ਆਈ.ਐਸ.ਓ., ਫੈਡਰੇਸ਼ਨ ਆਗੂਆਂ ਵੱਲੋਂ ਰੱਖੀ ਮੰਗ

ਅੰਮ੍ਰਿਤਸਰ, 21 ਜੂਨ ( ਪੰਜਾਬ ਪੋਸਟ ਬਿਊਰੋ)- ਪੰਜਾਬ ਦੀਆਂ ਜੇਲ੍ਹਾਂ ਦੇ ਸਰਵਪੱਖੀ ਵਿਕਾਸ ਤੇ ਆਧੁਨੀਕੀਕਰਨ ਲਈ ਜਲਦ ਉਚਿਤ ਕਦਮ ਚੁੱਕੇ ਜਾਣਗੇ। ਇਹ ਭਰੋਸਾ ਨਵ-ਨਿਯੁੱਕਤ ਜੇਲ੍ਹ ਮੰਤਰੀ ਸੋਹਨ ਸਿੰਘ ਠੰਡਲ ਨੇ ਫੈਡਰੇਸ਼ਨ ਤੇ ਆਈ.ਐਸ.ਓ. ਦੇ ਪੰਜ ਮੈਂਬਰੀ ਵਫਦ ਨਾਲ ਗੱਲਬਾਤ ਦੌਰਾਨ ਦਿਵਾਇਆ।ਕੰਵਰਬੀਰ ਸਿੰਘ ਨੇ ਦੱਸਿਆ ਕਿ ਫੈਡਰੇਸ਼ਨ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਆਈ.ਐਸ.ਓ. ਪ੍ਰਧਾਨ ਸੁਖਜਿੰਦਰ ਸਿੰਘ ਜੋੜਾ, ਸੀ: ਮੀਤ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ, ਮਾਸਟਰ ਬਲਰਾਜ ਸਿੰਘ ਸਮੇਤ ਸਾਂਝੇ ਤੌਰ ਤੇ ਜੇਲ੍ਹ ਮੰਤਰੀ ਕੋਲ ਜਿੱਥੇ ਜੇਲ੍ਹਾਂ ਵਿੱਚ ਆ ਰਹੀਆਂ ਅਨੇਕਾਂ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ, ਉਥੇ ਪੰਜਾਬ ਦੀਆਂ ਸਮੂੰਹ ਜੇਲ੍ਹਾਂ ਵਿੱਚ ਅੰਮ੍ਰਿਤ-ਸੰਚਾਰ ਕਰਵਾਉਣ ਦੀ ਆਪਣੀ ਮੰਗ ਨੂੰ ਵੀ ਠੋਸ ਤਰੀਕੇ ਨਾਲ ਰੱਖਿਆ। ਜਿਸ ਦੇ ਜਵਾਬ ਵਜੋਂ ਜੇਲ੍ਹ ਮੰਤਰੀ ਸੋਹਨ ਸਿੰਘ ਠੰਡਲ ਨੇ ਕਿਹਾ ਕਿ ਜੇਲ੍ਹਾਂ ਵਿੱਚ ਅੰਮ੍ਰਿਤ ਸੰਚਾਰ ਇੱਕ ਚੰਗਾ ਕਦਮ ਹੋਵੇਗਾ, ਜਿਸ ਲਈ ਉਹ ਜੇਲ੍ਹਾਂ ਵਿੱਚ ਸਭ ਤੋਂ ਪਹਿਲਾਂ ਪ੍ਰਚਾਰਕ ਭੇਜਣਗੇ, ਜੋ ਨਜ਼ਰਬੰਦ ਕੈਦੀਆਂ ਨੂੰ ਗੁਰੂ ਇਤਿਹਾਸ ਨਾਲ ਜੋੜਨ ਦੇ ਨਾਲ-ਨਾਲ ਕੈਦੀਆਂ ਨੂੰ ਅੰਮ੍ਰਿਤ ਸੰਚਾਰ ਲਈ ਆਤਮਿਕ ਤੇ ਸਰੀਰਕ ਤੌਰ ਤੇ ਮਜ਼ਬੂਤ ਬਨਾਉਣਗੇ, ਤਾਂ ਜੋ ਅੰਮ੍ਰਿਤਪਾਨ ਕਰਨ ਉਪਰੰਤ ਹਰ ਕੈਦੀ ਆਪਣੀ ਰਹਿਤ ਵਿੱਚ ਪੂਰਾ ਪਰਪੱਕ ਰਹਿ ਸਕੇ। ਕੰਵਰਬੀਰ ਸਿੰਘ ਨੇ ਕਿਹਾ ਕਿ ਜੇਲ੍ਹ ਮੰਤਰੀ ਜਲਦ ਹੀ ਆਪਣੇ ਜੇਲ੍ਹ ਦੌਰੇ ਸ਼ੁਰੂ ਕਰਨ ਜਾ ਰਹੇ ਹਨ ਅਤੇ ਜੇਲ੍ਹਾਂ ਦਾ ਸੁਧਾਰ ਅਤੇ ਕੈਦੀਆਂ ਦੀਆਂ ਜ਼ਰੂਰਤਾਂ, ਮੁਸ਼ਕਿਲਾਂ ਨੂੰ ਬਰੀਕੀ ਨਾਲ ਜਾਚਣ ਦਾ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਆਉਂਦੇ ਕੁੱਝ ਦਿਨਾਂ ਵਿੱਚ ਜੇਲ੍ਹ ਮੰਤਰੀ ਠੰਡਲ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਦੇ ਸੁਪਰਡੈਂਟਾਂ ਦੀ ਇੱਕ ਸਾਂਝੀ ਮੀਟਿੰਗ ਵੀ ਬੁਲਾਉਣ ਜਾ ਰਹੇ ਹਨ ਤਾਂ ਜੋ ਅਗਲੇਰੀ ਕਾਰਵਾਈ ਹਿੱਤ ਜੇਲ੍ਹ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਜਾ ਸਕਣ। ਇਸ ਦੇ ਨਾਲ-ਨਾਲ ਵਫਦ ਵੱਲੋਂ ਜੇਲ੍ਹ ਮੰਤਰੀ ਸੋਹਨ ਸਿੰਘ ਠੰਡਲ ਨੂੰ ਜੇਲ੍ਹਾਂ ਵਿੱਚ ਡਾਕਟਰਾਂ ਦੀ ਘਾਟ ਤੇ ਦਵਾਈਆਂ ਦੀ ਵੱਧ ਸਹੂਲਤ ਦੀ ਰੱਖੀ ਗਈ ਮੰਗ ਤੇ ਆਪਣਾ ਪ੍ਰਤਿਕਰਮ ਦਿੰਦਿਆਂ ਆਖਿਆ ਕਿ ਇਸ ਦੇ ਹੱਲ ਲਈ ਤੁਰੰਤ ਕਦਮ ਚੁੱਕੇ ਜਾ ਰਹੇ ਹਨ ਅਤੇ ਜਲਦੀ ਡਾਕਟਰਾਂ ਦੀ ਭਰਤੀ ਤੇ ਦਵਾਈਆਂ ਦੀ ਸਹੂਲਤ ਨੂੰ ਵਧਾ ਦਿੱਤਾ ਜਾਵੇਗਾ।ਆਈ.ਐਸ.ਓ. ਜਿਲਾ ਪ੍ਰਧਾਨ ਕੰਵਰਬੀਰ ਸਿੰਘ ਨੇ ਕਿਹਾ ਕਿ ਕੈਦੀਆਂ ਦੀ ਨਕਸ਼ਾ ਪ੍ਰਣਾਲੀ, ਪੱਕੀ ਛੁੱਟੀ, ਕੈਦੀਆਂ ਦੀਆਂ ਹੋਰ ਬੁਨਿਆਦੀ ਸਹੂਲਤਾਂ ਦੀ ਪੂਰਤੀ ਲਈ ਜੇਲ੍ਹ ਮੰਤਰੀ ਜੇਲ੍ਹ ਦੌਰਿਆਂ ਦੌਰਾਨ ਬਰੀਕੀ ਨਾਲ ਜਾਂਚ ਕਰਨਗੇ ਤਾਂ ਜੋ ਇੰਨ੍ਹਾਂ ਦਰਪੇਸ਼ ਮੁਸ਼ਕਿਲਾਂ ਦਾ ਸੌਖਾ ਹੱਲ ਨਿਕਲ ਸਕੇ।ਅਖੀਰ ਵਿੱਚ ਮੰਤਰੀ ਸੋਹਨ ਸਿੰਘ ਠੰਡਲ ਨੇ ਵਫਦ ਦਾ ਧੰਨਵਾਦ ਕੀਤਾ।
Punjab Post Daily Online Newspaper & Print Media