ਅੰਮ੍ਰਿਤਸਰ 12 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਮਰੀਕਾ ਦੇ ਸ਼ਹਿਰ ਯੂਬਾਸਿਟੀ ਅਤੇ ਇਸ ਦੇ ਨੇੜਲੇ ਮੁਲਕਾਂ ਵਿੱਚ ਨਸਲੀ ਹਮਲਿਆਂ ਨੂੰ ਰੋਕਣ ਅਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਜਲਦ ਹੀ ਗਲੋਬਲ ਸਿੱਖ ਮਿਸ਼ਨ ਕੇਂਦਰ ਸਥਾਪਿਤ ਕੀਤਾ ਜਾਵੇਗਾ।
ਦਫ਼ਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈੱਸ ਨੋਟ ‘ਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਸ ਕਦਮ ਨਾਲ ਸਿੱਖੀ ਦੀ ਪਛਾਣ ਸਬੰਧੀ ਭੁਲੇਖੇ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਸਾਨੂੰ ਐਨ.ਓ.ਸੀ. (ਕੋਈ ਇਤਰਾਜ਼ ਨਹੀਂ ਸਰਟੀਫਿਕੇਟ) ਮਿਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਗਜੀ ਕਾਰਵਾਈ ਤਕਰੀਬਨ ਮੁਕੰਮਲ ਹੋ ਚੁੱਕੀ ਹੈ ਤੇ ਜਲਦੀ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਗਲੋਬਲ ਸਿੱਖ ਮਿਸ਼ਨ ਕੇਂਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਦੇ ਕੇਂਦਰ ਵਿੱਚ ਇੱਕ ਗੁਰਦੁਆਰਾ ਸਾਹਿਬ ਹੋਵੇਗਾ, ਜਿਥੋਂ ਸਿੱਖ ਧਰਮ ਬਾਰੇ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਪੱਤਰ ਵਿਹਾਰ ਕੋਰਸ ਕਰਵਾਇਆ ਜਾਵੇਗਾ ਅਤੇ ਸੈਮੀਨਾਰ ਕਰਵਾ ਕੇ ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਬਾਰੇ ਜਾਣਕਾਰੀ ਤੋਂ ਇਲਾਵਾ ਦਸਤਾਰ ਸਜਾਉਣ ਬਾਰੇ ਸਿਖਲਾਈ ਦਿੱਤੀ ਜਾਵੇਗੀ। ਸਿੱਖ ਮਿਸ਼ਨ ਕੇਂਦਰ ਵਿੱਚ ਵਿਦੇਸ਼ ਵੱਸਦੇ ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਲਈ ਸ਼੍ਰੋਮਣੀ ਕਮੇਟੀ ਨੂੰ 13 ਏਕੜ ਜ਼ਮੀਨ ਮਿਲੀ ਹੈ ਜੋ ਕੈਲੀਫੋਰਨੀਆਂ ਵਾਸੀ ਦੀਦਾਰ ਸਿੰਘ ਬੈਂਸ ਵੱਲੋਂ ਭੇਟ ਕੀਤੀ ਗਈ ਹੈ। ਗਲੋਬਲ ਸਿੱਖ ਮਿਸ਼ਨ ਨੂੰ ਚਲਾਉਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਕਮੇਟੀ ਦੀ ਸਥਾਪਨਾ ਕੀਤੀ ਗਈ ਹੈ ਜੋ ਜਲਦੀ ਇਸ ਨੂੰ ਮੁਕੰਮਲ ਰੂਪ ਦੇਣ ਲਈ ਆਪਣੀ ਕਾਰਵਾਈ ਅਰੰਭੇਗੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …