ਅੰਮ੍ਰਿਤਸਰ 30 ਜੂਨ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਂਕ ਬਾਬਾ ਸਾਹਿਬ ਵਿਖੇ ਸੰਤ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਵਾਲਿਆਂ ਦੁਆਰਾ ਚੱਲ ਰਹੀ ਸਰਾਂ ਦੀ ਕਾਰ ਸੇਵਾ ਦੌਰਾਨ ਦੁਕਾਨਾਂ ਦੇ ਲਏ ਜਾ ਰਹੇ ਕਬਜੇ ਸਮੇ ਦੁਕਾਨਦਾਰਾਂ ਵਲੋਂ ਹੋਏ ਵਿਰੋਧ ਕਾਰਣ ਸ਼੍ਰੌਮਣੀ ਕਮੇਟੀ ਮੁਲਾਜਮਾਂ ਸਮੇਤ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ੍ਰ: ਪ੍ਰਤਾਪ ਸਿੰਘ ਨੇ ਦੱਸਿਆ ਕਿ ਚੌਂਕ ਬਾਬਾ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਲਕੀਅਤੀ ਜਗ੍ਹਾ ਪੁਰ ਚੱਲ ਰਹੀ ਕਾਰਸੇਵਾ ਦੌਰਾਨ ਲਾਗਲੇ ਦੁਕਾਨਦਾਰ ਸ੍ਰ: ਸਤਬੀਰ ਸਿੰਘ ਬਜਾਜ ਸਪੁੱਤਰ ਸ੍ਰ: ਗੁਰਬਖਸ਼ ਸਿੰਘ, ਸ੍ਰ: ਮੋਹਨ ਸਿੰਘ ਸਪੁੱਤਰ ਸ੍ਰ: ਗੁਰਬਖਸ਼ ਸਿੰਘ. ਸ੍ਰ: ਪਰਮਜੀਤ ਸਿੰਘ ਸਪੁੱਤਰ ਸ੍ਰ: ਸਰਦਾਰਾ ਸਿੰਘ, ਉਨ੍ਹਾਂ ਦੇ ਲੜਕਿਆਂ ਤੇ ਸੱਤ-ਅੱਠ ਅਣਪਛਾਤੇ ਵਿਅਕਤੀਆਂ ਦੁਆਰਾ ਕ੍ਰਿਪਾਨਾਂ, ਲਾਠੀਆਂ ਅਤੇ ਇੱਟਾਂ ਨਾਲ ਸ਼੍ਰੋਮਣੀ ਕਮੇਟੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁਲਾਜਮਾਂ ਤੇ ਜਾਨ ਲੇਵਾ ਹਮਲਾ ਕੀਤਾ ਗਿਆ। ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੀਤ ਮੈਨੇਜਰ ਸ੍ਰ: ਪ੍ਰਮਜੀਤ ਸਿੰਘ, ਸ੍ਰ: ਲਖਵਿੰਦਰ ਸਿੰਘ, ਸ੍ਰ: ਗੁਰਵਿੰਦਰ ਸਿੰਘ ਮੂਧਲ,, ਸ੍ਰ: ਗੁਰਦੀਪ ਸਿੰਘ ਤੇ ਸ੍ਰ: ਬੰਤਾ ਸਿੰਘ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਸੰਗਤਾਂ ਲਈ ਬਣਾਈ ਜਾ ਰਹੀ ਰਿਹਾਇਸ਼ੀ ਜਗ੍ਹਾ ਤੇ ਕੁੱਝ ਕਿਰਾਏਦਾਰ ਦੁਕਾਨਦਾਰ ਜਿਨ੍ਹਾਂ ਨਾਲ ਲਿਖਤੀ ਸਮਝੌਤੇ ਤਹਿਤ ਉਨ੍ਹਾਂ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਗੁਰਦੁਆਰਾ ਸ਼ਹੀਦਾਂ ਦੇ ਵਿਚਕਾਰ ਦੁਕਾਨਾ ਬਣਾ ਕੇ ਦਿੱਤੀਆਂ ਗਈਆਂ ਹਨ, ਦੀਆਂ ਖਾਲੀ ਦੁਕਾਨਾਂ ਦੀ ਜਦ ਸੇਵਾ ਚਲ ਰਹੀ ਸੀ ਤਾਂ ਸ੍ਰ: ਸਤਬੀਰ ਸਿੰਘ ਬਜਾਜ ਤੇ ਉਸ ਦੇ ਨਾਲ ਸ਼ਾਮਿਲ ਉਸ ਦੇ ਉਕਤ ਸਾਥੀਆਂ ਨੇ ਸੇਵਾ ਤੇ ਤਇਨਾਤ ਮੁਲਾਜਮਾਂ ਤੇ ਜਾਨ ਲੇਵਾ ਹਮਲਾ ਕਰ ਦਿੱਤਾ।ਉਧਰ ਦੁਕਾਨਦਾਰ ਸਤਬੀਰ ਸਿੰਘ ਬਜਾਜ ਦਾ ਕਹਿਣਾ ਹੈ ਕਿ ਉਸ ਦੀਆਂ ਤਿੰਨ ਦੁਕਾਨਾਂ ਹਨ, ਜਿੰਨਾ ਬਾਰੇ ਸ਼੍ਰੋਮਣੀ ਕਮੇਟੀ ਨਾਲ ਸਮਝੌਤਾ ਨਾ ਹੋਣ ਕਰਕੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਗਰਮੀਆਂ ਦੀਆਂ ਛੁੱਟੀਆਂ ਉਪਰੰਤ ਹੁਣ ਅਦਾਲਤਾਂ ਮੁੜ ਲੱਗ ਰਹੀਆਂ ਹਨ ਅਤੇ ਉਨਾਂ ਦਾ ਕੇਸ ਵੀ ਮਾਨਯੋਗ ਅਦਾਲਤ ਵਲੋਂ ੨ ਜੁਲਾਈ ਨੂੰ ਵਿਚਾਰਿਆ ਜਾਣਾ ਹੈ, ਲੇਕਿਨ ਸ਼੍ਰੋਮਣੀ ਕਮੇਟੀ ਨੇ ਅੱਜ ਦੁਕਾਨਾਂ ਦਾ ਕਬਜਾ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ।ਸ੍ਰ. ਸਤਬੀਰ ਸਿੰਘ ਬਜਾਜ ਨੇ ਕਿਹਾ ਹੈ ਕਿ ਤਿੰਨ ਦੁਕਾਨਾਂ ਤੋਂ ਇਲਾਵਾ ਉਸ ਪਾਸ ਹੋਰ ਦੁਕਾਨਾਂ ਦੀਆਂ ਛੱਤਾਂ ਦਾ ਵੀ ਕਬਜਾ ਹੈ, ਜਿਸ ਦਾ ਉਹ ਸ਼੍ਰੋਮਣੀ ਕਮੇਟੀ ਨੂੰ ਕਿਰਾਇਆ ਦੇ ਰਿਹਾ ਹੈ ।ਅੱਜ ਹੋਈ ਲੜਾਈ ਦੌਰਾਨ ਤਲਵਾਰਾਂ ਅਤੇ ਇੱਟਾਂ ਪੱਥਰ ਵੀ ਚੱਲੇ, ਜਿਸ ਨਾਲ ਸਤਬੀਰ ਸਿੰਘ ਬਜਾਜ ਦੇ ਪੁੱਤਰ ਸਮੇਤ ਦੋਨਾਂ ਧਿਰਾਂ ਦੇ ਵਿਅਕਤੀਆਂ ਨੂੰ ਕਾਫੀ ਸੱਟਾਂ ਲੱਗੀਆਂ ਤੇ ਕਈ ਗੰਭੀਰ ਜਖਮੀ ਹੋ ਗਏ।
ਇਸੇ ਦੋਰਾਨ ਮੌਕੇ ਤੇ ਪਹੁੰਚੇ ਸ੍ਰ: ਗੁਰਵਿੰਦਰ ਸਿੰਘ ਡੀ ਐਸ ਪੀ ਅਤੇ ਥਾਣਾ ਸੀ ਡਵੀਜ਼ਨ ਦੇ ਐਸ. ਐਚ. ਓ ਸੁਰਿੰਦਰ ਸਿੰਘ ਨੂੰ ਸ੍ਰ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਜਗ੍ਹਾ ਦੀ ਮਲਕੀਅਤੀ ਦੇ ਕਾਗਜ਼ ਦਿਖਾ ਕੇ ਆਪਣਾ ਪੱਖ ਰੱਖਿਆ, ਜਦਕਿ ਸਤਬੀਰ ਸਿੰਘ ਬਜਾਜ ਨੇ ਦੱਸਿਆ ਕਿ ਉਸ ਨੇ ਵੀ ਆਪਣੇ ਕਾਗਜਾਤ ਪੁਲਿਸ ਅਫਸਰਾਂ ਨੂੰ ਦਿਖਾਏ ਹਨ।ਸੂਚਨਾ ਅਨੁਸਾਰ ਪੁਲਿਸ ਵਲੋਂ ਅਜੇ ਤੱਕ ਕਿਸੇ ਖਿਲਾਫ ਵੀ ਕੇਸ ਦਰਜ ਨਹੀ ਕੀਤਾ ਗਿਆ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …