ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦਿੱਤੀ ਹਰੀ ਝੰਡੀ
ਅੰਮ੍ਰਿਤਸਰ, 26 ਜੂਨ (ਪ੍ਰੀਤਮ ਸਿੰਘ)- ਇਤਿਹਾਸਕ ਖ਼ਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਗਰੁੱਪ ਅੰਮ੍ਰਿਤਸਰ ਵੱਲੋਂ ਫ਼ਸਟ ਪੰਜਾਬ ਬਟਾਲੀਅਨ ਐੱਨ. ਸੀ. ਸੀ. ਆਰਮੀ ਵਿੰਗ ਦੀ ਅਗਵਾਈ ਹੇਠ ‘ਨਸ਼ਾ ਵਿਰੋਧੀ’ ਅਤੇ ਈਲੀਸਿਟ ਟ੍ਰੇਫ਼ੀਕਿੰਗ ਰੈਲੀ ਕੱਢੀ ਗਈ। ਜਿਸ ‘ਚ ਵੱਖ-ਵੱਖ ਰਾਜਾਂ ‘ਤੋਂ ਆਏ ਐੱਨ. ਸੀ. ਸੀ. ਅਤੇ ਗਰੁੱਪ ਅੰਮ੍ਰਿਤਸਰ ਦੇ ਕੈਡਿਟਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ। ਰੈਲੀ ਨੂੰ ਪ੍ਰਿੰਸੀਪਲ ਡਾ. ਮਹਿਲ ਸਿੰਘ, ਗਰੁੱਪ ਕਮਾਂਡਰ ਬ੍ਰਿਗੇਡੀਅਰ ਬਲਵਿੰਦਰ ਸਿੰਘ, ਸੈਨਾ ਮੈਡਲ ਅਤੇ ਕਰਨਲ ਆਰ. ਐੱਸ. ਬਾਠ ਵੱਲੋਂ ਹਰੀ ਝੰਡੀ ਵਿਖਾਕੇ ਰਵਾਨਾ ਕੀਤਾ। ਰੈਲੀ ‘ਚ ਐੱਨ. ਸੀ. ਸੀ. ਕੈਡਿਟਾਂ ਨੇ ਹੱਥਾਂ ‘ਚ ਸਮਾਜਿਕ ਬੁਰਾਈਆਂ ਖਿਲਾਫ਼ ਅੰਕਿਤ ਕੀਤੀਆਂ ਤਖ਼ਤੀਆਂ ਨੂੰ ਚੁੱਕਕੇ ਉਸ ਵਿਰੁੱਧ ਡੱਟਕੇ ਹੰਭਲਾ ਮਾਰਨ ਦੇ ਉਪਦੇਸ਼ ਦਾ ਹੋਕਾ ਦਿੰਦਿਆ ਪੁਤਲੀਘਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਲੋਕਾਂ ਨੂੰ ਜਾਗ੍ਰਿਤ ਕੀਤਾ।
ਇਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਨੂੰ ਆਪਣੇ ਸਮਾਜ ‘ਚੋਂ ਨਸ਼ੇ ਦਾ ਕੋਹੜ ਖ਼ਤਮ ਕਰਨ ਦਾ ਸਮੂਹਿਕ ਉਪਰਾਲਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨੀ ਜ਼ਿੰਦਗੀ ਨਾਲ ਸੰਘਰਸ਼ ਕਰਨ ਦੀ ਬਜਾਏ ਜਲਦੀ ਹਾਰ ਮੰਨ ਕੇ ਬੈਠ ਜਾਂਦਾ ਹੈ ਤੇ ਮਾਯੂਸੀ ਦੇ ਆਲਮ ‘ਚ ਨਸ਼ਿਆ ਨੂੰ ਸਭ ਤੋਂ ਵੱਡਾ ਸਹਾਰਾ ਸਮਝ ਰਿਹਾ ਹੈ, ਜੋ ਕਿ ਉਸਦਾ ਆਪਣੇ ਜਮੀਰ, ਦੇਸ਼ ਤੇ ਮਾਪਿਆਂ ਪ੍ਰਤੀ ਫ਼ਰਜ਼ ਨਾਲ ਧੋਖਾ ਹੈ।ਇਸ ਮੌਕੇ ਬ੍ਰਿਗੇਡੀਅਰ ਬਲਵਿੰਦਰ ਸਿੰਘ ਨੇ ਕਿਹਾ ਕਿ ਐੱਨ. ਸੀ. ਸੀ. ਮਿਲਟਰੀ ਟ੍ਰੇਨਿੰਗ ਦੇ ਨਾਲ-ਨਾਲ ਸਮਾਜ ਸੇਵਾ ਦਾ ਕੰਮ ਵੀ ਕਰਦੀ ਹੈ। ਰੈਲੀ ‘ਚ ਲੈਫ਼: ਕਰਨਲ ਸ਼ਮਸ਼ੇਰ ਸਿੰਘ ਤੋਂ ਇਲਾਵਾ ਡਾ. ਜਸਵਿੰਦਰ ਸਿੰਘ, ਡਾ. ਗੁਰਵੇਲ ਸਿੰਘ ਮੱਲ੍ਹੀ, ਕੈਪਟਨ ਅਮਨਦੀਪ ਕੌਰ, ਲੈਫ਼. ਮਨੀਸ਼ ਗੁਪਤਾ, ਸੁਖਪਾਲ ਸਿੰਘ, ਸੂਬੇਦਾਰ ਮੇਜ਼ਰ ਬਲਵੀਰ ਸਿੰਘ ਅਤੇ ਵੱਖ-ਵੱਖ ਰਾਜਾਂ ਤੋਂ ਆਏ ਐੱਨ. ਸੀ. ਸੀ. ਅਫ਼ਸਰ ਤੇ ਕਾਲਜ ਕੈਡਿਟ ਮੌਜ਼ੂਦ ਸਨ।