ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ ਬਿਊਰੋ) – ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਰਿਵਾਰ ਸਮੇਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ’ਤੇ ਦਮਦਮੀ ਟਕਸਾਲ ਦੇ ਮੁੱਖੀ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਨਿੱਘਾ ਸਵਾਗਤ ਕੀਤਾ ਹੈ।
ਦਮਦਮੀ ਟਕਸਾਲ ਮੁਖੀ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਤਿਹਾਸਕ ਫੇਰੀ ਰਾਹੀਂ ਸਿੱਖ ਧਰਮ ਪ੍ਰਤੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਆਉਣਾ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ।ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਦਾ ਕੈਨੇਡਾ ਦੇ ਵਿਕਾਸ ਵਿੱਚ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਕੈਨੇਡਾ ਅਤੇ ਕੈਨੇਡੀਅਨ ਸਰਕਾਰ ਵਿੱਚ ਸਿੱਖ ਭਾਈਚਾਰੇ ਨੂੰ ਅਤੇ ਮਿਲ ਰਹੇ ਮਾਣ ਅਤੇ ਯੋਗ ਨੁਮਾਇੰਦਗੀ ਲਈ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਉਹਨਾਂ ਕਿਹਾ ਕਿ ਜਸਟਿਨ ਟਰੂਡੋ ਦਾ ਸਿੱਖ ਭਾਈਚਾਰੇ ਪ੍ਰਤੀ ਹਮਦਰਦੀ ਅਤੇ ਝੁਕਾਅ ਸ਼ਲਾਘਾ ਯੋਗ ਹੈ।ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਸਰਕਾਰ ਵਲੋਂ ਕਾਮਾਕਾਟਾ ਮਾਰੂ ਕਾਂਡ ਲਈ ਸਿੱਖ ਪੰਥ ਤੋਂ ਮੁਆਫ਼ੀ ਮੰਗਣ, ਗੁਰੂ ਸਾਹਿਬਾਨ ਦੇ ਗੁਰਪੁਰਬ ਦਿਹਾੜੇ ਅਤੇ ਵਿਸਾਖੀ ਆਦਿ ਦਿਹਾੜਿਆਂ ’ਚ ਉਤਸ਼ਾਹ ਪੂਰਵਕ ਸ਼ਮੂਲੀਅਤ ਕਰਨ ਨਾਲ ਟਰੂਡੋ ਨੇ ਸਿੱਖਾਂ ਦੇ ਦਿਲਾਂ ਵਿੱਚ ਆਪਣੀ ਖਾਸ ਜਗਾ ਬਣਾ ਲਈ ਹੋਈ ਹੈ।ਉਹਨਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿੱਖ ਭਾਈਚਾਰੇ ਦਾ ਪ੍ਰਸੰਸਕ ਹਨ ਅਤੇ ਉਨ੍ਹਾਂ ਵੱਲ ਵੱਧ ਤੋਂ ਵੱਧ ਤਵੱਜੋਂ ਦੇ ਰਹੇ ਹਨ।ਜਸਟਿਨ ਟਰੂਡੋ ਦਾ ਸਿੱਖ ਕੌਮ ਦੇ ਗੌਰਵਮਈ ਇਤਿਹਾਸ, ਮਹਾਨ ਰਵਾਇਤਾਂ, ਪਰੰਪਰਾਵਾਂ ਅਤੇ ਮਨੁੱਖਤਾਵਾਦੀ ਸਿਧਾਂਤ ਤੋਂ ਬਹੁਤ ਪ੍ਰਭਾਵਿਤ ਹੋਣ ਨਾਲ ਕੈਨੇਡਾ ਅਤੇ ਸਿੱਖ ਭਾਈਚਾਰਕ ਰਿਸ਼ਤਿਆਂ ’ਚ ਹੋਰ ਮਜ਼ਬੂਤੀ ਮਿਲੇਗੀ।ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਪ੍ਰਤੀ ਉਸਾਰੂ ਸੋਚ ਅਤੇ ਮੋਹ ਭਰਿਆ ਰਿਸ਼ਤਿਆਂ ਸਦਕਾ ਜਸਟਿਨ ਟਰੂਡੋ ਨੇ ਸਿੱਖ ਹਿਰਦਿਆਂ ’ਚ ਮਜ਼ਬੂਤ ਜਗਾ ਬਣਾਈ ਹੈ।ਦਮਦਮੀ ਟਕਸਾਲ ਮੁਖੀ ਨੇ ਜਸਟਿਨ ਟਰੂਡੋ ਨਾਲ ਆਏ ਉਹਨਾਂ ਦੀ ਪਤਨੀ ਸ੍ਰੀਮਤੀ ਸੋਫ਼ੀ ਗ੍ਰੇਗੋਇਰ, ਬੇਟਾ ਜੋਵੀਅਰ ਜੇਮਜ, ਹਾਰਡੀਅਨ, ਬੇਟੀ ਏਲਾ ਗ੍ਰੇਟਸ ਮਾਰਗਰੇਟ ਦਾ ਵੀ ਭਰਪੂਰ ਸਵਾਗਤ ਕੀਤਾ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …