Monday, October 12, 2026

ਪੁਸਤਕਾਂ ਤਲੱਖੀ ਭਰੀ ਜੀਵਨ ਸ਼ੈਲੀ `ਚ ਲਿਆਉਂਦੀਆਂ ਹਨ ਸਹਿਜਤਾ – ਦੀਪ ਦਵਿੰਦਰ

ਜਿਲ੍ਹਾ ਲਾਇਬ੍ਰੇਰੀ ’ਚ ਮਨਾਇਆ ਕੌਮਾਂਤਰੀ ਪੁਸਤਕ ਦਿਵਸ

PPN2304201806ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – 23 ਅਪ੍ਰੈਲ ਨੂੰ ਮਨਾਏ ਜਾਣ ਵਾਲੇ ਕੌਮਾਂਤਰੀ ਪੁਸਤਕ ਦਿਵਸ ਮੌਕੇ ਕਾਮਰੇਡ ਸੋਹਨ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ ਵਿਖੇ ਲਾਇਬ੍ਰੇਰੀਅਨ ਪ੍ਰਭਜੋਤ ਕੌਰ ਸੰਧੂ ਦੀ ਪਹਿਲ ਕਦਮੀ ਨਾਲ ਰਚਾਏ ਗਏ ਸਮਾਗਮ ’ਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਸ਼ਮੂਲੀਅਤ ਕੀਤੀ। ਬੱਚਿਆਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਨੇ ਪੁਸਤਕਾਂ ਦੀ ਮਨੁੱਖੀ ਜੀਵਨ ਵਿੱਚ ਮਹੱਤਤਾ ਦੱੱਸਦਿਆਂ ਕਿਹਾ ਕਿ ਅਜੋਕੀ ਨੱਠ-ਭੱਜ ਅਤੇ ਤਲੱਖੀ ਭਰੀ ਜੀਵਨ ਸ਼ੈਲੀ ਵਿੱਚ ਪੁਸਤਕਾਂ ਹੀ ਸਹਿਜਤਾ ਲਿਆਉਣ ਵਿੱਚ ਸਹਾਈ ਹੁੰਦੀਆਂ ਹਨ, ਜਿਹੜੀਆਂ ਮਨੁੱਖ ਦੀਆਂ ਔਖ-ਸੌਖ ਵੇਲੇ ਦੀਆਂ ਸੱਚੀਆਂ ਮਿੱਤਰ ਬਣ ਕੇ ਜ਼ਿੰਦਗੀ ਭਰ ਟੁੱਟਣੋ-ਖਿਲਰਣੋ ਬਚਾਉਂਦੀਆਂ ਹਨ।ਸ਼ਾਇਰ ਮਲਵਿੰਦਰ ਨੇ ਕਿਹਾ ਕਿ ਪੁਸਤਕਾਂ ਜਿੱਥੇ ਮਨੁੱਖ ਦੇ ਗਿਆਨ ਵਿੱਚ ਵਾਧਾ ਕਰਦੀਆਂ ਹਨ, ਉਥੇ ਇਨਸਾਨ ਬਹੁਮੁੱਲੀਆਂ ਮਾਨਵੀ ਕਦਰਾਂ-ਕੀਮਤਾਂ ਵੀ ਗ੍ਰਹਿਣ ਕਰਦਾ ਹੈ।ਉਨ੍ਹਾਂ ਘਰਾਂ ਅੰਦਰ ਥੋੜੀ ਜਗ੍ਹਾ ਪੁਸਤਕਾਂ ਲਈ ਵੀ ਰਾਖਵੀਂ ਕਰਨ `ਤੇ ਜ਼ੋਰ ਦਿੱਤਾ।  ਲਾਇਬ੍ਰੇਰੀ ਦੇ ਪਾਠਕ ਨਵੀਨ, ਸਹਿਜਦੀਪ ਸਿੰਘ, ਜਗਦੀਪ ਸਿੰਘ, ਗੁਰਚੇਤਨ, ਜੋਬਨਦੀਪ ਕੌਰ ਆਦਿ ਤੋਂ ਇਲਾਵਾ ਵੱਖ-ਵੱਖ ਸਕੂਲੀ ਬੱਚੇ, ਉਨ੍ਹਾਂ ਦੇ ਅਧਿਆਪਕ ਅਤੇ ਲਾਇਬ੍ਰੇਰੀ ਸਟਾਫ ਹਾਜ਼ਰ ਸੀ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply