ਸ਼੍ਰੋਮਣੀ ਕਮੇਟੀ ਨੇ ਸ. ਵਿਜੇਸਤਬੀਰ ਸਿੰਘ ਕੀਤਾ ਸਨਮਾਨਿਤ
ਅੰਮ੍ਰਿਤਸਰ, 18 ਜੂਨ (ਗੁਰਪ੍ਰੀਤ ਸਿੰਘ)- ਸ. ਵਿਜੇਸਤਬੀਰ ਸਿੰਘ ਆਈ.ਏ.ਐਸ. ਪ੍ਰਿੰਸੀਪਲ ਸਕੱਤਰ ਮਹਾਰਾਸ਼ਟਰ ਸਰਕਾਰ ਤੇ ਚੇਅਰਮੈਨ ਗੁਰਦੁਆਰਾ ਬੋਰਡ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਨੇ ਆਪਣੇ ਪਰਿਵਾਰ ਤੇ ਸਾਥੀਆਂ ਨਾਲ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਤੇ ਸ਼ਾਂਤੀ ਦੀ ਅਰਦਾਸ ਕੀਤੀ। ਇਸ ਮੌਕੇ ਸ.ਰਣਜੀਤ ਸਿੰਘ ਚਿਰਾਗੀਆ ਸੁਪ੍ਰਿੰਟੈਂਡੈਂਟ ਗੁਰਦੁਆਰਾ ਬੋਰਡ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਉਹ ਦਫਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੇ ਤੇ ਗੁਰਦੁਆਰਾ ਪ੍ਰਬੰਧ ਸਬੰਧੀ ਜਰੂਰੀ ਵਿਚਾਰਾਂ ਕੀਤੀਆਂ। ਦਫਤਰ ਸ਼੍ਰੋਮਣੀ ਕਮੇਟੀ ਆਉਣ ਤੇ ਉਨ੍ਹਾਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਲੋਈ, ਸਿਰੋਪਾਓ ਤੇ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ। ਸ.ਵਿਜੇਸਤਬੀਰ ਸਿੰਘ ਆਈ.ਏ.ਐਸ. ਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਵੱਲੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੋਈ ਤੇ ਤਖਤ ਸਾਹਿਬ ਵੱਲੋਂ ਛਪਦੇ ਮਾਸਿਕ ‘ਸੱਚਖੰਡ ਪੱਤਰ’ ਦੀ ਕਾਪੀ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਹਜ਼ੂਰ ਸਾਹਿਬ ਕਮੇਟੀ ਵੱਲੋਂ ਆਲ ਇੰਡੀਆ ਗੁਰਦੁਆਰਾ ਐਕਟ ਬਾਰੇ ਅਜੇ ਕੋਈ ਵਿਚਾਰ-ਚਰਚਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਪ੍ਰਧਾਨ ਸਾਹਿਬ ਨੂੰ ਮਿਲੇ ਹਨ ਤੇ ਉਨ੍ਹਾਂ ਵੱਲੋਂ ਮਿਲੇ ਮਾਨ-ਸਨਮਾਨ ਬਦਲੇ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਬੱਤ ਖਾਲਸਾ ਬੁਲਾਉਣ ਬਾਰੇ ਪੁੱਛੇ ਸਵਾਲ ਦੇ ਜੁਆਬ ਵਿੱਚ ਕਿਹਾ ਕਿ ਸਮੁੱਚੀ ਸਿੱਖ ਕੌਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਤੇ ਕੋਈ ਵੀ ਵਿਅਕਤੀ ਜਾਂ ਕਮੇਟੀ ਆਪਣੇ ਤੌਰ ਤੇ ਸਰਬੱਤ ਖਾਲਸਾ ਨਹੀਂ ਬੁਲਾ ਸਕਦੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੁੱਚੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੀ ਹੈ ਤੇ ਅਜਿਹੇ ਫੈਸਲੇ ਹੋਰ ਕੋਈ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਜਿਥੋਂ ਤੀਕ ਸਰਨੇ ਦਾ ਸਵਾਲ ਹੈ ਉਹ ਕੌਮ ‘ਚ ਦੁਬਿਧਾ ਪੈਦਾ ਕਰਨ ਦੀ ਆਪਣੀ ਡਿਊਟੀ ਸਮਝਦਾ ਹੈ। ਉਸ ਦੀਆਂ ਅਜਿਹੀਆਂ ਹਰਕਤਾਂ ਕਰਕੇ ਪਹਿਲਾਂ ਦਿੱਲੀ ਦੀਆਂ ਸੰਗਤਾਂ ਨੇ ਉਸ ਨੂੰ ਵੋਟ ਪਰਚੀ ਰਾਹੀਂ ਨਕਾਰਿਆ ਹੈ ਤੇ ਹੁਣ ਉਹ ਔਕਾਫ ਬੋਰਡ ਪਾਕਿਸਤਾਨ ਨਾਲ ਰਲ ਕੇ ਕੌਮ ‘ਚ ਦੁਬਿਧਾ ਪੈਦਾ ਕਰਨ ਦੀਆਂ ਵਿਊਤਾਂ ਬਣਾ ਰਿਹਾ ਹੈ ਜਿਸ ਤੋਂ ਦੇਸ਼ ਵਿਦੇਸ਼ ਤੇ ਖਾਸਕਰ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਸੁਚੇਤ ਹਨ।ਇਸ ਮੌਕੇ ਸ.ਦਲਮੇਘ ਸਿੰਘ, ਸ.ਮਨਜੀਤ ਸਿੰਘ ਤੇ ਸ.ਸਤਬੀਰ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ ਤੇ ਸ.ਪਰਮਜੀਤ ਸਿੰਘ ਸਰੋਆ ਵਧੀਕ ਸਕੱਤਰ, ਸ.ਸਤਿੰਦਰ ਸਿੰਘ ਨਿੱਜੀ ਸਹਾਇਕ ਪ੍ਰਧਾਨ ਸਾਹਿਬ, ਸ.ਪ੍ਰਤਾਪ ਸਿੰਘ ਤੇ ਸ.ਗੁਰਿੰਦਰ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਹਰਮਿੰਦਰ ਸਿੰਘ ਮੂਧਲ ਸੁਪ੍ਰਿੰਟੈਂਡੈਂਟ, ਸ.ਰਣਜੀਤ ਸਿੰਘ ਮੀਡੀਆ ਸਲਾਹਕਾਰ, ਸ.ਸਤਨਾਮ ਸਿੰਘ ਸਲੂਜਾ, ਸ. ਹਰਮੀਤ ਸਿੰਘ ਸਲੂਜਾ, ਸ. ਗੁਲਾਬਬੀਰ ਸਿੰਘ ਸਰਪੰਚ, ਸ. ਹਰਨੂਰ ਸਿੰਘ ਗੁੰਮਟਾਲਾ, ਸ. ਜਗਦੇਵ ਸਿੰਘ ਸਰਪੰਚ, ਸ. ਰਾਜਵਿੰਦਰ ਸਿੰਘ, ਸ. ਕੁਲਜੀਤ ਸਿੰਘ ਤੇ ਸ. ਗੁਰਪਾਲ ਸਿੰਘ ਆਦਿ ਮੌਜੂਦ ਸਨ।