ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸਥਾਨਕ ਸ੍ਰੀ ਗੁਰੂ ਰਾਮ ਦਾਸ ਹਵਾਈ ਅੱਡਾ, ਜਿਥੋਂ ਕਿ ਅੰਤਰਰਾਸ਼ਟਰੀ ਹਵਾਈ ਉਡਾਨਾਂ ਵੱਖ-ਵੱਖ ਦੇਸ਼ਾਂ ਨੂੰ ਜਾ ਰਹੀਆਂ ਹਨ, ਤੋਂ ਕਾਰਗੋ ਵਪਾਰ ਵਧਾਉਣ ਦੇ ਮਨਸ਼ੇ ਨਾਲ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਅੱਜ ਏਅਰਪੋਰਟ ਅਥਾਰਟੀ ਆਫ ਇੰਡੀਆ, ਪੰਜਾਬ ਵੇਅਰ ਹਾੳੂਸ ਕਰਾਪੋਰੇਸ਼ਨ ਅਤੇ ਏਅਰ ਕਾਰਗੋ ਲਾਜੀਸਟਿਕ ਐਂਡ ਅਲਾਂਇੰਡ ਸਰਵਿਸ ਕੰਪਨੀ ਲਿਮਟਿਡ ਵੱਲੋਂ ਸਾਰੀਆਂ ਧਿਰਾਂ, ਜਿਸ ਵਿੱਚ ਨਿਰਯਾਤਕਾਰ, ਵਪਾਰੀ, ਕਸਟਮ, ਹਵਾਈ ਜਹਾਜ਼ ਕੰਪਨੀਆਂ ਦੇ ਨੁਾਮਇੰਦੇ ਆਦਿ ਸ਼ਾਮਿਲ ਸਨ, ਦੀ ਸਾਂਝੀ ਮੀਟਿੰਗ ਹੋਈ।ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮੀਟਿੰਗ ਦਾ ਮੁੱਖ ਉਦੇਸ਼ ਅੰਮਿ੍ਰਤਸਰ ਹਵਾਈ ਅੱਡੇ ਤੋਂ ਕਾਰਗੋ ਵਪਾਰ ਨੂੰ ਵਧਾਉਣਾ ਹੈ ਅਤੇ ਜਿਲ੍ਹਾ ਪ੍ਰਾਸ਼ਸਨ ਦੇ ਨਾਲ-ਨਾਲ ਪੰਜਾਬ ਸਰਕਾਰ ਦੀ ਤਰਫੋਂ ਅਸੀਂ ਇਸ ਲਈ ਹਰ ਤਰਾਂ ਦੀ ਸਹਾਇਤਾ ਕਰਨ ਲਈ ਤਿਆਰ ਹਾਂ।ਉਨਾਂ ਕਿਹਾ ਕਿ ਕਾਰਗੋ ਵਪਾਰ ਵਧਣ ਨਾਲ ਜਿੱਥੇ ਅੰਮਿ੍ਰਤਸਰ ਹਵਾਈ ਅੱਡੇ ਤੋਂ ਹੋਰ ਵਿਦੇਸ਼ੀ ਉਡਾਨਾਂ ਲਈ ਰਾਹ ਖੁੱਲਣਗੇ, ਉਥੇ ਇਸ ਇਲਾਕੇ ਦੇ ਕਿਸਾਨ ਤੇ ਵਪਾਰੀ ਖੁਸ਼ਹਾਲ ਹੋਣਗੇ ਤੇ ਖਿੱਤੇ ਵਿਚ ਰੋਜ਼ਗਾਰ ਦੇ ਮੌਕੇ ਵੱਧਣਗੇ।ਉਨਾਂ ਕਿਹਾ ਕਿ ਸਮੁੰਦਰੀ ਬੰਦਰਗਾਹ ਤੋਂ ਦੂਰ ਹੋਣ ਕਾਰਨ ਸਾਡੇ ਲਈ ਅੰਤਰਰਾਸ਼ਟਰੀ ਵਪਾਰ ਵਾਸਤੇ ਏਅਰ ਕਾਰਗੋ ਤੋਂ ਵਧੀਆ ਕੋਈ ਹੋਰ ਸਾਧਨ ਨਹੀਂ, ਇਸ ਲਈ ਜ਼ਰੂਰੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਨੂੰ ਸਸਤਾ ਤੇ ਅਸਾਨ ਬਣਾਇਆ ਜਾਵੇ।
ਡਾਇਰੈਕਟਰ ਏਅਰਪੋਰਟ ਸ੍ਰੀ ਮਨੋਜ ਚਾਂਸੂਰੀਆ ਨੇ ਇਸ ਮੌਕੇ ਦੱਸਿਆ ਕਿ ਅੰਮ੍ਰਿਤਸਰ ਹਵਾਈ ਅੱਡੇ ’ਤੇ ਕਾਰਗੋ ਵਪਾਰ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਸਥਾਨਕ ਵਪਾਰੀ ਤੇ ਨਿਰਯਾਤਕਾਰ ਜੇਕਰ ਦਿੱਲੀ ਦੇ ਰਸਤੇ ਦੀ ਥਾਂ ਅੰਮ੍ਰਿਤਸਰ ਤੋਂ ਹਵਾਈ ਰਸਤੇ ਵਪਾਰ ਕਰਨਾ ਸ਼ੁਰੂ ਕਰਨ ਤਾਂ ਇਹ ਸਸਤਾ, ਅਸਾਨ ਤੇ ਛੇਤੀ ਹੋ ਸਕਣ ਵਾਲਾ ਸਾਧਨ ਬਣ ਜਾਵੇਗਾ।ਉਨਾਂ ਸਾਰੇ ਨਿਰਯਾਤਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਇਕ ਵਾਰ ਇਸ ਰਸਤੇ ਤੋਂ ਵਪਾਰ ਸ਼ੁਰੂ ਕਰਨ ਤਾਂ ਆਉਣ ਵਾਲੀ ਹਰ ਮੁਸ਼ਕਿਲ ਨੂੰ ਦੂਰ ਕਰ ਦਿੱਤਾ ਜਾਵੇਗਾ।
