਨ ਤੇ ਵੀ ਰਹਿਣਗੀਆਂ ਅਤੇ ਮਘਦਾ ਸੂਰਜ ਬਣ ਕੇ ਕੰਮੀਆਂ ਦੇ ਵਿਹੜੇ ਸਦਾ ਰੁਸ਼ਨਾਉਂਦੀਆਂ ਰਹਿਣਗੀਆਂ ‘ਤੇ ਓਸ ਮਹਾਨ ਕਵੀ ਨੂੰ ਸਦਾ ਸਜਦਾ ਕਰਦੀਆਂ ਰਹਿਣਗੀਆਂ।
ਸੰਤ ਰਾਮ ਉਦਾਸੀ ਜੀ ਦੇ ਜੱਦੀ ਪਿੰਡ ਰਾਏਸਰ (ਨੇੜੇ ਬਰਨਾਲਾ) ਵਿਖੇ ਲੋਕ ਕਵੀ ਸੰਤ ਰਾਮ ਉਦਾਸੀ ਯਾਦਗਾਰ ਕਮੇਟੀ ਰਜ਼ਿ. ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ 11 ਦਸੰਬਰ ਦਿਨ ਐਤਵਾਰ ਨੂੰ ਭਾਅ ਜੀ ਗੁਰਸ਼ਰਨ ਸਿੰਘ (ਭਾਈ ਮੰਨਾਂ ਸਿੰਘ) ਨੂੰ ਸਮਰਪਿਤ ਇੱਕ ਜੁਝਾਰੂ ‘ਯਾਦਗਾਰੀ ਮੇਲਾ’ ਕਰਵਾਇਆ ਜਾ ਰਿਹਾ, ਜਿਥੇ ਇਨਕਲਾਬੀ ਸਾਥੀ, ਕਵੀ ਤੇ ਮੰਨੀਆਂ ਪ੍ਰਮੰਨੀਆਂ ਸਖਸ਼ੀਅਤਾਂ ਉਹਨਾਂ ਦੀਆਂ ਰਚਨਾਵਾਂ ਨੂੰ ਲੋਕਾਈ ਦੇ ਸਨਮੁੱਖ ਕਰਨਗੇ, ਉਥੇ ਉਸ ਜੁਝਾਰੂ ਕਵੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ।
ਆਓ ਸਾਰੇ ਵਹੀਰਾਂ ਘੱਤ ਕੇ ਜੁਝਾਰੂ ਇਨਕਲਾਬੀ ਕਵੀ ਦੀਆਂ ਰਚਨਾਵਾਂ ਸੁਣ ਕੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ ਉਸ ਦੇ ਪਾਏ ਪੂਰਨਿਆਂ ‘ਤੇ ਚੱਲੀਏ ਤੇ ਅਜੌਕੇ ਹਲਾਤਾਂ ‘ਤੇ ਚਾਰ ਅੱਖਰ ਸਚਾਈ ਅਧਾਰਿਤ ਲਿਖਣ ਦੀ ਪ੍ਰੇਰਨਾ ਲਈਏ।

ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
94174 220146
Punjab Post Daily Online Newspaper & Print Media