ਰੈਲੀ ਉਪਰੰਤ ਬਜ਼ਾਰਾਂ ਵਿਚ ਰੋਸ ਮਾਰਚ ਦਾ ਐਲਾਨ
ਸਮਰਾਲਾ, 5 ਅਕਤੂਬਰ (ਪੰਜਾਬ ਪੋਸਟ- ਕੰਗ) – ਪੰਜਾਬ ਭਰ ਦੇ 3.5 ਲੱਖ ਸਰਕਾਰੀ ਪੈਨਸ਼ਰਾਂ/ਫੈਮਲੀ ਪੈਨਸ਼ਨਰਾਂ ਅਤੇ ਅਰਧ ਸਰਕਾਰੀ ਪੈਨਸ਼ਨਰਾਂ ਨੇ 7 ਅਕਤੂਬਰ 2017 ਨੂੰ ਪਠਾਨਕੋਟ ਦੇ ਸ਼ਿਮਲਾ ਪਹਾੜੀ ਵਿਖੇ ਆਪਣੀਆਂ ਹੱਕੀ ਮੰਗਾਂ ਨੂੰ ਪੰਜਾਬ ਸਰਕਾਰ ਵੱਲੋਂ ਨਾ ਮੰਨੇ ਜਾਣ ਤੇ ਮਜ਼ਬੂਰੀ ਵੱਸ ਰੋਸ ਰੈਲੀ ਉਪਰੰਤ ਬਜ਼ਾਰਾਂ ਵਿਚ ਰੋਸ ਮਾਰਚ ਵੀ ਕਰਕੇ ਇਹਨਾਂ ਵਿਰੁੱਧ ਪ੍ਰਚਾਰ ਅਤੇ ਪਿੱਟ ਸਿਆਪਾ ਕਰਕੇ ਆਮ ਲੋਕਾਂ ਨੂੰ ਜਾਗਰੂਕ ਕਰਨ ਦਾ ਐਲਾਨ ਕੀਤਾ।ਅੱਜ ਇੱਥੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਫਿਰੋਜ਼ਪੁਰ ਅਤੇ ਕੇਵਲ ਸਿੰਘ ਕਪੂਰਥਲਾ ਨੇ ਆਖਿਆ ਕਿ ਜੇ ਦੀਵਾਲੀ ਤੋਂ ਪਹਿਲਾਂ ਹੁਣ ਤੱਕ ਬਣਦਾ ਮਹਿੰਗਾਈ ਭੱਤਾ 132 ਪ੍ਰਤੀਸ਼ਤ ਤੋਂ ਵਧਾ ਕੇ 139 ਪ੍ਰਤੀਸ਼ਤ ਨਾ ਕੀਤਾ ਅਤੇ 6 ਵੇਂ ਪੰਜਾਬ ਪੇਅ-ਕਮਿਸ਼ਨ ਤੋਂ ਰਿਪੋਰਟ ਲੈ ਕੇ ਲਾਗੂ ਨਾ ਕੀਤੀ ਤਾਂ 7 ਨੂੰ ਹੋ ਰਹੀ ਪਠਾਨਕੋਟ ਦੀ ਰੋਸ ਰੈਲੀ ਉਪਰੰਤ ਇਸ ਤੋਂ ਵੀ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਸਾਲਾਂ ਤੋਂ ਲਮਕਾ ਅਵਸਥਾ ਵਿਚ ਪਏ ਮੈਡੀਕਲ ਬਿਲਾਂ ਦੀ ਅਦਾਇਗੀ ਕੀਤੀ ਜਾਵੇ ਅਤੇ ਫਿਕਸ ਮੈਡੀਕਲ ਭੱਤਾ 2000/- ਰੁਪਏ, ਕੈਸ਼ਲੈਸ ਸਿਸਟਮ ਆਫ਼ ਟਰੀਟਮੈਂਟ ਨੂੰ ਮੁੜ ਲਾਗੂ ਕੀਤਾ ਜਾਵੇ।ਬਿਜਲੀ ਬੋਰਡ ਦੇ ਪੈਨਸ਼ਨਰਾਂ ਨੂੰ ਮੁਲਾਜਮਾਂ ਵਾਂਗ ਯੂਨਿਟਾਂ ਫਰੀ ਕੀਤੀਆਂ ਜਾਣ, ਨਗਰ ਪਾਲਿਕਾਵਾਂ ਨੂੰ ਵੀ ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਦੀਆਂ ਕਾਪੀਆਂ ਤੁਰੰਤ ਭੇਜੀਆਂ ਜਾਇਆ ਕਰਨ।ਪੁਲਿਸ ਦੇ ਪੈਨਸ਼ਨਰਾਂ ਨੂੰ ਸਾਬਕਾ ਫ਼ੌਜੀਆਂ ਵਾਂਗ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕੀਤੀ ਜਾਵੇ।
Punjab Post Daily Online Newspaper & Print Media