ਇਲਾਜ ਦੇ ਨਾਲ-ਨਾਲ ਪੁਨਰਵਾਸ ਲਈ ਕਿੱਤਾਮੁਖੀ ਤੇ ਹੁਨਰ ਸਿਖਲਾਈ ਦਿੱਤੀ ਜਾਵੇਗੀ
ਫਾਜਿਲਕਾ, 1 ਜੁਲਾਈ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸਰਹੱਦੀ ਜਿਲ੍ਹੇ ਫਾਜਿਲਕਾ ਦੇ ਲੋਕਾਂ ਦੀ ਸਹੂਲਤ ਲਈ ਪਿੰਡ ਰਾਮਗੜ ਉਰਫ ਜੱਟ ਵਾਲੀ ਵਿਖੇ ੫੦ ਬਿਸਤਰਿਆ ਵਾਲਾ ਅਤਿ ਆਧੁਨਿਕ ਨਸ਼ਾ ਛੁਡਾਉ ਅਤੇ ਪੁਨਰਵਾਸ ਕੇਂਦਰ ਸਥਾਪਿਤ ਕੀਤਾ ਜਾਵੇਗਾ , ਜਿਸਤੇ ਕਰੀਬ ੩ ਕਰੋੜ ਰੁਪਏ ਖਰਚ ਆਉਣ ਦੀ ਉਮੀਦ ਹੈ । ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦਿੱਤੀ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦਾ ਸ਼ਿਕਾਰ ਲੋਕਾਂ ਦੇ ਇਲਾਜ ਤੋਂ ਇਲਾਵਾ ਉਹਨਾਂ ਦੇ ਪੁਨਰਵਾਸ ਲਈ ਵਿਸ਼ੇਸ਼ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਫਾਜਿਲਕਾ ਜਿਲ੍ਹੇ ਵਿਚ ਅਤਿ ਆਧੁਨਿਕ ਕਿਸਮ ਦਾ ਨਸ਼ਾ ਛੁਡਾਉ ਅਤੇ ਪੁਨਰਵਾਸ ਕੇਂਦਰ ਖੋਲਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਪਿੰਡ ਰਾਮ ਨਗਰ ਉਰਫ ਜੱਟ ਵਾਲੀ ਦੀ ਪੰਚਾਇਤ ਵੱਲੋਂ ਇਸ ਸਬੰਧੀ ਮਤਾ ਪਾਸ ਕਰਕੇ ਲੋਂੜੀਂਦੀ ਜਮੀਨ ਦਾਨ ਵੱਜੋ ਦਿੱਤੀ ਗਈ ਹੈ, ਜੋ ਸਿਹਤ ਵਿਭਾਗ ਦੇ ਨਾਂ ਤਬਦੀਲ ਕਰਨ ਦੇ ਆਦੇਸ਼ ਦੇ ਦਿੱਤੇ ਗਏ ਹਨ । ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਭਿਆਨਕ ਸਮਾਜਿਕ ਬੁਰਾਈ ਨੂੰ ਜੜ ਤੋਂ ਖਤਮ ਕਰਨ ਵਾਸਤੇ ਪੰਜਾਬ ਰਾਜ ਨਸ਼ਾ ਮੁਕਤੀ ਤੇ ਮੁੜ ਵਸੇਬਾ ਬੋਰਡ ਦਾ ਗਠਨ ਕੀਤਾ ਗਿਆ ਹੈ । ਜਿਸ ਤਹਿਤ ਜਿਲ੍ਹਾ ਪੱਧਰ ਤੇ ਨਸ਼ਾ ਮੁਕਤੀ ਤੇ ਪੁਨਰ ਵਸੇਬਾ ਸੁਸਾਇਟੀਆਂ ਦਾ ਗਠਨ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਬੋਰਡ ਤੇ ਜਿਲ੍ਹਾ ਪੱਧਰ ਦੀਆਂ ਸੁਸਾਇਟੀਆਂ ਨਸ਼ਾ ਪੀੜਤਾਂ ਦੇ ਇਲਾਜ ਅਤੇ ਬਾਅਦ ਵਿਚ ਉਹਨਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨਗੀਆਂ ਤੇ ਲੋੜ ਅਨੁਸਾਰ ਕਿੱਤਾ ਮੁੱਖੀ ਟ੍ਰੇਨਿੰਗ, ਬੈਂਕ ਕਰਜੇ ਆਦਿ ਦਾ ਵੀ ਪ੍ਰਬੰਧ ਕਰਨਗੀਆਂ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਵਾ ਸਥਾਪਿਤ ਹੋਣ ਵਾਲਾ ਨਸ਼ਾ ਛੁਡਾਉ ਤੇ ਮੁੜ ਵਸੇਬਾ ਕੇਂਦਰ ਨਸ਼ਿਆਂ ਦਾ ਸ਼ਿਕਾਰ ਲੋਕਾਂ ਦੇ ਨਵੇਂ ਜੀਵਨ ਅਤੇ ਪੁਨਰਵਾਸ ਲਈ ਬਹੁਤ ਹੀ ਸਹਾਈ ਸਿੱਧ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿਚ ਨਸ਼ਾ ਮੁਕਤੀ ਤੋਂ ਇਲਾਵਾ ਪੁਨਰਵਾਸ ਲਈ ਮਨੋਰੋਗਾਂ ਦੇ ਮਾਹਿਰ ਪੀੜਤਾਂ ਦੀ ਮਨੋਂਦਸ਼ਾ ਠੀਕ ਕਰਨਗੇ । ਇਸ ਕੇਂਦਰ ਵਿਚ ਮਰੀਜਾਂ ਨੂੰ ਅਧਿਆਤਮਕ ਸੇਧਾਂ ਦੇਣ, ਖੇਡਾਂ, ਮਨੋਰੰਜਨ ਅਦਿ ਦਾ ਵੀ ਪ੍ਰਬੰਧ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਕਿੱਤਾ ਮੁਖੀ ਸਿਖਲਾਈ ਦੇ ਕੇ ਸਵੈ ਰੁਜਗਾਰ ਲਈ ਬੈਂਕਾ ਤੋ ਅਸਾਨ ਕਿਸਤਾਂ ਤੇ ਕਰਜੇ ਵੀ ਲੈ ਕੇ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਫਾਜਿਲਕਾ ਵਿਖੇ ਬਨਣ ਵਾਲਾ ਨਸ਼ਾ ਛਡਾਉ ਅਤੇ ਪੁਨਰਵਾਸ ਕੇਂਦਰ ਜਿੱਥੇ ਲੋਕਾਂ ਨੂੰ ਨਸ਼ਿਆਂ ਤੋ ਛੁਟਕਾਰਾ ਦਿਵਾ ਕੇ ਨਵੀਂ ਜਿੰਦਗੀ ਪ੍ਰਦਾਨ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ ਉਥੇ ਉਨ੍ਹਾਂ ਦੇ ਪੁਨਰਵਾਸ ਲਈ ਵੀ ਵੱਡਮੁੱਲਾ ਯੋਗਦਾਨ ਦੇਵੇਗਾ ।