ਏਅਰ ਕਾਰਗੋ ਲਾਜੀਸਟਿਕ ਐਂਡ ਅਲਾਇਡ ਸਰਵਿਸ ਕੰਪਨੀ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇਕੂ ਗਜਦੇਰ ਨੇ ਸਬਜ਼ੀਆਂ ਤੇ ਹੋਰ ਪਦਾਰਥਾਂ ਦੀ ਗੁਣਵਤਾ ਦੀ ਜਾਂਚ ਲਈ ਹਵਾਈ ਅੱਡੇ ’ਤੇ ਥਾਂ ਦੇਣ ਦਾ ਐਲਾਨ ਕਰਦੇ ਕਿਹਾ ਕਿ ਇੰਨਾਂ ਵਸਤਾਂ ਦੀ ਗੁਣਵੱਤਾ ਰਿਪੋਰਟ ’ਤੇ ਲੱਗਦਾ ਸਮਾਂ ਇਸ ਲੈਬਾਰਟਰੀ ਦੇ ਬਣਨ ਨਾਲ ਘੱਟ ਹੋ ਸਕਦਾ ਹੈ ਅਤੇ ਇਥੋਂ ਮੱਧ ਏਸ਼ੀਆ, ਲੰਡਨ, ਆਸਟਰੇਲੀਆ ਆਦਿ ਦੇਸ਼ਾਂ ਨੂੰ ਵਧੀਆ ਸਬਜੀਆਂ ਸਸਤੇ ਮੁੱਲ ’ਤੇ ਭੇਜੀਆਂ ਜਾ ਸਕਦੀਆਂ ਹਨ। ੁਜਆਇੰਟ ਕਮਿਸ਼ਨਰ ਕਸਟਮ ਅਰਵਿੰਦ ਕੁਮਾਰ ਨੇ ਆਪਣੇ ਵਿਭਾਗ ਵੱਲੋਂ ਨਿਰਯਾਤਕਾਰਾਂ ਨੂੰ ਪੇਸ਼ ਆਉਂਦੀਆਂ ਮੁਸ਼ਿਕਲਾਂ ਦੇ ਹਰ ਸੰਭਵ ਹੱਲ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਅਸੀਂ ਕੇਵਲ ਹਵਾਈ ਅੱਡੇ ’ਤੇ ਤੁਹਾਡਾ ਸਾਥ ਨਹੀਂ ਦੇਵਾਂਗੇ, ਬਲਕਿ ਨਵੇਂ ਨਿਰਯਾਤਕਾਰ ਦਾ ਮਾਰਗ ਦਰਸ਼ਕ ਵੀ ਬਣਨ ਲਈ ਤਿਆਰ ਹਾਂ, ਤਾਂ ਜੋ ਦੇਸ਼ ਦਾ ਵਿਦੇਸ਼ੀ ਵਪਾਰ ਵੱਧ ਸਕੇ।
ਆਏ ਵੱਖ-ਵੱਖ ਵਪਾਰੀਆਂ ਤੇ ਕਿਸਾਨਾਂ ਨੇ ਅੰਤਰਰਾਸ਼ਟਰੀ ਵਪਾਰ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦੇ ਸਹਿਯੋਗ ਤੇ ਸਹੂਲਤਾਂ ਦੀ ਮੰਗ ਵੀ ਕੀਤੀ, ਜਿਸ ਦੇ ਹੱਲ ਕੱਢਣ ਲਈ ਕੇਕੂ ਗਜੇਂਦਰ ਨੇ ਇਸ ਮੁੱਦੇ ’ਤੇ ਹਰ ਮਹੀਨੇ ਮੀਟਿੰਗ ਕਰਨ ਦਾ ਸੁਝਾਅ ਦਿੱਤਾ, ਜਿਸ ਦਾ ਸਾਰੀਆਂ ਧਿਰਾਂ ਨੇ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਰਵਿੰਦਰ ਸਿੰਘ, ਪੰਜਾਬ ਸਟੇਟ ਵੇਅਰ ਹਾੳੂਸ ਕਾਰਪੋਰੇਸ਼ਨ ਦੇ ਅਧਿਕਾਰੀ ਐਚ. ਐਸ ਬਰਾੜ, ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੇ ਅਧਿਕਾਰੀ ਰਣਬੀਰ ਸਿੰਘ, ਅਗਾਂਹਵਧੂ ਕਿਸਾਨ ਆਰ.ਪੀ ਐਸ ਧਾਲੀਵਾਲ ਤੇ ਹੋਰ ਨਿਰਯਾਤਕਾਰ ਹਾਜ਼ਰ ਸਨ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media